ਸਰਦਾਰ ਊਧਮ ਸਿੰਘ ਮੈਨੇਜਰ ਯਾਦਗਾਰੀ ਸਨਮਾਨ ਸਮਾਗਮ ਅਮਿਟ ਯਾਦਾਂ ਛੱਡ ਕੇ ਸੰਪੰਨ
ਪ੍ਰਸਿੱਧ ਲੇਖਕਾ ਪਰਮਜੀਤ ਪਰਮ, ਹਰਜਿੰਦਰ ਸਿੰਘ ਗੋਪਾਲੋਂ, ਬਚਨ ਸਿੰਘ ਗੁਰਮ ਅਤੇ ਅਵਤਾਰ ਸਿੰਘ ਪੁਆਰ ਸਨਮਾਨਤ
ਨਗਰ ਸੈਂਪਲੀ ਵੱਲੋਂ ਜ਼ਿਲ੍ਹਾ ਲਿਖਾਰੀ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦਾ ਸਨਮਾਨ
ਗੁਰਪ੍ਰੀਤ ਸਿੰਘ ਜਖਵਾਲੀ
ਸ੍ਰੀ ਫ਼ਤਹਿਗੜ੍ਹ ਸਾਹਿਬ 22 ਫਰਵਰੀ 2026
ਮਰਹੂਮ ਸ. ਊਧਮ ਸਿੰਘ ਮੈਨੇਜਰ ਦੀ ਪਵਿੱਤਰ ਯਾਦ ਨੂੰ ਸਮਰਪਿਤ ਯਾਦਗਾਰੀ ਸਨਮਾਨ ਸਮਾਗਮ ਜ਼ਿਲ੍ਹਾ ਲਿਖਾਰੀ ਸਭਾ, ਫ਼ਤਹਿਗੜ੍ਹ ਸਾਹਿਬ ਅਤੇ ਪਰਿਵਾਰਕ ਮੈਂਬਰਾਂ ਦੇ ਸਾਂਝੇ ਉਪਰਾਲੇ ਨਾਲ ਮਾਤਾ ਗੁਜਰੀ ਕਾਲਜ ਵਿਖੇ ਕਰਵਾਇਆ ਗਿਆ। ਸਮਾਗਮ ਵਿੱਚ ਜ਼ਿਲ੍ਹੇ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਆਏ ਕਵੀ, ਲੇਖਕ, ਵਿਦਵਾਨ, ਅਧਿਆਪਕ ਅਤੇ ਸਾਹਿਤ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਮਰਹੂਮ ਸ਼ਖ਼ਸੀਅਤ ਨੂੰ ਨਮਨ ਕੀਤਾ।
ਸਮਾਗਮ ਦਾ ਕੇਂਦਰੀ ਪੱਖ, ਪ੍ਰਸਿੱਧ ਲੇਖਕਾ ਸ਼੍ਰੀਮਤੀ ਪਰਮਜੀਤ ਪਰਮ, ਸ. ਹਰਜਿੰਦਰ ਸਿੰਘ ਗੋਪਾਲੋਂ, ਸ. ਬਚਨ ਸਿੰਘ ਗੁਰਮ ਅਤੇ ਸ. ਅਵਤਾਰ ਸਿੰਘ ਪੁਆਰ ਦਾ ਸਨਮਾਨ ਰਿਹਾ। ਹਰ ਲੇਖਕ ਦਾ ਸਨਮਾਨ ਪੱਤਰ ਪੜ੍ਹ ਕੇ ਉਨ੍ਹਾਂ ਦੀਆਂ ਸਾਹਿਤਕ ਉਪਲਬਧੀਆਂ ਨੂੰ ਰੋਸ਼ਨ ਕੀਤਾ ਗਿਆ। ਇਸ ਉਪਰੰਤ ਸਨਮਾਨਿਤ ਲੇਖਕਾਂ ਨੇ ਆਪਣੀਆਂ ਰਚਨਾਵਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਹਾਜ਼ਰੀਨ ਵੱਲੋਂ ਖੂਬ ਸਰਾਹਨਾ ਮਿਲੀ ਅਤੇ ਮਾਹੌਲ ਸਾਹਿਤਕ ਰੰਗ ਵਿੱਚ ਰੰਗਿਆ ਰਿਹਾ।
ਇਹ ਯਾਦਗਾਰੀ ਸਨਮਾਨ ਸਮਾਗਮ ਸਿਰਫ਼ ਇੱਕ ਰਸਮੀ ਕਾਰਜਕ੍ਰਮ ਨਾ ਹੋ ਕੇ, ਸ. ਊਧਮ ਸਿੰਘ ਮੈਨੇਜਰ ਦੇ ਜੀਵਨ ਅਤੇ ਉਨ੍ਹਾਂ ਦੀਆਂ ਮੁੱਲਾਂ ਨੂੰ ਨਮਨ ਕਰਨ ਵਾਲਾ ਇਕ ਪ੍ਰੇਰਕ ਉਪਰਾਲਾ ਸਾਬਤ ਹੋਇਆ, ਜਿਸ ਨੇ ਸਾਹਿਤਕ ਮਾਹੌਲ ਨੂੰ ਹੋਰ ਮਜ਼ਬੂਤੀ ਬਖ਼ਸ਼ੀ।
ਇਸ ਤੋਂ ਪਹਿਲਾਂ ਸਮਾਗਮ ਦੀ ਸ਼ੁਰੂਆਤ ਮਹਿਮਾਨਾਂ ਦੇ ਆਗਮਨ ਅਤੇ ਰਸਮੀ ਸਵਾਗਤ ਨਾਲ ਹੋਈ। ਪਰਿਵਾਰ ਵੱਲੋਂ ਮਰਹੂਮ ਸ. ਊਧਮ ਸਿੰਘ ਮੈਨੇਜਰ ਦੇ ਵੱਡੇ ਭਰਾ ਸ. ਗੁਰਦੇਵ ਸਿੰਘ (ਕੈਨੇਡਾ), ਸੇਵਾ ਮੁਕਤ ਐਕਸੀਅਨ, ਪੰਜਾਬ ਰਾਜ ਬਿਜਲੀ ਬੋਰਡ ਨੇ ਸਵਾਗਤੀ ਸ਼ਬਦ ਪੇਸ਼ ਕਰਦੇ ਹੋਏ ਸ. ਊਧਮ ਸਿੰਘ ਦੇ ਸਾਦਗੀਪੂਰਨ ਜੀਵਨ, ਇਮਾਨਦਾਰੀ ਅਤੇ ਸਾਹਿਤ ਪ੍ਰਤੀ ਉਨ੍ਹਾਂ ਦੀ ਲਗਨ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸ. ਊਧਮ ਸਿੰਘ ਸਿਰਫ਼ ਇੱਕ ਪ੍ਰਬੰਧਕ ਹੀ ਨਹੀਂ ਸਗੋਂ ਇੱਕ ਸੱਜਣ-ਸੁਭਾਅ, ਮਿਲਣਸਾਰ ਅਤੇ ਸਾਹਿਤ-ਪ੍ਰੇਮੀ ਇਨਸਾਨ ਸਨ, ਜਿਨ੍ਹਾਂ ਨੇ ਹਮੇਸ਼ਾ ਲੇਖਕਾਂ ਅਤੇ ਕਵੀਆਂ ਨੂੰ ਉਤਸ਼ਾਹਤ ਕੀਤਾ।
ਜ਼ਿਲ੍ਹਾ ਲਿਖਾਰੀ ਸਭਾ, ਫ਼ਤਹਿਗੜ੍ਹ ਸਾਹਿਬ ਵੱਲੋਂ ਸ਼੍ਰੀ ਲਾਲ ਮਿਸਤਰੀ ਅਤੇ ਪ੍ਰਿੰਸੀਪਲ ਜਲੌਰ ਸਿੰਘ ਖੀਵਾ (ਮੋਰਿੰਡਾ ਸਾਹਿਤ ਸਭਾ) ਨੇ ਕਿਹਾ ਕਿ ਸ. ਊਧਮ ਸਿੰਘ ਦਾ ਯੋਗਦਾਨ ਸਿਰਫ਼ ਸੰਸਥਾਗਤ ਪ੍ਰਬੰਧਨ ਤੱਕ ਸੀਮਿਤ ਨਹੀਂ ਸੀ, ਬਲਕਿ ਉਹ ਸਾਹਿਤਕ ਸਰਗਰਮੀਆਂ ਦੇ ਪ੍ਰੇਰਕ ਅਤੇ ਸਹਿਯੋਗੀ ਵੀ ਰਹੇ। ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸਾਹਿਤਕ ਮੰਚਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ।
ਇਸ ਮੌਕੇ ਮਰਹੂਮ ਸ. ਊਧਮ ਸਿੰਘ ਦੀ ਧਰਮਪਤਨੀ ਅਤੇ ਜ਼ਿਲ੍ਹਾ ਲਿਖਾਰੀ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਸਮਾਗਮ ਵਿੱਚ ਸਨਮਾਨਿਤ ਕੀਤੀਆਂ ਸ਼ਖ਼ਸੀਅਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ਼ ਵਿਅਕਤੀਆਂ ਦਾ ਨਹੀਂ, ਸਗੋਂ ਪੂਰੇ ਸਾਹਿਤਕ ਪਰਿਵਾਰ ਦਾ ਸਨਮਾਨ ਹੈ। ਇਸ ਮੌਕੇ ਉਹਨਾਂ ਇਹ ਵੀ ਕਿਹਾ ਕਿ ਜੇਕਰ ਅੱਜ ਉਹਨਾਂ ਦੀ ਕੋਈ ਪਛਾਣ ਬਣੀ ਹੈ ਤਾਂ ਉਹ ਕੇਵਲ ਉਹਨਾਂ ਦੇ ਜੀਵਨ ਸਾਥੀ ਸ. ਊਧਮ ਸਿੰਘ ਜੀ ਮੈਨੇਜਰ ਸਦਕਾ ਹੀ ਬਣੀ ਹੈ।
ਸਮਾਗਮ ਦੇ ਵਿਸ਼ੇਸ਼ ਮਹਿਮਾਨ ਸ. ਪ੍ਰਿਤਪਾਲ ਸਿੰਘ ਜੱਸੀ, ਮੁੱਖ ਵਕਤਾ ਸ. ਕਰਨੈਲ ਸਿੰਘ ਪੀਰ ਮੁਹੰਮਦ, ਮੁੱਖ ਮਹਿਮਾਨ ਸ. ਦਿਲਮੇਘ ਸਿੰਘ ਖੱਟੜਾ ਅਤੇ ਪ੍ਰਧਾਨ ਸ. ਦਰਸ਼ਨ ਬੁੱਟਰ ਨੇ ਆਪਣੇ ਪ੍ਰੇਰਕ ਸੰਬੋਧਨਾਂ ਵਿੱਚ ਸ. ਊਧਮ ਸਿੰਘ ਜੀ ਦੇ ਵਿਅਕਤਿਤਵ ਦੇ ਵੱਖ-ਵੱਖ ਪੱਖਾਂ 'ਤੇ ਚਾਨਣ ਪਾਇਆ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਅਜਿਹੀਆਂ ਸ਼ਖ਼ਸੀਅਤਾਂ ਦੀ ਕਮੀ ਮਹਿਸੂਸ ਕੀਤੀ ਜਾਂਦੀ ਹੈ, ਜੋ ਨਿਸ਼ਕਾਮ ਭਾਵਨਾ ਨਾਲ ਸੰਸਥਾਵਾਂ ਅਤੇ ਸਾਹਿਤ ਦੀ ਸੇਵਾ ਕਰਦੀਆਂ ਹਨ। ਇਸ ਮੌਕੇ ਮੁੱਖ ਵਕਤਾ, ਵਿਸ਼ੇਸ਼ ਮਹਿਮਾਨ, ਮੁੱਖ ਮਹਿਮਾਨ ਅਤੇ ਸਮਾਗਮ ਦੇ ਪ੍ਰਧਾਨ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਨਗਰ ਸੈਂਪਲੀ ਵੱਲੋਂ ਕਰਮਿੰਦਰ ਸਿੰਘ ਤੇ ਤਰਲੋਚਨ ਕੌਰ ਨੇ ਆਪਣੇ ਪਿੰਡ ਦੀ ਧੀ ਪਰਮਜੀਤ ਕੌਰ ਸਰਹਿੰਦ ਦਾ ਮਾਣ ਸਨਮਾਨ ਇੱਕ ਸਨਮਾਨ ਪੱਤਰ, ਸਾ਼ਲ ਤੇ ਨਕਦ ਰਾਸ਼ੀ ਨਾਲ ਕੀਤਾ ਤੇ ਪਰਮਜੀਤ ਕੌਰ ਸਰਹਿੰਦ ਦੇ ਪੋਤਰੇ ਪੂਨਮ ਪ੍ਰਤੀਕ ਸਿੰਘ ਨੂੰ ਦਸਤਾਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ-ਨਾਲ ਪੋਤਰੀ ਸਾਹਿਬ ਸਬਾਬ ਕੌਰ, ਨੂੰਹ ਰੁਪਿੰਦਰ ਜੀਤ ਕੌਰ ਰਵੀ ਅਤੇ ਧੀਆਂ ਸੰਦੀਪ ਕੌਰ ਤੇ ਮਨਦੀਪ ਕੌਰ ਦਾ ਵੀ ਸਨਮਾਨ ਕੀਤਾ ਗਿਆ।
ਪੇਕੇ ਪਰਿਵਾਰ ਵਿੱਚੋਂ ਨਜ਼ਦੀਕੀ ਰਿਸ਼ਤੇਦਾਰ ਸੁਖਵਿੰਦਰ ਸਿੰਘ ਤੇ ਤਰਲੋਚਨ ਕੌਰ ਪਤਨੀ ਸਵ. ਤਹਿਸੀਲਦਾਰ ਹਰਮਨੋਹਰ ਸਿੰਘ ਨੇ ਵੀ ਪਰਮਜੀਤ ਕੌਰ ਸਰਹਿੰਦ ਦਾ ਸਨਮਾਨ ਕੀਤਾ, ਜਿਸ ਨੇ ਸਮਾਗਮ ਨੂੰ ਹੋਰ ਵੀ ਭਾਵੁਕ ਅਤੇ ਯਾਦਗਾਰੀ ਬਣਾ ਦਿੱਤਾ।
ਸਮਾਗਮ ਦੇ ਅੰਤ ਵਿੱਚ ਬੀਬੀ ਪਰਮਜੀਤ ਕੌਰ ਸਰਹਿੰਦ ਵੱਲੋਂ ਧੰਨਵਾਦੀ ਸ਼ਬਦ ਪੇਸ਼ ਕੀਤੇ ਗਏ। ਉਨ੍ਹਾਂ ਸਮਾਗਮ ਦੀ ਸਫਲਤਾ ਲਈ ਸਭ ਮਹਿਮਾਨਾਂ, ਲੇਖਕਾਂ, ਸਹਿਯੋਗੀਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਸਾਂਝੀ ਯਾਦਗਾਰੀ ਤਸਵੀਰ ਅਤੇ ਦੁਪਹਿਰ ਦੇ ਭੋਜਨ ਨਾਲ ਸਮਾਗਮ ਸੁਖਦ ਅਤੇ ਯਾਦਗਾਰ ਸੰਪੂਰਨਤਾ 'ਤੇ ਪੁੱਜਿਆ।
ਪੰਜਾਬੀ ਸਾਹਿਤ ਸਭਾ, ਅਮਲੋਹ ਦੇ ਕੋਆਰਡੀਨੇਟਰ ਮਿਹਰ ਸਿੰਘ ਰਾਈਏਵਾਲ,ਖੰਨਾ ਲਿਖਾਰੀ ਸਭਾ ਦੇ ਕੋਆਰਡੀਨੇਟਰ ਸਨੇਹਇੰਦਰ ਸਿੰਘ ਮੀਲੂ, ਮੋਰਿੰਡਾ ਸਾਹਿਤ ਸਭਾ ਤੋਂ ਗੁਰਨਾਮ ਸਿੰਘ ਬਿਜਲੀ ਵਿਸ਼ੇਸ਼ ਤੌਰ 'ਤੇ ਸਮਾਗਮ ਵਿੱਚ ਸ਼ਾਮਲ ਹੋਏ।
ਪਰਮਜੀਤ ਕੌਰ ਸਰਹਿੰਦ ਦੇ ਪੇਕੇ ਪਿੰਡ ਸੈਂਪਲੀ ਤੋਂ ਬਹੁਤ ਸਾਰੇ ਮੋਹਤਬਰ ਵਿਅਕਤੀਆਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਕਰਮਿੰਦਰ ਸਿੰਘ, ਤਰਲੋਚਨ ਕੌਰ, ਬੀਬਾ ਹਰਸਹਿਜ ਕੌਰ, ਮੇਜਰ ਕੁਰੈਸ਼ੀ, ਪ੍ਰਵੀਨ ਕੁਰੈਸ਼ੀ, ਰਵਿੰਦਰ ਕੌਰ, ਪਰਮਿੰਦਰ ਕੌਰ, ਤਰਲੋਚਨ ਸਿੰਘ, ਸੁਰਿੰਦਰ ਕੌਰ, ਬਲਬੀਰ ਕੌਰ, ਰਮਨਜੀਤ ਕੌਰ,ਸਤਪਾਲ ਸਿੰਘ ਪਮੌਰ, ਅਮਰਜੀਤ ਕੌਰ, ਪ੍ਰੇਮਜੀਤ ਕੌਰ ਤੇ ਗੁਰਮੀਤ ਕੌਰ ਪਰਿਵਾਰਾਂ ਸਮੇਤ ਅਤੇ ਸਹੁਰੇ ਪਿੰਡ ਸਾਨੀਪੁਰ ਤੋਂ ਜਸਵੀਰ ਕੌਰ ਜੱਸੀ, ਜੈਮਲ ਸਿੰਘ ਖਾਲਸਾ ਸਾਥੀਆਂ ਸਮੇਤ ਪੁੱਜੇ ਅਤੇ ਪਟਿਆਲਾ ਤੋਂ ਮਰਹੂਮ ਊਧਮ ਸਿੰਘ ਦੇ ਭਰਾਵਾਂ ਦੀਆਂ ਪਤਨੀਆਂ ਜਸਪਾਲ ਕੌਰ ਤੇ ਜਸਵੰਤ ਕੌਰ ਪੁੱਜੀਆਂ।
ਮਰਹੂਮ ਮੈਨੇਜਰ ਊਧਮ ਸਿੰਘ ਦੀ ਭੈਣ ਗੁਰਦੀਪ ਕੌਰ ਤੇ ਉਨ੍ਹਾਂ ਦੇ ਜੀਵਨ ਸਾਥੀ ਗੁਰਨੇਕ ਸਿੰਘ ਕੈਨੇਡਾ ਤੋਂ ਅਤੇ ਨੌਰਵੇ ਤੋਂ ਉਨ੍ਹਾਂ ਦੀ ਬੇਟੀ ਡਾ. ਮਨਦੀਪ ਕੌਰ ਤੇ ਦੋਹਤੀ ਰਿਦਮ ਕੌਰ ਉਚੇਚੇ ਤੌਰ ਉੱਤੇ ਪੁਜੀਆਂ।
ਸਮੁੱਚੇ ਸਮਾਗਮ ਦੇ ਸ਼ਾਨਦਾਰ ਪ੍ਰਬੰਧਾਂ ਦੀ ਜ਼ਿੰਮੇਵਾਰੀ ਪ੍ਰਬੰਧਕੀ ਟੀਮ ਦੇ ਮੁਖੀ ਸਭਾ ਦੇ ਸੀਨੀਅਰ ਮੈਂਬਰ ਅਜਮੇਰ ਸਿੰਘ ਮਾਨ ਦੇ ਨਾਲ ਨਾਲ ਬਲਤੇਜ ਸਿੰਘ ਬਠਿੰਡਾ, ਜਸ਼ਨ ਮੱਟੂ, ਅਮਰਬੀਰ ਸਿੰਘ ਚੀਮਾ, ਸਿਮਰਨਜੀਤ ਸਿੰਘ,
ਬਲਵਿੰਦਰ ਸਿੰਘ ਢੀਂਡਸਾ ਅਤੇ ਪਰਮਜੀਤ ਕੌਰ ਸਰਹਿੰਦ ਦੇ ਪੋਤਰੇ-ਪੋਤਰੀ ਪੂਨਮ ਪ੍ਰਤੀਕ ਸਿੰਘ ਤੇ ਸਾਹਿਬ ਸਵਾਬ ਕੌਰ ਨੇ ਬਾਖੂਬੀ ਨਿਭਾਈ।
Click to Follow Babushahi Facebook Page →