ਨਕੋਦਰ 'ਚ ਕਾਂਗਰਸ ਦਾ ਵੱਡਾ ਧਮਾਕਾ: ਮਹਿਲਾਵਾਂ ਦੇ ਹੱਕਾਂ ਲਈ ਪੰਜਾਬ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ
ਬਲਵਿੰਦਰ ਸਿੰਘ ਧਾਲੀਵਾਲ
ਨਕੋਦਰ 14 ਮਾਰਚ 2026- ਨਕੋਦਰ ਵਿੱਚ ਅੱਜ ਕਾਂਗਰਸ ਪਾਰਟੀ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਦੇ ਹੱਕਾਂ ਲਈ ਇਕ ਜ਼ੋਰਦਾਰ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਸੈਂਕੜਿਆਂ ਮਹਿਲਾ ਵਰਕਰਾਂ ਅਤੇ ਕਾਂਗਰਸ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ। ਧਰਨੇ ਦੌਰਾਨ ਮਹਿਲਾਵਾਂ ਨੇ ਮੰਗ ਕੀਤੀ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਹਰ ਮਹਿਲਾ ਨੂੰ ₹1000 ਪ੍ਰਤੀ ਮਹੀਨਾ ਦੇਣ ਦਾ ਵਾਅਦਾ, ਜੋ ਪਿਛਲੇ ਚਾਰ ਸਾਲਾਂ ਵਿੱਚ ₹48,000 ਬਣਦਾ ਹੈ, ਤੁਰੰਤ ਪੰਜਾਬ ਦੀਆਂ ਮਹਿਲਾਵਾਂ ਨੂੰ ਅਦਾ ਕੀਤਾ ਜਾਵੇ।
ਧਰਨੇ ਵਿੱਚ ਸ਼ਾਮਿਲ ਮਹਿਲਾਵਾਂ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਵਧ ਰਹੀ ਸਮੱਸਿਆ, ਉਸ ਨਾਲ ਜੁੜੀਆਂ ਸਮਾਜਿਕ ਬੁਰਾਈਆਂ ਅਤੇ ਖ਼ਰਾਬ ਕਾਨੂੰਨ-ਵਿਵਸਥਾ ਕਾਰਨ ਮਹਿਲਾਵਾਂ ਸਭ ਤੋਂ ਵੱਧ ਪੀੜਤ ਹਨ। ਘਰਾਂ ਦੇ ਨੌਜਵਾਨ ਨਸ਼ਿਆਂ ਦੀ ਲਪੇਟ ਵਿੱਚ ਆ ਰਹੇ ਹਨ ਜਿਸ ਕਾਰਨ ਪਰਿਵਾਰ ਤਬਾਹ ਹੋ ਰਹੇ ਹਨ ਅਤੇ ਮਹਿਲਾਵਾਂ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ।
ਮਹਿਲਾ ਵਰਕਰਾਂ ਨੇ ਇਹ ਵੀ ਮਤਾ ਪਾਸ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਮਹਿਲਾਵਾਂ ਬਾਰੇ ਵਰਤੀ ਗਈ ਅਪਮਾਨਜਨਕ ਭਾਸ਼ਾ ਲਈ ਉਹਨਾਂ ਨੂੰ ਪੰਜਾਬ ਦੀਆਂ ਮਹਿਲਾਵਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਜੇਕਰ ਐਸਾ ਨਹੀਂ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਵੱਲੋਂ ਇਸ ਮਾਮਲੇ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਡਾ. ਨਵਜੋਤ ਦਹੀਆ, ਹਲਕਾ ਇੰਚਾਰਜ ਨਕੋਦਰ, ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਝੂਠੇ ਵਾਅਦੇ ਕਰਕੇ ਪੰਜਾਬ ਦੀਆਂ ਮਹਿਲਾਵਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਦਾ ਹੱਕ ₹48,000 ਤੁਰੰਤ ਦਿੱਤਾ ਜਾਣਾ ਚਾਹੀਦਾ ਹੈ ਅਤੇ ਕਾਂਗਰਸ ਪਾਰਟੀ ਇਸ ਮਸਲੇ ‘ਤੇ ਚੁੱਪ ਨਹੀਂ ਬੈਠੇਗੀ।
