ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ: ਫਰਾਰ ਦੋਸ਼ੀ ਸਮੇਤ ਦੋ ਨੌਜਵਾਨ ਨਜਾਇਜ਼ ਅਸਲੇ ਨਾਲ ਗ੍ਰਿਫਤਾਰ
ਸੁਖਮਿੰਦਰ ਭੰਗੂ
ਲੁਧਿਆਣਾ, 3 ਅਪ੍ਰੈਲ 2026
ਕਮਿਸ਼ਨਰ ਪੁਲਿਸ ਦੇ ਸਖ਼ਤ ਹੁਕਮਾਂ ਹੇਠ ਲੁਧਿਆਣਾ ਪੁਲਿਸ ਨੇ ਨਜਾਇਜ਼ ਅਸਲੇ ਖ਼ਿਲਾਫ਼ ਮੁਹਿੰਮ ਤਹਿਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਵੱਲੋਂ ਕੀਤੀ ਕਾਰਵਾਈ ਦੌਰਾਨ ਇੱਕ ਫਰਾਰ ਦੋਸ਼ੀ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੇਸੀ ਕੱਟੇ ਬਰਾਮਦ ਕੀਤੇ ਗਏ ਹਨ।
ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਇੰਸਪੈਕਟਰ ਵਰਿੰਦਰਪਾਲ ਸਿੰਘ ਉੱਪਲ ਦੀ ਅਗਵਾਈ ਹੇਠ ਟੀਮ ਨੇ 31 ਮਾਰਚ 2026 ਨੂੰ ਰਾਜਾ ਕੁਮਾਰ ਉਰਫ ਸੇਦ ਉਰਫ ਰਜਤ ਵਾਸੀ ਬਿਹਾਰ (ਹਾਲ ਵਾਸੀ ਲੁਧਿਆਣਾ) ਨੂੰ ਕਾਬੂ ਕੀਤਾ। ਦੋਸ਼ੀ ਲੰਮੇ ਸਮੇਂ ਤੋਂ ਇੱਕ ਮਾਮਲੇ ਵਿੱਚ ਫਰਾਰ ਚੱਲ ਰਿਹਾ ਸੀ। ਪੁਲਿਸ ਨੇ ਉਸਦੇ ਪਾਸੋਂ ਇੱਕ ਦੇਸੀ ਕੱਟਾ .315 ਬੋਰ ਬਰਾਮਦ ਕੀਤਾ।
ਇਸੇ ਤਰ੍ਹਾਂ 2 ਅਪ੍ਰੈਲ 2026 ਨੂੰ ਮੁੱਖਬਰ ਦੀ ਸੂਚਨਾ ‘ਤੇ ਕਾਰਵਾਈ ਕਰਦਿਆਂ ਮਨਤੋਸ ਕੁਮਾਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਜੋ ਕਿ ਲੁਧਿਆਣਾ ਦੇ ਜਸਪਾਲ ਬਾਂਗਰ ਇਲਾਕੇ ਵਿੱਚ ਰਹਿੰਦਾ ਸੀ। ਉਸਦੇ ਕਬਜ਼ੇ ਵਿੱਚੋਂ ਵੀ ਇੱਕ ਦੇਸੀ ਕੱਟਾ .315 ਬੋਰ ਬਰਾਮਦ ਹੋਇਆ। ਇਸ ਸਬੰਧੀ ਥਾਣਾ ਸਾਹਨੇਵਾਲ ਵਿੱਚ Arms Act ਅਧੀਨ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੇ ਦੋਹਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਅਪਰਾਧ ‘ਤੇ ਨਕੇਲ ਪਾਉਣ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ।
Click to Follow Babushahi Facebook Page →