ਮੋਗਾ ਰੈਲੀ ‘ਚ ਅਮਿਤ ਸ਼ਾਹ ਦਾ ਵੱਡਾ ਸੰਕੇਤ: 2027 ਚੋਣਾਂ ‘ਚ ਭਾਜਪਾ ਇਕੱਲੀ ਸਰਕਾਰ ਬਣਾਉਣ ਲਈ ਮੈਦਾਨ ‘ਚ
ਦੀਪਕ ਜੈਨ, ਜਗਰਾਉਂ :
ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਅਕਾਲੀ-ਭਾਜਪਾ ਗਠਜੋੜ ਬਾਰੇ ਚੱਲ ਰਹੀਆਂ ਅਟਕਲਾਂ ਵਿਚਕਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਗਾ ਦੇ ਕਿੱਲੀ ਚਹਿਲਾਂ ਵਿਖੇ ਭਾਜਪਾ ਦੀ ਵੱਡੀ ਰੈਲੀ ਦੌਰਾਨ ਸਥਿਤੀ ਲਗਭਗ ਸਾਫ ਕਰ ਦਿੱਤੀ। ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਅੱਜ ਤੋਂ ਹੀ ਉਹ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਪ੍ਰਚਾਰ ਦੀ ਸ਼ੁਰੂਆਤ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਵੀ ਭਾਜਪਾ ਪੰਜਾਬ ਦੀ ਸੱਤਾ ਵਿਚ ਆਈ ਹੈ ਤਾਂ ਉਹ ਛੋਟੇ ਭਰਾ ਦੇ ਰੂਪ ਵਿਚ ਆਈ ਹੈ, ਪਰ ਹੁਣ ਸਮਾਂ ਬਦਲ ਚੁੱਕਾ ਹੈ ਅਤੇ ਭਾਜਪਾ ਪੰਜਾਬ ਵਿਚ ਮੁੱਖ ਤਾਕਤ ਵਜੋਂ ਸਰਕਾਰ ਬਣਾਉਣ ਲਈ ਮੈਦਾਨ ਵਿਚ ਉਤਰੇਗੀ।
ਅਮਿਤ ਸ਼ਾਹ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾਉਣ ਲਈ ਪੂਰੀ ਤਾਕਤ ਨਾਲ ਚੋਣ ਮੈਦਾਨ ਵਿਚ ਉਤਰੇਗੀ ਅਤੇ ਪੰਜਾਬ ਦੀ ਜਨਤਾ ਤੋਂ ਅਸ਼ੀਰਵਾਦ ਮੰਗਣ ਆਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਜਪਾ ਦੀ ਤਾਕਤ ਵਧਾਓ ਤਾਂ ਜੋ ਪੰਜਾਬ ਵਿਚ ਵੱਡਾ ਬਦਲਾਅ ਲਿਆਇਆ ਜਾ ਸਕੇ।
ਨਸ਼ਿਆਂ ਦੇ ਮਸਲੇ ‘ਤੇ ਤਿੱਖਾ ਹਮਲਾ ਕਰਦਿਆਂ ਸ਼ਾਹ ਨੇ ਕਿਹਾ ਕਿ ਜੇ ਪੰਜਾਬ ਨੂੰ ਕੋਈ ਨਸ਼ੇ ਤੋਂ ਮੁਕਤ ਕਰ ਸਕਦਾ ਹੈ ਤਾਂ ਉਹ ਸਿਰਫ ਭਾਜਪਾ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੂੰ ਪੰਜਾਬ ਦੀ ਜਨਤਾ ਕਈ ਮੌਕੇ ਦੇ ਚੁੱਕੀ ਹੈ ਪਰ ਉਹ ਨਸ਼ਿਆਂ ਦੇ ਕਾਰੋਬਾਰ ‘ਤੇ ਪੂਰੀ ਤਰ੍ਹਾਂ ਰੋਕ ਨਹੀਂ ਲਗਾ ਸਕੇ।
ਉਨ੍ਹਾਂ ਦਾਅਵਾ ਕੀਤਾ ਕਿ ਜੇ ਪੰਜਾਬ ਦੀ ਜਨਤਾ ਭਾਜਪਾ ਨੂੰ ਇੱਕ ਮੌਕਾ ਦੇਵੇ ਤਾਂ ਦੋ ਸਾਲਾਂ ਅੰਦਰ ਨਸ਼ਿਆਂ ਦੇ ਕਾਰੋਬਾਰ ਨੂੰ ਜੜ ਤੋਂ ਖਤਮ ਕਰ ਦਿੱਤਾ ਜਾਵੇਗਾ। ਸ਼ਾਹ ਨੇ ਕਿਹਾ ਕਿ ਜੋ ਕੰਮ ਅੱਜ ਤੱਕ ਪੰਜਾਬ ਵਿਚ ਨਹੀਂ ਹੋ ਸਕਿਆ, ਉਹ ਭਾਜਪਾ ਕਰਕੇ ਵਿਖਾਏਗੀ।
ਉਨ੍ਹਾਂ ਇਹ ਵੀ ਦੱਸਿਆ ਕਿ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਪੰਜਾਬ ਵਿਚ ਲਗਭਗ 19 ਫੀਸਦੀ ਵੋਟ ਮਿਲੇ ਸਨ ਅਤੇ ਜਿੱਥੇ ਵੀ ਭਾਜਪਾ ਨੂੰ ਇਸ ਤਰ੍ਹਾਂ ਦਾ ਵੋਟ ਪ੍ਰਤੀਸ਼ਤ ਮਿਲਦਾ ਹੈ, ਉਥੇ ਅਗਲੀ ਸਰਕਾਰ ਭਾਜਪਾ ਦੀ ਬਣਦੀ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਅਸਾਮ, ਮਣੀਪੁਰ ਅਤੇ ਉਤਰਾਖੰਡ ਵਿਚ ਵੀ ਇਹੀ ਹੋਇਆ ਸੀ ਅਤੇ ਹੁਣ ਪੰਜਾਬ ਦੀ ਵਾਰੀ ਹੈ।
Click to Follow Babushahi Facebook Page →