Earthquake News : ਪਹਿਲਾਂ 3.7, ਫਿਰ 4.4 ਤੀਬਰਤਾ ਦਾ 'ਭੂਚਾਲ'! ਜਾਣੋ ਕਿੱਥੇ ਕੰਬੀ ਧਰਤੀ?
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 17 ਨਵੰਬਰ, 2025 : ਭਾਰਤ ਦੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਅਤੇ ਗੁਆਂਢੀ ਦੇਸ਼ ਚੀਨ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਲੱਦਾਖ ਦੇ ਲੇਹ 'ਚ ਐਤਵਾਰ ਨੂੰ 3.7 ਤੀਬਰਤਾ ਦਾ ਭੂਚਾਲ ਆਇਆ, ਜਦਕਿ ਚੀਨ ਦੇ ਸ਼ਿਨਜਿਆਂਗ 'ਚ ਸੋਮਵਾਰ ਤੜਕੇ 4.4 ਤੀਬਰਤਾ ਦਾ ਝਟਕਾ ਦਰਜ ਕੀਤਾ ਗਿਆ।
ਚੀਨ 'ਚ ਆਇਆ 4.4 ਤੀਬਰਤਾ ਦਾ 'ਘੱਟ ਡੂੰਘਾ' ਭੂਚਾਲ
ਚੀਨ ਦੇ ਸ਼ਿਨਜਿਆਂਗ ਖੇਤਰ 'ਚ ਸੋਮਵਾਰ ਤੜਕੇ 1 ਵੱਜ ਕੇ 26 ਮਿੰਟ 'ਤੇ 4.4 ਤੀਬਰਤਾ ਦਾ ਭੂਚਾਲ ਆਇਆ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦੱਸਿਆ ਕਿ ਇਹ ਭੂਚਾਲ ਸਿਰਫ਼ 10 ਕਿਲੋਮੀਟਰ ਦੀ ਘੱਟ ਡੂੰਘਾਈ 'ਤੇ ਆਇਆ ਸੀ। ਆਮ ਤੌਰ 'ਤੇ, ਸਤ੍ਹਾ ਦੇ ਨੇੜੇ ਯਾਨੀ ਘੱਟ ਡੂੰਘਾਈ 'ਤੇ ਆਉਣ ਵਾਲੇ ਭੂਚਾਲ ਵਧੇਰੇ ਖ਼ਤਰਨਾਕ ਮੰਨੇ ਜਾਂਦੇ ਹਨ, ਕਿਉਂਕਿ ਉਨ੍ਹਾਂ ਦੀ ਊਰਜਾ ਜ਼ਮੀਨ ਦੀ ਸਤ੍ਹਾ 'ਤੇ ਵਧੇਰੇ ਪ੍ਰਭਾਵ ਪਾਉਂਦੀ ਹੈ।
ਲੱਦਾਖ ਦੇ ਲੇਹ 'ਚ ਵੀ 3.7 ਤੀਬਰਤਾ ਦੇ ਝਟਕੇ
ਲੱਦਾਖ ਦੇ ਲੇਹ 'ਚ ਐਤਵਾਰ ਨੂੰ ਰਿਕਟਰ ਪੈਮਾਨੇ 'ਤੇ 3.7 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਇਸ ਭੂਚਾਲ ਦਾ ਕੇਂਦਰ ਵੀ ਜ਼ਮੀਨ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ 'ਤੇ ਹੀ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਲੇਹ 'ਚ 21 ਅਕਤੂਬਰ ਨੂੰ ਵੀ 3.7 ਤੀਬਰਤਾ ਦਾ ਭੂਚਾਲ ਆਇਆ ਸੀ, ਪਰ ਉਸਦਾ ਕੇਂਦਰ 90 ਕਿਲੋਮੀਟਰ ਦੀ ਡੂੰਘਾਈ 'ਤੇ ਸੀ।
ਕਿਉਂ ਕੰਬਦਾ ਹੈ ਤਿੱਬਤ-ਚੀਨ ਦਾ ਇਲਾਕਾ?
ਤਿੱਬਤ ਅਤੇ ਚੀਨ ਦਾ ਇਹ ਇਲਾਕਾ ਦੁਨੀਆ ਦੇ ਸਭ ਤੋਂ ਵੱਧ ਸਰਗਰਮ ਭੂਚਾਲ ਵਾਲੇ ਖੇਤਰਾਂ 'ਚੋਂ ਇੱਕ ਹੈ। ਇਸਦਾ ਮੁੱਖ ਕਾਰਨ ਹੈ ਟੈਕਟੋਨਿਕ ਪਲੇਟਾਂ ਦੀ ਟੱਕਰ। ਭਾਰਤ ਦੀ ਟੈਕਟੋਨਿਕ ਪਲੇਟ ਲਗਾਤਾਰ ਉੱਤਰ ਵੱਲ ਵਧ ਰਹੀ ਹੈ ਅਤੇ ਯੂਰੇਸ਼ੀਅਨ ਪਲੇਟ ਨਾਲ ਟਕਰਾਉਂਦੀ ਹੈ। ਇਸੇ ਟੱਕਰ ਨੇ ਲੱਖਾਂ ਸਾਲ ਪਹਿਲਾਂ ਹਿਮਾਲਿਆ ਪਰਬਤ ਅਤੇ ਤਿੱਬਤੀ ਪਠਾਰ ਦਾ ਨਿਰਮਾਣ ਕੀਤਾ ਸੀ। ਇਹ ਪ੍ਰਕਿਰਿਆ ਅੱਜ ਵੀ ਜਾਰੀ ਹੈ, ਇਸ ਲਈ ਇੱਥੇ ਵਾਰ-ਵਾਰ ਭੂਚਾਲ ਆਉਂਦੇ ਹਨ।