ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਕੈਂਪ ਦਾ ਆਗਾਜ਼, ਭਾਜਪਾ ਵਰਕਰਾਂ ਨੂੰ ਸੰਗਠਨ ਮਜ਼ਬੂਤੀ ਦਾ ਸੰਦੇਸ਼
ਜਗਰਾਉਂ, (ਦੀਪਕ ਜੈਨ):
ਜਗਰਾਉਂ ਵਿਧਾਨ ਸਭਾ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਦੋ ਰੋਜ਼ਾ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਕੈਂਪ ਦਾ ਸ਼ੁਭ ਆਰੰਭ ਅੱਜ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਇਸ ਕੈਂਪ ਦਾ ਉਦਘਾਟਨ ਭਾਜਪਾ ਦੇ ਸੂਬਾ ਜਥੇਬੰਦਕ ਸਕੱਤਰ ਸ੍ਰੀਨਿਵਾਸੂ ਵੱਲੋਂ ਜੋਤ ਜਗਾ ਕੇ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀਨਿਵਾਸੂ ਨੇ ਕਿਹਾ ਕਿ ਪਾਰਟੀ ਵਰਕਰ ਆਪਣੀ ਤਾਕਤ ਨੂੰ ਪਹਿਚਾਣ ਕੇ ਸੰਗਠਨ ਦੀ ਮਜ਼ਬੂਤੀ ਲਈ ਸਮਰਪਿਤ ਹੋਣ ਅਤੇ ਪੰਜਾਬ ਵਿੱਚ ਡਬਲ ਇੰਜਣ ਸਰਕਾਰ ਬਣਾਉਣ ਦੇ ਟੀਚੇ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਹਾਲੀਆ ਰੈਲੀਆਂ ਵਿੱਚ ਵਰਕਰਾਂ ਦੀ ਭਾਗੀਦਾਰੀ ਅਤੇ ਜੋਸ਼ ਨੇ ਇਹ ਦਰਸਾਇਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਜਪਾ ਪੰਜਾਬ ਦੀ ਸਿਆਸਤ ਵਿੱਚ ਮਜ਼ਬੂਤ ਦਾਅਵੇਦਾਰ ਬਣ ਸਕਦੀ ਹੈ।
ਕੈਂਪ ਦੇ ਇੰਚਾਰਜ ਸੌਰਭ ਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਰ੍ਹਾਂ ਦੇ ਸਿਖਲਾਈ ਕੈਂਪ ਹਰੇਕ ਵਿਧਾਨ ਸਭਾ ਹਲਕੇ ਵਿੱਚ ਲਗਾਏ ਜਾ ਰਹੇ ਹਨ, ਜਿੱਥੇ ਸਰਕਲ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਦੇ ਅਹੁਦੇਦਾਰ ਅਤੇ ਮੋਰਚਿਆਂ ਦੇ ਪ੍ਰਧਾਨ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਵਰਕਰਾਂ ਨੂੰ ਪਾਰਟੀ ਦੇ ਇਤਿਹਾਸ, ਭਵਿੱਖੀ ਯੋਜਨਾਵਾਂ ਅਤੇ ਕੇਂਦਰ ਸਰਕਾਰ ਦੀਆਂ ਲੋਕ-ਹਿਤੈਸ਼ੀ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ, ਤਾਂ ਜੋ ਉਹ ਇਹ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾ ਸਕਣ।
ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਸ਼ਰਮਾ ਨੇ ਦੱਸਿਆ ਕਿ ਇਹ ਕੈਂਪ ਜਗਰਾਉਂ ਵਿਧਾਨ ਸਭਾ ਹਲਕੇ ਵਿੱਚ ਆਯੋਜਿਤ ਕੀਤਾ ਗਿਆ ਹੈ ਅਤੇ ਇਸ ਤੋਂ ਬਾਅਦ ਜ਼ਿਲ੍ਹੇ ਦੇ ਹੋਰ ਹਲਕਿਆਂ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਕੈਂਪ ਵਿੱਚ ਵਰਕਰਾਂ ਨੂੰ ਦੇਸ਼ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਪਾਰਟੀ ਦੀ ਭਵਿੱਖੀ ਰਣਨੀਤੀ ਨਾਲ ਵੀ ਜਾਣੂ ਕਰਵਾਇਆ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਮਿਤ ਅਰੋੜਾ, ਗੁਰਸਿਮਰਨ ਸਿੰਘ, ਰਾਜ ਵਰਮਾ, ਸੁਰੇਸ਼ ਗਰਗ, ਸਰਕਲ ਪ੍ਰਧਾਨ ਨਵਨੀਤ ਗੁਪਤਾ, ਗੁਰਭੇਜ ਸਿੰਘ, ਗੌਰਵ ਗੁਪਤਾ, ਅਨਿਲ ਕੁਮਾਰ, ਨਵੀਨ ਜੈਨ, ਡਾ. ਨਿਰਮਲ ਭੁੱਲਰ, ਜਸਮੇਲ ਸਿੰਘ ਧਾਲੀਵਾਲ, ਰਾਜਪਾਲ ਜੈਨ, ਹਰੀ ਓਮ ਵਰਮਾ, ਜਗਸੀਰ ਸਿੰਘ, ਸੰਜੀਵ ਭੱਟ, ਸੁਰੇਸ਼ ਖੰਨਾ, ਸ਼ੰਮੀ ਆਦਿ ਭਾਜਪਾ ਵਰਕਰ ਮੌਜੂਦ ਸਨ।
Click to Follow Babushahi Facebook Page →