ਕਿਤੇ ਪੰਜਾਬ 'ਚ ਨਵਾਂ ਬਹੁਕਰੋੜੀ ਘੁਟਾਲਾ ਤਾਂ ਨਹੀਂ ਹੋਣ ਜਾ ਰਿਹੈ? ਜਾਂਚ 'ਚ ਜੁਟੀ ਪੁਲਿਸ!
ਰੋਹਿਤ ਗੁਪਤਾ
ਗੁਰਦਾਸਪੁਰ 12 ਨਵੰਬਰ 2025- ਪੰਜਾਬ ਵਿੱਚ ਅਜਿਹੇ ਬਹੁਤ ਸਾਰੇ ਘੁਟਾਲੇ ਹੋਏ ਹਨ ਜਦੋਂ ਭੋਲੇ ਭਾਲੇ ਲੋਕਾਂ ਨੂੰ ਇਨਵੈਸਟਮੈਂਟ ਦੇ ਨਾਮ 'ਤੇ ਠੱਗਿਆ ਗਿਆ ਹੋਵੇ । ਅਜਿਹੇ ਹੀ ਇੱਕ ਨਵੇਂ ਘੁਟਾਲੇ ਦਾ ਸੰਕੇਤ ਮਿਲ ਰਿਹਾ ਹੈ ਜਿੱਥੇ ਭਾਲੇ ਗਰੀਬ ਪੇਂਡੂ ਲੋਕਾਂ ਅਤੇ ਕਿਸਾਨਾਂ, ਸਾਬਕਾ ਫੌਜੀਆਂ ਕੋਲੋਂ ਗਲਤ ਤਰੀਕੇ ਨਾਲ ਇੱਕ ਕੰਪਨੀ ਵਿੱਚ ਇਨਵੈਸਟ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਇਹ ਕੰਪਨੀ ਇੱਕ ਡੇਅਰੀ ਉਤਪਾਦ ਬਣਾਉਣ ਵਾਲੀ ਕੰਪਨੀ ਹੈ, ਜੋ RBI ਤੋਂ ਰਜਿਸਟਰਡ ਹੋਏ ਬਿਨਾਂ ਅਜਿਹੀ ਇਨਵੈਸਟਮੈਂਟ ਨਹੀਂ ਕਰਵਾ ਸਕਦੀ। ਅਨੁਮਾਨ ਹੈ ਕਿ ਹੁਣ ਤੱਕ ਤੇ ਕੰਪਨੀ ਭੋਲੇ ਭਾਲੇ ਗਰੀਬ ਲੋਕਾਂ ਦਾ ਕਰੀਬ 600 ਕਰੋੜ ਰੁਪਆ ਜ਼ਿਆਦਾ ਵਿਆਜ ਦੇਣ ਦਾ ਲਾਲਚ ਦੇ ਕੇ ਜਾਂ ਐਫ ਡੀ ਅਤੇ ਆਰਡੀ ਦੇ ਨਾਮ ਤੇ ਇਨਵੈਸਟ ਕਰਵਾ ਚੁੱਕੀ ਹੈ।
ਇਨਵੈਸਟਰ ਦਾ ਸਿਰਫ ਇੱਕ ਮੈਂਬਰ ਕੰਟਰੀਬਿਊਸਨ ਫਾਰਮ ਭਰਿਆ ਜਾਂਦਾ ਹੈ ਜਦ ਕਿ ਨਿਯਮਾਂ ਦੇ ਹਿਸਾਬ ਨਾਲ ਇਹ ਬਿਲਕੁਲ ਗਲਤ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਸਾਰੇ ਪਿੱਛੇ ਇੱਕ ਚਿੱਟ ਫੰਡ ਕੰਪਨੀ ਵਿੱਚ ਹਿੱਸੇਦਾਰ ਰਹੇ ਇੱਕ ਵਿਅਕਤੀ ਦਾ ਦਿਮਾਗ ਕੰਮ ਕਰ ਰਿਹਾ ਹੈ (ਜਿਸਦੇ ਕਰੋੜਾਂ ਇਨਵੈਸਟਰ ਅੱਜ ਵੀ ਆਪਣੇ ਪੈਸੇ ਵਾਪਸ ਮਿਲਣ ਦੀ ਆਸ ਲਗਾਏ ਬੈਠੇ ਹਨ ) ਇਸ ਦਿਮਾਗ ਦੇ ਧਨੀ ਵਿਅਕਤੀ ਨੇ 2018 ਵਿੱਚ ਇੱਕ ਦੁੱਧ ਉਤਪਾਦਕ ਕੰਪਨੀ ਰਜਿਸਟਰਡ ਕਰਵਾ ਕੇ ਪੰਜਾਬ ਵਿੱਚ ਤਿੰਨ ਦੁੱਧ ਉਤਪਾਦਾਂ ਦੇ ਯੂਨਿਟ ਖੋਲੇ ਹਨ, ਇੱਕ ਜਾਣਕਾਰੀ ਅਨੁਸਾਰ ਤਕਰੀਬਨ 11 ਡਾਇਰੈਕਟਰ ਵੱਲੋਂ 12 ਵੱਖ ਵੱਖ ਕੰਪਨੀਆਂ ਰਜਿਸਟਰਡ ਕਰਵਾਈਆਂ ਗਈਆਂ ਹਨ ਜਦ ਕਿ ਇਹਨਾਂ 12 ਵਿੱਚੋਂ ਇੱਕ ਵੀ ਫਾਈਨੈਂਸ ਕੰਪਨੀ ਨਹੀਂਂ ਹੈ ਅਤੇੇ ਨਾਂ ਕੀ ਇਹਨਾਂਂ ਵਿੱਚੋਂ ਕਿਸੇ ਦਾ ਨਾਂ ਆਰਬੀਆਈ ਤੋਂ ਰਜਿਸਟਰਡ ਹੈ।
ਕੰਪਨੀ ਵਿੱਚ ਸਲਾਹਕਾਰਾਂ ਅਤੇ ਏਜੈਂਟਾਂ ਨੂੰ ਮੋਟਾ ਲਾਲਚ ਦੇ ਕੇ ਉਹਨਾਂ ਦੇ ਜਰੀਏ ਲੋਕਾਂ ਨੂੰ ਜਿਆਦਾ ਵਿਆਜ ਦਾ ਲਾਲਚ ਦੇ ਕੇ ਅਤੇ ਆਪਣੇ ਭਵਿੱਖ ਦੇ ਪ੍ਰੋਜੈਕਟ ਦੱਸ ਕੇ ਪੈਸੇ ਇਨਵੈਸਟ ਕਰਵਾਏ ਜਾ ਰਹੇ ਹਨ।ਅਨੁਮਾਨ ਹੈ ਕਿ ਗੁਰਦਾਸਪੁਰ ਵਿੱਚ ਹੀ 30 ਕਰੋੜ ਰੁਪਏ ਦੇ ਕਰੀਬ ਇਸ ਕੰਪਨੀ ਵਿੱਚ ਇਨਵੈਸਟ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਬਿਲਕੁਲ ਹੀ ਕੰਪਨੀ ਦੀ ਕਿਸੇ ਪਾਲਸੀ ਜਾਂ ਕੋਈ ਸ਼ਰਤਾਂ ਦੀ ਜਾਣਕਾਰੀ ਨਹੀਂ।
ਇੱਕ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਕੰਪਨੀ ਦੇ ਏਜੈਂਟ ਨੇ ਸੰਪਰਕ ਕੀਤਾ ਤੇ ਕਿਹਾ ਕਿ, ਜੇਕਰ ਮੈਂ ਆਪਣੇ ਪੈਸੇ ਇਨਵੈਸਟ ਕਰਦਾ ਹਾਂ ਜਿਸ ਦੀ ਇੱਕ ਕਿਸਤ 10800 ਹੈ ਸਲਾਨਾ ਹੈ ਅਤੇ ਪੰਜ ਸਾਲ ਵਿੱਚ 54 ਹਜ਼ਾਰ ਦੇ ਕਰੀਬ ਜਮਾਂ ਕਰਵਾਉਣ ਤੇ ਮੈਨੂੰ 78 ਹਜਾਰ 800 ਰੁਪਏ ਵਾਪਸ ਕੰਪਨੀ ਵੱਲੋਂ ਕੀਤੇ ਜਾਣਗੇ ਅਤੇ ਜੇ ਮੈਂ ਇਹ ਪੈਸਾ ਛੇ ਸਾਲ ਅੱਠ ਮਹੀਨੇ ਲਈ ਫਿਕਸ ਕਰਵਾ ਦਿੰਦਾ ਹਾਂ ਤਾਂ ਮੈਨੂੰ ਇਸ ਦੀ ਦੁਗਣੀ ਰਕਮ ਦਿੱਤੀ ਜਾਵੇਗੀ।
ਇਸੇ ਕੰਪਨੀ ਦੇ ਇੱਕ ਪਲਾਨ ਅਨੁਸਾਰ ਫਿਕਸ ਡਿਪੋਜਿਟ ਕਰਵਾਉਣ ਤੇ ਕੁਝ ਪੈਨਸ਼ਨ ਸਕੀਮ ਨਾਮ ਦੀਆਂ ਸਕੀਮਾਂ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਸਮਾਂ ਪੂਰਾ ਹੋਣ ਤੇ ਉਹ ਪੈਸਾ ਵੀ ਵਾਪਸ ਕਰਨ ਦੀ ਗੱਲ ਕਹੀ ਜਾ ਰਹੀ ਹੈ। ਇੱਥੇ ਹੀ ਬਸ ਨਹੀਂ ਜਿਹੜੇ ਐਡਵਾਈਜ਼ਰ ਚੇਨ ਟਾਈਪ ਕੰਮ ਕਰਦੇ ਹਨ ਜਿਸ ਵਿੱਚ ਉਦਾਹਰਨ ਦੇ ਤੌਰ ਤੇ 10800 ਰੁਪਏ ਜੇ ਉਹ ਕਿਸੇ ਕੋਲੋਂ ਇਨਵੈਸਟ ਕਰਾਉਂਦੇ ਹਨ ਤਾਂ ਉਸ ਨੂੰ 10% ਕਮਿਸ਼ਨ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਅਗਲੀ ਲੈੱਗ ਲਾਈਨ ਨੂੰ 5% ਫੇਰ 4% ਇਸੇ ਤਰ੍ਹਾਂ 17 % ਪੈਸਾ ਹਰ ਕਿਸਤ ਜਮਾਂ ਕਰਾਉਣ ਤੇ ਕੰਮ ਕਰਨ ਵਾਲੇ ਐਡਵਾਈਜ਼ਰ ਜਾਂ ਏਜਂਟਸ ਨੂੰ ਇਨਾਮ ਵਜੋਂ ਵੰਡ ਦਿੱਤਾ ਜਾਂਦਾ ਹੈ ।
ਇਸ ਵਿੱਚ ਇਹ ਵੀ ਵੇਖਿਆ ਗਿਆ ਹੈ ਕਿ ਇਕ ਲੱਖ, ਦੋ ਲੱਖ ਜਾਂ ਚਾਰ ਲੱਖ ਰੁਪਏ ਤੱਕ ਕੈਸ਼ ਵਿੱਚ ਵੀ ਲੋਕਾਂ ਕੋਲੋਂ ਪੈਸਾ ਲਿਆ ਜਾ ਰਿਹਾ ਤੇ ਬਾਅਦ ਵਿੱਚ ਏਜੰਟ ਆਪਣੇ ਅਕਾਊਂਟ ਵਿੱਚੋਂ ਕੰਪਨੀ ਦੇ ਅਕਾਊਂਟ ਦੇ ਵਿੱਚ ਜਮਾਂ ਕਰਵਾ ਰਹੇ ਹਨ ਨਾ ਕਿ ਇਨਵੈਸਟ ਕਰਨ ਵਾਲੇ ਲੋਕਾਂ ਦੇ ਅਕਾਊਂਟ ਤੋਂ ਕੰਪਨੀ ਦੇ ਅਕਾਊਂਟ ਵਿੱਚ ਪੈਸਾ ਟਰਾਂਸਫਰ ਕੀਤਾ ਜਾ ਰਿਹਾ ਹੈ । ਬਹੁਤ ਸਾਰੇ ਇਸ ਤਰ੍ਹਾਂ ਦੇ ਚੈੱਕ ਵੀ ਸਾਹਮਣੇ ਆਏ ਕਿ ਭੋਲੇ ਭਾਲੇ ਕੋਲੋਂ ਬਿਨਾਂ ਨਾਮ ਤੋਂ ਲੱਖਾਂ ਰੁਪਇਆ ਦੇ ਚੈੱਕ ਸਾਈਨ ਕਰਵਾਏ ਜਾ ਰਹੇ ਹਨ। ਬਹੁਤ ਸਾਰੀਆਂ ਟਰਾਂਜੈਕਸ਼ਨ UPI ਰਾਹੀਂ ਵੀ ਟਰਾਂਸਫਰ ਕੀਤੀਆਂ ਜਾ ਰਹੀਆਂ ਹਨ। ਨਿਯਮਾਂ ਦੇ ਹਿਸਾਬ ਨਾਲ ਸਿੱਧਾ ਸਿੱਧਾ ਇਹ ਇੱਕ ਵੱਡੇ ਘੋਟਾਲੇ ਦਾ ਸੰਕੇਤ ਹੈ।
ਪੁਲਿਸ ਕੋਲ ਪੁੱਜਾ ਮਾਮਲਾ
ਦੂਜੇ ਪਾਸੇ ਇਹ ਜਾਣਕਾਰੀ ਵੀ ਮਿਲੀ ਹੈ ਕਿ ਗੁਰਪ੍ਰੀਤ ਸਿੰਘ ਡਾਲਾ ਨਾਮ ਦੇ ਇੱਕ ਨੌਜਵਾਨ ਵੱਲੋਂ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਨੂੰ ਵੀ ਕੀਤੀ ਗਈ ਹੈ ਪਰ ਮੁੱਖ ਮੰਤਰੀ ਦਫਤਰ ਤੋਂ ਸ਼ਿਕਾਇਤ ਪੱਤਰ ਪੁਲਿਸ ਨੂੰ ਭੇਜੇ ਜਾਣ ਦੇ ਬਾਵਜੂਦ ਅਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ। ਬਹੁਤ ਜਲਦੀ ਇਸ ਬਾਰੇ ਹੋਰ ਖੁਲਾਸੇ ਵੀ ਕੀਤੇ ਜਾਣਗੇ ।