ਸ਼ਰਧਾਂਜਲੀ ਸਮਾਗਮ 'ਤੇ ਵਿਸ਼ੇਸ਼ : ਇਤਿਹਾਸ ਦੇ ਪੰਨਿਆਂ ਅਤੇ ਵਕ਼ਤ ਦੇ ਖੰਭਾਂ 'ਤੇ ਲਿਖਿਆ ਹੈ ਸ਼ਾਮ ਲਾਲ ਮਿੱਤਲ ਦਾ ਨਾਮ
ਮਾਨਸਾ ਜ਼ਿਲ੍ਹੇ ਦੇ ਪਿੰਡ ਠੂਠਿਆਂ ਵਾਲੀ ਦੇ ਸ਼ਾਮ ਲਾਲ ਨੂੰ ਮੌਤ ਨੇ ਸਮੇਂ ਤੋਂ ਪਹਿਲਾਂ ਸਾਥੋਂ ਖੋਹ ਲਿਆ ਹੈ। ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ਾਂ ਦੀ ਲਾਟ, ਗ਼ਰੀਬ ਦਾ ਹਾਮੀ, ਜਾਤ ਪਾਤ ਤੋਂ ਪਰੇ ਅਤੇ ਧਾਰਮਿਕ ਵੰਡ ਵਖਰੇਵਿਆਂ ਨੂੰ ਨਕਾਰਨ ਵਾਲੇ ਸ਼ਾਮ ਲਾਲ ਦੀ 65 ਸਾਲ ਤੋਂ ਵੀ ਘੱਟ ਉਮਰ ਵਿੱਚ ਜ਼ਿੰਦਗੀ ਦੀ ਸ਼ਾਮ ਪੈ ਗਈ ਹੈ। ਉਸਦੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਉਸ ਨੂੰ ਸ਼ਹੀਦ ਐਲਾਨਿਆ ਹੈ ਕਿਉਂਕਿ ਜਿਸ ਦਿਨ ਉਸ ਦਾ ਐਕਸੀਡੈਂਟ ਹੋਇਆ, ਉਸ ਦਿਨ ਵੀ ਉਹ ਜਥੇਬੰਦਕ ਕੰਮ ਕਾਰ ਤੋਂ ਬਾਅਦ ਘਰ ਨੂੰ ਵਾਪਸ ਆ ਰਿਹਾ ਸੀ।
ਸ਼ਾਮ ਲਾਲ ਦਾ ਜਨਮ 19-01-62 ਨੂੰ ਪਿਤਾ ਕੌਰ ਸੈਨ ਦੇ ਘਰ ਮਾਤਾ ਮੂਰਤੀ ਦੇਵੀ ਦੀ ਕੁੱਖੋਂ ਪਿੰਡ ਠੂਠਿਆਂਵਾਲੀ ਵਿਖੇ ਹੋਇਆ ਸੀ। ਸਰਕਾਰੀ ਹਾਈ ਸਕੂਲ ਭੈਣੀ ਬਾਘਾ ਤੋਂ 1980 ਵਿੱਚ ਮੈਟ੍ਰਿਕ ਕੀਤੀ। ਉਦੋਂ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਬਹੁਤ ਚੜ੍ਹਾਈ ਹੁੰਦੀ ਸੀ। 18 ਜੁਲਾਈ 1979 ਨੂੰ ਪੀਐੱਸਯੂ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਰੰਧਾਵਾ ਦਾ ਸਰਕਾਰੀ ਗੁੰਡਿਆਂ ਵੱਲੋਂ ਕਤਲ ਕਰ ਦਿੱਤਾ ਗਿਆ। ਇਸ ਕਤਲ ਦੇ ਖ਼ਿਲਾਫ਼ ਵਿਦਿਆਰਥੀਆਂ ਦਾ ਰੋਹ ਲਟ ਲਟ ਬਲ ਉੱਠਿਆ। ਸਕੂਲੀ ਵਿਦਿਆਰਥੀ ਸ਼ਾਮ ਲਾਲ ਵੀ ਇਸ ਤੋਂ ਅਭਿੱਜ ਨਾ ਰਹਿ ਸਕਿਆ ਅਤੇ ਵਿਦਿਆਰਥੀ ਜਥੇਬੰਦੀ ਦੀਆਂ ਸਫ਼ਾਂ ਵਿੱਚ ਸ਼ਾਮਿਲ ਹੋ ਗਿਆ। ਗਾਂਧੀ ਸਕੂਲ ਮਾਨਸਾ ਤੋਂ ਪ੍ਰੈਪ ਦੀ ਪੜ੍ਹਾਈ ਦੌਰਾਨ ਪੀਐੱਸਯੂ ਵਿੱਚ ਸਰਗਰਮੀ ਨਾਲ ਕੰਮ ਕੀਤਾ। ਉਸ ਤੋਂ ਬਾਅਦ ਨਹਿਰੂ ਕਾਲਜ, ਮਾਨਸਾ ਤੋਂ ਬੀਏ ਕੀਤੀ ਅਤੇ ਵਿਦਿਆਰਥੀ ਲਹਿਰ ਨਾਲ ਜੁੜੇ ਰਹੇ। 1988 ਵਿਚ ਸ਼ਾਮ ਲਾਲ ਦਾ ਵਿਆਹ ਹੋ ਗਿਆ। ਬੇਰੁਜ਼ਗਾਰੀ ਦੀ ਮਾਰ ਝੱਲਦਿਆਂ ਪਿਤਾ ਪੁਰਖੀ ਖੇਤੀਬਾੜੀ ਦਾ ਕਿੱਤਾ ਸ਼ੁਰੂ ਕੀਤਾ ਅਤੇ ਨਾਲੋਂ ਨਾਲ ਕਰਿਆਨੇ ਦੀ ਦੁਕਾਨ ਵੀ ਚਲਾਈ। ਹੱਸ ਮੁੱਖ ਸੁਭਾਅ ਦਾ ਸ਼ਾਮ ਲਾਲ ਬੱਚਿਆਂ ਨਾਲ ਬੱਚਾ, ਜਵਾਨ ਨਾਲ ਜਵਾਨ ਤੇ ਬਜ਼ੁਰਗ ਨਾਲ ਬਜ਼ੁਰਗ ਬਣ ਜਾਂਦਾ ਸੀ। ਕਿਸੇ ਗਰੀਬ ਗੁਰਬੇ ਲਈ ਹਮੇਸ਼ਾ ਅੱਗੇ ਹੋ ਕੇ ਖੜ੍ਹ ਜਾਂਦਾ ਸੀ।
ਅਸਲ ਵਿੱਚ ਉਨ੍ਹਾਂ ਦੇ ਪਿਤਾ ਜੀ ਸ਼੍ਰੀ ਕੌਰ ਸੈਨ, ਪੈਪਸੂ ਮੁਜਾਰਾ ਲਹਿਰ ਦੇ ਸਰਗਰਮ ਆਗੂ ਸਨ। ਸਾਰਾ ਪਰਿਵਾਰ ਮਾਲਵੇ ਵਿੱਚ ਚੱਲੀ ਇਸ ਬਿਸਵੇਦਾਰਾਂ ਵਿਰੋਧੀ ਕਿਸਾਨ ਲਹਿਰ ਨਾਲ ਜੁੜਿਆ ਰਿਹਾ। ਮੁਜ਼ਾਰਾ ਲਹਿਰ ਦੇ ਜੰਗੀਰ ਸਿੰਘ ਜੋਗਾ ਅਤੇ ਹੋਰ ਆਗੂਆਂ ਨਾਲ ਮੇਲ ਮਿਲਾਪ ਹੋਣ ਕਾਰਨ ਕੌਰ ਸੈਨ ਜੀ ਦੇ ਬੇਟੇ ਸ਼ਾਮ ਲਾਲ (ਲੀਲੇ) ਨੂੰ ਕਮਿਊਨਿਸਟ ਲਹਿਰ ਦੀ ਚਿਣਗ ਲੱਗੀ ਅਤੇ ਉਹ ਬਚਪਨ ਤੋਂ ਹੀ ਕਮਿਊਨਿਸਟ ਧਿਰਾਂ ਨਾਲ ਜੁੜਿਆ ਰਿਹਾ। ਭਾਨ ਸਿੰਘ ਭੌਰਾ ਲਈ ਵੋਟਾਂ ਦੇ ਪੋਲਿੰਗ ਬੂਥ ਲਾਏ, ਦਾਤੀ ਬੱਲੀ ਦੇ ਚੋਣ ਨਿਸ਼ਾਨ ਵਾਲਾ ਲਾਲ ਝੰਡਾ ਚੁੱਕਿਆ ਤੇ ਮਾਨਸਾ ਤੋਂ ਚੋਣ ਲੜਨ ਵਾਲੇ ਸਾਥੀ ਬੂਟਾ ਸਿੰਘ ਕਾਮਰੇਡ ਦੀ ਚੋਣ ਮੁਹਿੰਮ ਵਿੱਚ ਸਰਗਰਮੀ ਨਾਲ ਕੰਮ ਕਰਕੇ ਉਨ੍ਹਾਂ ਦੀ ਜਿੱਤ ਵਿੱਚ ਵਡਮੁੱਲਾ ਯੋਗਦਾਨ ਪਾਇਆ। ਫੇਰ ਜਦੋਂ ਕਿਸਾਨ ਜਥੇਬੰਦੀਆਂ ਹੋਦ ਵਿੱਚ ਆਈਆਂ ਤਦ ਤਨਦੇਹੀ ਨਾਲ ਲੋਕ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ। ਜ਼ਮੀਨਾਂ ਦੀ ਕੁਰਕੀ ਵਿਰੁੱਧ ਧਰਨੇ ਲਾਏ, ਮੀਟਰ ਬਾਹਰ ਕੱਢਣ ਤੋਂ ਰੋਕਣ ਲਈ ਪਿੰਡ ਵਿੱਚ ਭਰਵੀਂ ਸ਼ਮੂਲੀਅਤ ਨਾਲ ਧਰਨਾ ਮੁਜ਼ਾਹਰਾ ਕੀਤਾ, ਜਿਸ ਦੀ ਅਗਵਾਈ ਸ਼ਾਮ ਲਾਲ ਤੇ ਉਨ੍ਹਾਂ ਦੀ ਧਰਮ ਪਤਨੀ ਨੇ ਕੀਤੀ ਸੀ। ਜਿਸ ਦੀ ਬਦੌਲਤ ਠੂਠਿਆਂਵਾਲੀ ਵਿਚ ਬਿਜਲੀ ਵਾਲੇ ਮੀਟਰ ਅੱਜ ਵੀ ਘਰਾਂ ਦੇ ਅੰਦਰ ਚੱਲ ਰਹੇ ਹਨ। 28 ਮਾਰਚ 2005 ਨੂੰ ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲ ਕਲਾਂ ਕਮੇਟੀ ਦੇ ਸਿਰਕੱਢ ਲੋਕ ਆਗੂਆਂ ਨਰਾਇਣ ਦੱਤ, ਮਨਜੀਤ ਧਨੇਰ ਅਤੇ ਪ੍ਰੇਮ ਕੁਮਾਰ ਨੂੰ ਨਿਹੱਕੀ ਉਮਰ ਕੈਦ ਸਜ਼ਾ ਰੱਦ ਕਰਵਾਉਣ ਲਈ ਚੱਲੇ ਸਾਂਝੇ ਸੰਘਰਸ਼ ਵਿੱਚ ਸਰਗਰਮੀ ਨਾਲ ਭਾਗ ਲਿਆ। ਵੱਡੇ ਜਥੇ ਲੈ ਕੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੁੰਦੇ ਰਹੇ ਅਤੇ ਨਾਲ ਦੁੱਧ ਦੀ ਸੇਵਾ ਵਿੱਚ ਵੀ ਯੋਗਦਾਨ ਪਾਇਆ।
