ਸਨਾਤਨ ਚੇਤਨਾ ਮੰਚ ਦੇ ਹੋਲੀਕਾ ਦਹਿਨ ਸਮਾਗਮ ਵਿੱਚ ਸ਼ਹਿਰ ਨਿਵਾਸੀਆਂ ਨੇ ਕੀਤੀ ਸ਼ਿਰਕਤ
ਦੇਰ ਰਾਤ ਤੱਕ ਚੱਲਿਆ ਸਮਾਗਮ , ਵਿਧੀਵੱਤ ਹਵਨ ਪੂਜਾ ਦੇ ਨਾਲ ਕੀਤਾ ਗਿਆ ਹੋਲੀਕਾ ਦਹਿਨ
ਰੋਹਿਤ ਗੁਪਤਾ
ਗੁਰਦਾਸਪੁਰ , 3 ਫਰਵਰੀ 2026 :
ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਹਨੁਮਾਨ ਚੌਂਕ ਵਿੱਚ ਕਰਵਾਏ ਗਏ ਹੋਲੀਕਾ ਦਹਿਨ ਸਮਾਗਮ ਵਿੱਚ ਭਾਰੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਨੇ ਸ਼ਿਰਕਤ ਕੀਤੀ । ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਸਨ ਅਤੇ ਵਿਧੀਵਤ ਮੰਤਰ ਉਚਾਰਨ ਅਤੇ ਹਵਨ ਪੂਜਾ ਦੇ ