ਜਲੰਧਰ ਬੈਂਕ ਲੁੱਟ ਕਾਂਡ ਸੁਲਝਿਆ; ਰਿਟਾਇਰਡ DSP ਦਾ ਪੁੱਤ ਨਿਕਲਿਆ ਲੁਟੇਰਾ; ਨਸ਼ੇ ਦੀ ਪੂਰਤੀ ਲਈ ਦਿੱਤਾ ਵਾਰਦਾਤ ਨੂੰ ਅੰਜਾਮ
Babushahi Network
ਜਲੰਧਰ, 7 ਅਪ੍ਰੈਲ 2026: ਜਲੰਧਰ ਪੁਲਿਸ ਨੇ ਚਿੱਟੇ ਦਿਨ ਬੈਂਕ ਵਿੱਚ ਹੋਈ ਲੁੱਟ ਦੀ ਗੁੱਥੀ ਨੂੰ ਸੁਲਝਾਉਂਦਿਆਂ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਸਿਮਰਨਜੀਤ ਸਿੰਘ ਵਜੋਂ ਹੋਈ ਹੈ, ਜੋ ਇੱਕ ਸਵਰਗਵਾਸੀ ਰਿਟਾਇਰਡ ਡੀਐਸਪੀ (DSP) ਦਾ ਪੁੱਤਰ ਹੈ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਸਿਮਰਨਜੀਤ ਸਿੰਘ ਨਸ਼ਿਆਂ ਦਾ ਆਦੀ ਹੋ ਗਿਆ ਸੀ। ਆਪਣੇ ਸਾਥੀਆਂ ਨਾਲ ਮਿਲ ਕੇ ਉਹ ਨਾ ਸਿਰਫ਼ ਨਸ਼ਾ ਕਰਨ ਲੱਗਾ, ਸਗੋਂ ਨਸ਼ਾ ਵੇਚਣ ਦੇ ਕਾਰੋਬਾਰ ਵਿੱਚ ਵੀ ਪੈ ਗਿਆ। ਨਸ਼ੇ ਦੀ ਇਸੇ ਲੋੜ ਅਤੇ ਪੈਸਿਆਂ ਦੀ ਲਾਲਸਾ ਕਾਰਨ ਉਸ ਨੇ ਬੈਂਕ ਲੁੱਟਣ ਦੀ ਯੋਜਨਾ ਬਣਾਈ ਸੀ।
ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤਿਆ ਗਿਆ ਰਿਵਾਲਵਰ, ਤਿੰਨ ਜ਼ਿੰਦਾ ਕਾਰਤੂਸ ਅਤੇ ਲੁੱਟੀ ਗਈ ਨਕਦੀ ਦਾ ਇੱਕ ਹਿੱਸਾ ਬਰਾਮਦ ਕਰ ਲਿਆ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਵਾਰਦਾਤ ਵਿੱਚ ਵਰਤਿਆ ਗਿਆ ਪਿਸਤੌਲ ਕਿਸ ਦਾ ਹੈ ਅਤੇ ਇਹ ਮੁਲਜ਼ਮ ਕੋਲ ਕਿੱਥੋਂ ਆਇਆ।
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ 6 ਅਪ੍ਰੈਲ 2026 ਨੂੰ ਦੁਪਹਿਰ ਕਰੀਬ 2:35 ਵਜੇ ਦੋ ਨਕਾਬਪੋਸ਼ ਨੌਜਵਾਨਾਂ ਨੇ ਹਥਿਆਰਾਂ ਦੇ ਜ਼ੋਰ 'ਤੇ ਬੈਂਕ ਵਿੱਚ ਲੁੱਟ ਕੀਤੀ ਸੀ। ਬੈਂਕ ਕਰਮਚਾਰੀ ਵਿਕਰਮ ਭਗਤ ਦੇ ਬਿਆਨਾਂ 'ਤੇ ਥਾਣਾ ਡਿਵੀਜ਼ਨ ਨੰਬਰ 7 ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।
ਗ੍ਰਿਫ਼ਤਾਰ ਕੀਤਾ ਗਿਆ ਸਿਮਰਨਜੀਤ ਸਿੰਘ ਉਰਫ਼ ਅਮਰੀਕ ਸਿੰਘ (ਨਿਵਾਸੀ ਗ੍ਰੀਨ ਮਾਡਲ ਟਾਊਨ, ਜਲੰਧਰ) ਪਹਿਲਾਂ ਵੀ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਹੈ। ਉਸ ਖ਼ਿਲਾਫ਼ ਪਹਿਲਾਂ ਹੀ ਧੋਖਾਧੜੀ ਅਤੇ NDPS ਐਕਟ (ਨਸ਼ਾ ਤਸਕਰੀ) ਦੇ ਤਹਿਤ ਦੋ ਮਾਮਲੇ ਦਰਜ ਹਨ। CP ਨੇ ਦੱਸਿਆ ਕਿ ਸਿਮਰਨਜੀਤ ਦਾ ਦੂਜਾ ਸਾਥੀ ਅਜੇ ਫ਼ਰਾਰ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
Click to Follow Babushahi Facebook page →