2020 ਵਿਚ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਬਾਰਡਰਾਂ ਤੇ 14 ਮਹੀਨੇ ਚੱਲੇ ਘੋਲ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਹਫ਼ਤੇ ਵਿੱਚੋਂ ਦੋ ਦਿਨ ਘਰ ਅਤੇ ਪੰਜ ਦਿਨ ਦਿੱਲੀ ਘੋਲ ਵਿੱਚ ਹਾਜ਼ਰ ਰਹਿੰਦੇ ਸਨ। ਦਿੱਲੀ ਮੋਰਚੇ ਦੀ ਜਿੱਤ ਤੱਕ ਉਹ ਟਿੱਕਰੀ ਬਾਰਡਰ ਤੇ ਬਹਾਦਰਗੜ੍ਹ ਬੱਸ ਸਟੈਂਡ ਅੰਦਰ ਪੱਕੇ ਟੈਂਟ ਵਿੱਚ ਰਹਿੰਦੇ ਰਹੇ। ਡਾਕਟਰ ਸਵੈਮਾਨ ਦੇ ਕਲੀਨਿਕ ਕੋਲ ਇਸ ਟਿਕਾਣੇ ਨੂੰ ਪਿੰਡ ਕੈਲੇਫੋਰਨੀਆ ਕਹਿੰਦੇ ਸਨ। ਉਨ੍ਹਾਂ ਦੀ ਗੱਡੀ 6 ਮਹੀਨੇ ਟਿੱਕਰੀ ਬਾਰਡਰ ਤੇ ਖੜੀ ਰਹੀ। ਇਸ ਸਮੇਂ ਦੌਰਾਨ ਉਨ੍ਹਾਂ ਦੇ ਦੋਵੇਂ ਬੇਟੇ ਪ੍ਰਦੀਪ ਅਤੇ ਨਵਨੀਤ ਲੰਬਾ ਸਮਾਂ ਦਿੱਲੀ ਰਹੇ ਅਤੇ ਉਨ੍ਹਾਂ ਦੀ ਧਰਮ ਪਤਨੀ ਵੀ ਸਮੇਂ ਸਮੇਂ ਤੇ ਦਿੱਲੀ ਜਾ ਕੇ ਆਪਣਾ ਯੋਗਦਾਨ ਪਾਉਂਦੀ ਰਹੀ। ਜਦੋਂ ਅੰਦੋਲਨ ਫਤਹਿ ਹੋਇਆ ਤਦ ਘਰ ਵਾਪਸੀ ਕੀਤੀ।
ਸ਼ਾਮ ਲਾਲ ਹੁਣ ਵੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀਆਂ ਆਗੂ ਸਫ਼ਾਂ ਵਿੱਚ ਕੰਮ ਕਰਦੇ ਸਨ। 10 ਮਾਰਚ 2026 ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਬਰਨਾਲਾ ਵਿਖੇ ਹੋਈ ਮਹਾਂ ਰੈਲੀ ਵਿੱਚ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਏ।
ਇਸੇ ਤਰ੍ਹਾਂ ਲੋਕ ਹਿੱਤਾਂ ਲਈ ਚੱਲ ਰਹੀ ਲੜਾਈ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਜਦੋਂ ਸ਼ਾਮ ਲਾਲ ਜੀ ਕਿਸੇ ਜਥੇਬੰਦਕ ਕੰਮ ਤੋਂ ਵਿਹਲੇ ਹੋ ਕੇ ਪਿੰਡ ਭੈਣੀ ਬਾਘਾ ਤੋਂ ਵਾਪਸ ਆ ਰਹੇ ਸਨ ਤਾਂ ਟਰੈਫਿਕ ਦੇ ਮਾੜੇ ਪ੍ਰਬੰਧਾਂ ਕਾਰਨ ਉਹਨਾਂ ਦਾ ਐਕਸੀਡੈਂਟ ਹੋ ਗਿਆ ਅਤੇ ਮੌਕੇ ਤੇ ਹੀ ਜ਼ਿੰਦਗੀ ਦੇ ਸਾਹਾਂ ਦੀ ਡੋਰ ਟੁੱਟ ਗਈ। ਕਿਸਾਨ ਜਥੇਬੰਦੀਆਂ ਨੇ ਇਸ ਨੂੰ ਮਾੜੇ ਪ੍ਰਬੰਧਾਂ ਕਾਰਨ ਸਰਕਾਰ ਵੱਲੋਂ ਕੀਤਾ ਹੋਇਆ ਕਤਲ ਦੱਸਿਆ ਹੈ।
ਜਿਸ ਤਰ੍ਹਾਂ ਸ਼ਾਮ ਲਾਲ ਨੂੰ ਆਪਣੇ ਪਿਤਾ ਜੀ ਤੋਂ ਚੰਗੀਆਂ ਕਦਰਾਂ ਕੀਮਤਾਂ ਮਿਲੀਆਂ, ਉਸੇ ਤਰ੍ਹਾਂ ਸ਼ਾਮ ਲਾਲ ਨੇ ਆਪਣੇ ਪਰਿਵਾਰ ਨੂੰ ਵੀ ਇਨਕਲਾਬੀ ਜਮਹੂਰੀ ਵਿਚਾਰਾਂ ਦੇ ਧਾਰਨੀ ਬਣਾਇਆ। ਆਪਣੇ ਵੱਡੇ ਪੁੱਤਰ ਪ੍ਰਦੀਪ ਮੁਸਾਹਿਬ ਨੂੰ ਵੱਧ ਚੜ੍ਹ ਕੇ ਲੋਕ ਘੋਲਾਂ ਵਿਚ ਕੁੱਦਣ ਦੀ ਪ੍ਰੇਰਨਾ ਦਿੱਤੀ ਜਿਸ ਦੀ ਬਦੌਲਤ ਪ੍ਰਦੀਪ, ਅੱਜ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮੋਹਾਲੀ ਜਿਲ੍ਹੇ ਦੇ ਕਨਵੀਨਰ ਵਜੋਂ ਸਰਗਰਮੀ ਨਾਲ ਕੰਮ ਕਰ ਰਿਹਾ ਹੈ।
ਸ਼ਾਮ ਲਾਲ ਮਜ਼ਦੂਰਾਂ ਦਾ ਹਾਮੀ ਸੀ। ਜਾਤ ਪਾਤ ਦੇ ਕੋਹੜ ਨੂੰ ਨਫ਼ਰਤ ਕਰਨ ਵਾਲੇ ਅਤੇ ਧਾਰਮਿਕ ਵੰਡ ਵਖਰੇਵੇਂ ਤੋਂ ਦੂਰ ਰਹਿਣ ਵਾਲੇ ਸ਼ਾਮ ਲਾਲ ਜੀ ਦੀ ਸੰਘਰਸ਼ਮਈ ਜ਼ਿੰਦਗੀ ਲੋਕ ਹਿੱਤਾਂ ਲਈ ਲੜਨ ਵਾਲੇ ਕਾਫ਼ਲਿਆਂ ਵਾਸਤੇ ਹਮੇਸ਼ਾ ਚਾਨਣ ਮੁਨਾਰੇ ਦਾ ਕੰਮ ਕਰਦੀ ਰਹੇਗੀ।
ਅੰਗਰੇਜ਼ ਸਿੰਘ ਭਦੌੜ
ਸੂਬਾ ਪ੍ਰੈੱਸ ਸਕੱਤਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ
ਮੋਬਾਇਲ +919501754051
Click to Follow Babushahi Facebook Page →