ਪ੍ਰੀ-ਐਸ.ਆਈ.ਆਰ: ਵੋਟਰ ਲਿਸਟਾਂ 2003 ਚੋਂ 73.49 ਫੀਸਦੀ ਲੋਕਾਂ ਦੀ ਮੈਪਿੰਗ- ਜ਼ਿਲ੍ਹਾ ਚੋਣ ਅਧਿਕਾਰੀ
ਸ਼ਹਿਰੀ ਵੋਟਰਾਂ ਨੂੰ ਆਪਣਾ ਡਾਟਾ ਅੰਕਿਤ ਕਰਵਾਉਣ ਅਤੇ ਸੰਬੰਧਿਤ ਬੀ.ਐਲ.ਓ ਨਾਲ ਸੰਪਰਕ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 3 ਅਪ੍ਰੈਲ 2026:ਪ੍ਰੀ-ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਤਹਿਤ, ਬਠਿੰਡਾ ਚੋਣ ਵਿਭਾਗ 2003 ਵੋਟਰ ਲਿਸਟਾਂ ਚ ਮੌਜੂਦ ਵੋਟਰਾਂ ਦੇ ਡਾਟਾ ਦੀ ਮੈਪਿੰਗ ਪੂਰਨ ਕਰ ਲਈ ਗਈ ਹੈ। ਜ਼ਿਲ੍ਹਾ ਬਠਿੰਡਾ ਵਿੱਚ 73.49 ਫੀਸਦੀ ਵੋਟਰ ਮੈਪ ਕਰ ਲਏ ਗਏ ਹਨ, ਜਦਕਿ ਬਾਕੀ ਵੋਟਰਾਂ ਦੇ ਅੰਕਨ ਦਾ ਕੰਮ ਜਾਰੀ ਹੈ।
ਸ੍ਰੀ ਰਾਜੇਸ਼ ਧੀਮਾਨ, ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਨੇ ਪ੍ਰੀ-ਐਸ.ਆਈ.ਆਰ ਦੇ ਕੰਮ ਦੀ ਸਮੀਖਿਆ ਕਰਦਿਆਂ ਕਿਹਾ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ, 2003 ਵੋਟਰ ਲਿਸਟਾਂ ਦਾ ਡਾਟਾ ਜਾਂਚਿਆ ਜਾ ਰਿਹਾ ਹੈ। ਇਸ ਲਈ ਬੂਥ ਲੈਵਲ ਅਧਿਕਾਰੀ (ਬੀ.ਐਲ.ਓ.) ਆਪਣੇ ਸਬੰਧਿਤ ਖੇਤਰਾਂ ਵਿੱਚ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ ਤਾਂ ਜੋ ਉਹ ਵੋਟਰ, ਜੋ ਆਪਣੀ ਜਗ੍ਹਾ 'ਤੇ ਮੌਜੂਦ ਨਹੀਂ ਹਨ, ਵੋਟਰ ਸੂਚੀਆਂ ਤੋਂ ਹਟਾ ਦਿੱਤੇ ਜਾਣ।
ਉਨ੍ਹਾਂ ਨੇ ਰਾਮਪੁਰਾ ਫੂਲ, ਭੁਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਪੇਂਡੂ , ਤਲਵੰਡੀ ਸਾਬੋ ਅਤੇ ਮੌੜ ਦੇ ਰਿਟਰਨਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 2003 ਦੇ ਡਾਟੇ ਵਾਲੇ ਵੋਟਰ, ਜੋ ਹੁਣ ਮੌਜੂਦ ਨਹੀਂ ਪਾਏ ਜਾਂਦੇ, ਉਨ੍ਹਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਠੀਕ ਤਰੀਕੇ ਨਾਲ ਹਟਾ ਦਿੱਤਾ ਜਾਵੇ। ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਰਾਮਪੁਰਾ ਫੂਲ ਵਿੱਚ 78.25 ਫੀਸਦੀ, ਭੁਚੋ ਮੰਡੀ ਵਿੱਚ 77.67 ਫੀਸਦੀ, ਬਠਿੰਡਾ ਸ਼ਹਿਰੀ ਵਿੱਚ 54.52 ਫੀਸਦੀ, ਬਠਿੰਡਾ ਗ੍ਰਾਮੀਣ ਵਿੱਚ 78.07 ਫੀਸਦੀ, ਤਲਵੰਡੀ ਸਾਬੋ ਵਿੱਚ 82.69 ਫੀਸਦੀ ਅਤੇ ਮੌੜ ਵਿੱਚ 76.87 ਫੀਸਦੀ ਵੋਟਰ ਅੰਕਿਤ ਕੀਤੇ ਗਏ ਹਨ।
ਉਨ੍ਹਾਂ ਨੇ ਬਠਿੰਡਾ ਸ਼ਹਿਰੀ ਵੋਟਰਾਂ ਨੂੰ ਸਰਕਾਰੀ ਹੁਕਮਾਂ ਅਨੁਸਾਰ ਆਪਣੀ ਵੋਟ ਜਾਂਚ ਕਰਵਾਉਣ ਦੀ ਅਪੀਲ ਕੀਤੀ। ਅੰਕਨ ਲਈ ਵੋਟਰ ਆਪਣੇ ਬੂਥ ਲੈਵਲ ਅਧਿਕਾਰੀਆਂ (ਬੀ.ਐਲ.ਓ) ਨਾਲ ਸੰਪਰਕ ਕਰ ਸਕਦੇ ਹਨ। ਸੰਬੰਧਿਤ ਬੀ.ਐਲ.ਓ ਦੀ ਜਾਣਕਾਰੀ https://www.ceopunjab.gov.in/ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
Click to Follow Babushahi Facebook Page →