ਨਸ਼ੇ ਨੇ ਉਜਾੜਿਆ ਇੱਕ ਹੋਰ ਘਰ — ਪੰਜਵੇਂ ਪੁੱਤ ਦੀ ਵੀ ਮੌਤ, ਸੁਲਤਾਨਪੁਰ ਲੋਧੀ ਵਿੱਚ ਸੋਗ ਦੀ ਲਹਿਰ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ : ਕਪੂਰਥਲਾ ਦੇ ਸੁਲਤਾਨਪੁਰ ਲੋਧੀ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਸ਼ੇ ਦੀ ਲਾਣਤ ਨੇ ਇੱਕ ਮਾਂ ਦੇ ਪੰਜਾਂ ਪੁੱਤਾਂ ਨੂੰ ਨਿਗਲ ਲਿਆ। ਪਹਿਲਾਂ ਹੀ ਚਾਰ ਪੁੱਤ ਨਸ਼ੇ ਦੀ ਭੇਂਟ ਚੜ੍ਹ ਚੁੱਕੇ ਸਨ, ਅਤੇ ਹੁਣ ਪੰਜਵੇਂ ਪੁੱਤ ਦੀ ਵੀ ਅੱਜ ਮੌਤ ਹੋਣ ਦੀ ਪੁਸ਼ਟੀ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਜਦੋਂ ਇਸ ਮਾਮਲੇ ਨੇ ਮੀਡੀਆ ਵਿੱਚ ਜਗ੍ਹਾ ਬਣਾਈ, ਤਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਨੌਜਵਾਨ ਨੂੰ ਸੁਲਤਾਨਪੁਰ ਲੋਧੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਸਨੂੰ ਅੰਮ੍ਰਿਤਸਰ ਦੇ ਹਸਪਤਾਲ ਰੈਫਰ ਕੀਤਾ ਗਿਆ ਸੀ, ਜਿੱਥੇ ਅੱਜ ਉਸ ਨੇ ਆਖ਼ਰੀ ਸਾਹ ਲਿਆ।
ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ—ਜਿਸ ਨੇ ਆਪਣੇ ਅੱਖਾਂ ਦੇ ਸਾਹਮਣੇ ਆਪਣੇ ਸਾਰੇ ਪੁੱਤ ਗਵਾ ਦਿੱਤੇ। ਘਰ ਵਿੱਚ ਹੁਣ ਸਿਰਫ਼ ਇੱਕ ਛੋਟਾ ਜਿਹਾ ਪੋਤਰਾ ਹੀ ਬਚਿਆ ਹੈ। ਮ੍ਰਿਤਕ ਦੇ ਪਿੱਛੇ ਉਸ ਦੀ ਪਤਨੀ ਅਤੇ ਦੋ ਨਿੱਕੇ-ਨਿੱਕੇ ਬੱਚੇ ਹਨ, ਜੋ ਹੁਣ ਬਿਨਾ ਸਹਾਰੇ ਦੇ ਰਹਿ ਗਏ ਹਨ।
ਮਾਂ ਦੀ ਦਰਦ ਭਰੀ ਅਪੀਲ: “ਮੇਰੇ ਪੰਜੇ ਪੁੱਤ ਨਸ਼ੇ ਨੇ ਖਾ ਲਏ… ਹੁਣ ਕਿਸੇ ਹੋਰ ਮਾਂ ਦਾ ਘਰ ਨਾ ਉਜੜੇ। ਨਸ਼ਾ ਤਸਕਰਾਂ ਖ਼ਿਲਾਫ਼ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ।”
ਇਹ ਮਾਮਲਾ ਇੱਕ ਵੱਡਾ ਸਵਾਲ ਖੜ੍ਹਾ ਕਰਦਾ ਹੈ —
ਕੀ ਪ੍ਰਸ਼ਾਸਨ ਸਿਰਫ਼ ਖ਼ਬਰਾਂ ਤੋਂ ਬਾਅਦ ਹੀ ਜਾਗਦਾ ਹੈ?
ਨਸ਼ੇ ਦੇ ਵਪਾਰ ਨੂੰ ਕਦੋਂ ਲੱਗੇਗੀ ਲੱਗਾਮ?
ਇਹ ਸਿਰਫ਼ ਇੱਕ ਪਰਿਵਾਰ ਦੀ ਕਹਾਣੀ ਨਹੀਂ, ਇਹ ਪੰਜਾਬ ਵਿੱਚ ਫੈਲ ਰਹੀ ਨਸ਼ੇ ਦੀ ਲਾਣਤ ਦੀ ਹਕੀਕਤ ਹੈ, ਜੋ ਹਰ ਰੋਜ਼ ਕਿਸੇ ਨਾ ਕਿਸੇ ਘਰ ਨੂੰ ਉਜਾੜ ਰਹੀ ਹੈ।
Click to Follow Babushahi Facebook Page →