ਸਰੀ ਕ੍ਰਿਸਚੀਅਨ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਨਤਮਸਤਕ ਹੋਏ
ਹਰਦਮ ਮਾਨ
ਸਰੀ, 6 ਅਪ੍ਰੈਲ 2026- ਸਰੀ ਕ੍ਰਿਸਚੀਅਨ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਅਧਿਆਪਕ ਕਾਰਲੋਸ ਐਲਵੈਰੋ ਦੀ ਅਗਵਾਈ ਹੇਠ ਬੀਤੇ ਦਿਨ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਨਤਮਸਤਕ ਹੋ ਕੇ ਸਿੱਖ ਧਰਮ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਗੁਰਦੁਆਰਾ ਸਾਹਿਬ ਪਹੁੰਚਣ ’ਤੇ ਵਿਦਿਆਰਥੀਆਂ ਨੇ ਮਰਿਆਦਾ ਅਨੁਸਾਰ ਸਿਰ ਢਕਿਆ ਅਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਤੀਜੀ ਮੰਜ਼ਿਲ 'ਤੇ ਸਥਿਤ ਗੈਲਰੀ ਹਾਲ ਵਿਖੇ ਲਿਜਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਸੁਨਹਿਰੀ ਇਤਿਹਾਸ, ਕੈਨੇਡਾ ਵਿੱਚ ਵਸ ਰਹੀ ਸਿੱਖ ਸੰਗਤ ਦੇ ਯੋਗਦਾਨ ਅਤੇ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਨਾਲ ਸਬੰਧਿਤ ਜਾਣਕਾਰੀ ਭਰਪੂਰ ਸਾਹਿਤ ਵੀ ਵੰਡਿਆ ਗਿਆ।
ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਉਤਸੁਕਤਾ ਨਾਲ ਸਿੱਖ ਧਰਮ ਦੇ ਮੂਲ ਸਿਧਾਂਤਾਂ - ਸਾਂਝੀਵਾਲਤਾ, ਵਿਤਕਰੇ ਤੋਂ ਰਹਿਤ 'ਸਾਂਝਾ ਲੰਗਰ', ਖੰਡੇ ਦੀ ਮਹੱਤਤਾ ਅਤੇ 'ਦੇਗ ਤੇਗ ਫ਼ਤਿਹ' ਦੇ ਫਲਸਫੇ ਨੂੰ ਸਮਝਿਆ। ਇਸ ਉਪਰੰਤ ਵਿਦਿਆਰਥੀਆਂ ਨੇ ਮੁੱਖ ਦਰਬਾਰ ਹਾਲ ਵਿੱਚ ਹਾਜ਼ਰੀ ਭਰੀ ਅਤੇ ਅੰਤ ਵਿੱਚ ਲੰਗਰ ਛਕ ਕੇ ਸਕੂਲ ਲਈ ਰਵਾਨਾ ਹੋਏ।
Click to Follow Babushahi Facebook Page →