ਡਾ. ਦਹੀਆ ਨੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੀਆਂ ਮਹਿਲਾ ਵਰਕਰਾਂ ਅਤੇ ਕਾਂਗਰਸ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦਾ ਇਕੱਠ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੀ ਜਨਤਾ ਆਪਣੇ ਹੱਕਾਂ ਲਈ ਖੜ੍ਹੀ ਹੋਣ ਲਈ ਤਿਆਰ ਹੈ ਅਤੇ ਕਾਂਗਰਸ ਪਾਰਟੀ ਪੰਜਾਬ ਦੇ ਹਰ ਮੁੱਦੇ ਨੂੰ ਜ਼ੋਰ ਨਾਲ ਉਠਾਉਂਦੀ ਰਹੇਗੀ।
ਇਸ ਮੌਕੇ ਹੋਰਾਂ ਦੇ ਨਾਲ ਹੈਪੀ ਸੰਧੂ, ਮੁਖਤਿਆਰ ਸਿੰਘ ਹੇਯਰ (ਜ਼ਿਲ੍ਹਾ ਪਰਿਸ਼ਦ ਮੈਂਬਰ), ਬਲਾਕ ਪ੍ਰਧਾਨ ਤਰਲੋਚਨ ਸਿੰਘ ਸੰਘਾ, ਬਲਾਕ ਪ੍ਰਧਾਨ ਬਲਜੀਤ ਸਿੰਘ ਜੋਹਲ, ਮਹਿਲਾ ਬਲਾਕ ਪ੍ਰਧਾਨ ਸੰਦੀਪ ਕੌਰ ਹੇਯਰ, ਹਰਜਿੰਦਰ ਕੌਰ ਮਨੂ (ਪ੍ਰਧਾਨ ਨਕੋਦਰ ਸਿਟੀ), ਸੁਰਜੀਤ ਕੌਰ (ਬਲਾਕ ਪ੍ਰਧਾਨ ਨੂਰਮਹਲ), ਸੁਮਨ ਪਾਠਕ (ਸਿਟੀ ਪ੍ਰਧਾਨ ਨੂਰਮਹਲ), ਮਿਸਜ਼ ਉਸ਼ਾ ਜੀ (ਪ੍ਰਧਾਨ ਬਿਲਗਾ), ਜਸਵੀਰ ਸਮਰਾ, ਗੌਰਵ ਜੈਨ (ਸਿਟੀ ਪ੍ਰਧਾਨ), ਪਰਮਜੀਤ ਸਿੰਘ ਸਰਪੰਚ ਬਾਠ, ਹਿਮਤ ਗਿੱਲ, ਬੀਬੀ ਇਕਵਿੰਦਰ ਕੌਰ (ਬਲਾਕ ਸਮਿਤੀ ਮੈਂਬਰ), ਬੀਬੀ ਰਾਣੀ ਮਲਾਰੀ (ਬਲਾਕ ਸਮਿਤੀ ਮੈਂਬਰ), ਕੁਲਵਿੰਦਰ ਕੌਰ ਸੀਨੀਅਰ ਕਾਂਗਰਸੀ ਆਗੂ, ਸੁਰਜੀਤ ਕੌਰ, ਗਿਆਨ ਕੌਰ ਕੰਗ, ਸਾਬੂ ਸੀਨੀਅਰ ਕਾਂਗਰਸੀ ਆਗੂ, ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਜਸਬੀਰ ਉੱਪਲ, ਗੁਰਦੀਪ ਸਿੰਘ ਦੀਪਾ ਥਮਣਵਾਲ, ਗੋਪੀ ਸੰਧੂ (ਵਾਈਸ ਪ੍ਰਧਾਨ ਨਗਰ ਕੌਂਸਲ ਨਕੋਦਰ), ਵਿਜੈ ਪੋਪਲੀ, ਗੁਰਵਿੰਦਰ ਬਾਜੂਹਾ ਭਿੰਦਾ ਲਿਤਰਾਂ ਅਤੇ ਅਵਤਾਰ ਸ਼ਮਸ਼ਾਬਾਦ ਸਮੇਤ ਕਈ ਹੋਰ ਕਾਂਗਰਸੀ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ।
Click to Follow Babushahi Facebook page →