ਵੀਡੀਓ ਵਿਵਾਦ 'ਤੇ ਆਤਿਸ਼ੀ ਦਾ ਵੱਡਾ ਬਿਆਨ: "ਸਿੱਖ ਗੁਰੂਆਂ ਖ਼ਿਲਾਫ਼ ਬੋਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਭਾਜਪਾ ਫੈਲਾ ਰਹੀ ਹੈ ਝੂਠ"
Babushahi Network
ਨਵੀਂ ਦਿੱਲੀ, 20 ਜਨਵਰੀ 2026- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਸਿੱਖ ਗੁਰੂਆਂ ਬਾਰੇ ਕਥਿਤ ਵੀਡੀਓ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ 'ਤੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (BJP) 'ਤੇ ਝੂਠਾ ਪ੍ਰਚਾਰ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਸਿਆਸੀ ਲਾਹਾ ਲੈਣ ਲਈ ਉਨ੍ਹਾਂ ਦੇ ਬਿਆਨਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ।
"ਮੈਂ ਗੁਰੂ ਸਾਹਿਬਾਨ ਦਾ ਤਹਿ ਦਿਲੋਂ ਸਨਮਾਨ ਕਰਦੀ ਹਾਂ": ਆਤਿਸ਼ੀ
ਮੀਡੀਆ ਨਾਲ ਗੱਲਬਾਤ ਕਰਦਿਆਂ ਆਤਿਸ਼ੀ ਨੇ ਸਪੱਸ਼ਟ ਕੀਤਾ ਕਿ "ਮੈਂ ਕਦੇ ਵੀ ਸਿੱਖ ਗੁਰੂਆਂ ਖ਼ਿਲਾਫ਼ ਕੋਈ ਟਿੱਪਣੀ ਨਹੀਂ ਕੀਤੀ। ਮੈਂ ਉਨ੍ਹਾਂ ਦਾ ਦਿਲੋਂ ਸਤਿਕਾਰ ਕਰਦੀ ਹਾਂ। ਭਾਜਪਾ ਮੇਰੇ ਖ਼ਿਲਾਫ਼ ਝੂਠੀ ਵੀਡੀਓ ਅਤੇ ਅਫ਼ਵਾਹਾਂ ਫੈਲਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ।" ਆਤਿਸ਼ੀ ਨੇ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਉਹ ਇੱਕ 'ਝੂਠੇ ਇਨਸਾਨ' ਹਨ। ਉਨ੍ਹਾਂ ਯਾਦ ਕਰਵਾਇਆ ਕਿ ਪਹਿਲਾਂ ਵੀ ਕਪਿਲ ਮਿਸ਼ਰਾ ਨੇ ਅਜਿਹੇ ਹੀ ਝੂਠੇ ਇਲਜ਼ਾਮ ਲਗਾਏ ਸਨ, ਜਿਸ ਲਈ ਉਨ੍ਹਾਂ ਨੂੰ ਮੁਆਫੀ ਮੰਗਣੀ ਪਈ ਸੀ।
ਆਤਿਸ਼ੀ ਨੇ ਕਿਹਾ ਕਿ ਇਸ ਵਾਰ ਵੀ ਕਪਿਲ ਮਿਸ਼ਰਾ ਅਤੇ ਭਾਜਪਾ ਨੂੰ ਉਨ੍ਹਾਂ ਦੇ ਅਕਸ ਨੂੰ ਠੇਸ ਪਹੁੰਚਾਉਣ ਅਤੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨ ਲਈ ਮੁਆਫੀ ਮੰਗਣੀ ਪਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਸਾਰੇ ਧਰਮਾਂ ਅਤੇ ਗੁਰੂਆਂ ਦਾ ਸਤਿਕਾਰ ਕਰਦੀ ਆਈ ਹੈ।