"ਯੂਨਾਨੀ ਸਾਹਿਤ ਵਿਚ ਪ੍ਰਤੀਬਿੰਬਤ ਭਾਰਤ" ਵਿਸ਼ੇ ਉੱਪਰ ਵਿਸ਼ੇਸ਼ ਲੈਕਚਰ
ਚੰਡੀਗੜ੍ਹ, 17 ਫ਼ਰਵਰੀ 2026
ਪੰਜਾਬੀ ਸਾਹਿਤ ਸਭਾ, ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਅੱਜ ਮਿਤੀ 17 ਫਰਵਰੀ 2026 ਨੂੰ "ਯੂਨਾਨੀ ਸਾਹਿਤ ਵਿਚ ਪ੍ਰਤੀਬਿੰਬਤ ਭਾਰਤ" ਵਿਸ਼ੇ ਉੱਪਰ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਹ ਲੈਕਚਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਅਧਿਐਨ ਵਿਭਾਗ ਦੀ ਗ੍ਰੀਕ ਚੇਅਰ ਦੇ ਪ੍ਰੋਫੈਸਰ ਅਤੇ ਇੰਡੋ-ਹੇਲੈਨਿਕ ਰਿਸਰਚ ਸੈਂਟਰ ਦੇ ਆਨਰੇਰੀ ਪ੍ਰੈਜ਼ੀਡੈਂਟ ਡਾ. ਅਨਿਲ ਕੁਮਾਰ ਸਿੰਘ, ਦੁਆਰਾ ਦਿੱਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਵਿਭਾਗ ਦੇ ਚੇਅਰਪਰਸਨ ਪ੍ਰੋ. ਯੋਗ ਰਾਜ ਵੱਲੋਂ ਸੁਆਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਨੇ ਮਹਿਮਾਨ ਵਿਦਵਾਨ ਦਾ ਤਹਿ ਦਿਲੋਂ ਸਵਾਗਤ ਕਰਦੇ ਹੋਏ ਵਿਸ਼ੇ ਦੀ ਅਕਾਦਮਿਕ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਡਾ. ਪਰਮਜੀਤ ਕੌਰ ਸਿੱਧੂ ਨੇ ਮੁਖ ਵਕਤਾ ਨਾਲ ਤੁਆਰਫ਼ ਵੀ ਕਰਾਇਆ ਅਤੇ ਸਾਹਿਤ, ਸੱਭਿਆਚਾਰ ਅਤੇ ਭਾਸ਼ਾ ਦੇ ਵਿਦਿਆਰਥੀ ਲਈ ਗ੍ਰੀਕ ਪ੍ਰੰਪਰਾ ਦੀ ਸਮਝ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆ ਅਜਿਹੇ ਵਿਸ਼ੇਸ਼ ਭਾਸ਼ਣ ਦੀ ਸਾਰਥਕਤਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਾਇਆ।
ਡਾ. ਅਨਿਲ ਕੁਮਾਰ ਸਿੰਘ ਨੇ ਆਪਣੇ ਭਾਸ਼ਣ ਵਿਚ ਪ੍ਰਾਚੀਨ ਯੂਨਾਨੀ ਸਾਹਿਤ, ਇਤਿਹਾਸਿਕ ਦਸਤਾਵੇਜ਼ਾਂ ਅਤੇ ਯਾਤਰਾ ਬਿਰਤਾਂਤਾਂ ਵਿਚੋਂ ਉਭਰਦੇ ਭਾਰਤ ਦੇ ਬਿੰਬ ਬਾਰੇ ਚਰਚਾ ਕਰਦਿਆਂ ਇਸ ਗੱਲ ਉੱਪਰ ਚਾਨਣਾ ਪਾਇਆ ਕਿ ਭਾਰਤ ਵਾਂਗ ਗ੍ਰੀਕ ਕੋਲ ਵੀ ਗਿਆਨ ਅਤੇ ਦਰਸ਼ਨ ਦੀ ਦੀਰਘ ਪ੍ਰੰਪਰਾ ਅਤੇ ਇਹਨਾਂ ਪ੍ਰੰਪਰਾਵਾਂ ਵਿਚ ਲੰਮਾ ਸੰਵਾਦ ਰਿਹਾ ਹੈ। ਡਾ. ਸਿੰਘ ਨੇ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਵਿਸ਼ਵ ਨੂੰ ਸਮਝਣ ਲਈ ਭਾਰਤ ਅਤੇ ਗ੍ਰੀਕ ਦੇ ਪ੍ਰਾਚੀਨ ਸੰਬੰਧਾਂ ਅਤੇ ਸੰਵਾਦ ਨੂੰ ਸਮਝਣਾ ਜ਼ਰੂਰੀ ਹੈ।
ਇਸ ਮੌਕੇ ਵਿਭਾਗ ਦੇ ਖੋਜਾਰਥੀ ਗੁਰਚਰਨ ਵੱਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਸਥਾਪਿਤ ਗ੍ਰੀਕ ਚੇਅਰ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਲੈਕਚਰ ਤੋਂ ਬਾਅਦ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਗੰਭੀਰ ਅਕਾਦਮਿਕ ਸਵਾਲ ਪੁੱਛੇ, ਜਿਨ੍ਹਾਂ ਦੇ ਡਾ. ਸਿੰਘ ਨੇ ਵਿਸਤ੍ਰਿਤ ਅਤੇ ਜਾਣਕਾਰੀ ਭਰਪੂਰ ਉੱਤਰ ਦਿੱਤੇ। ਅੰਤ ਵਿੱਚ ਵਿਭਾਗ ਵੱਲੋਂ ਮਹਿਮਾਨ ਵਿਦਵਾਨ ਨੂੰ ਸਿਮਰਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਲੈਕਚਰ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਬਹੁਤ ਹੀ ਗਿਆਨ ਭਰਪੂਰ ਅਤੇ ਪ੍ਰੇਰਨਾਤਾਮਕ ਸਾਬਤ ਹੋਇਆ। ਇਸ ਪ੍ਰੋਗਰਾਮ ਦੌਰਾਨ ਵਿਭਾਗ ਦੇ ਪ੍ਰੋ. ਡਾ. ਸਰਬਜੀਤ ਸਿੰਘ, ਡਾ. ਅਕਵਿੰਦਰ ਤਨਵੀ, ਡਾ. ਪਵਨ ਕੁਮਾਰ, ਰਵੀ ਕੁਮਾਰ ਅਤੇ ਜਸਪਾਲ ਸਿੰਘ, ਖੋਜਾਰਥੀ ਅਤੇ ਵਿਦਿਆਰਥੀਆਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ।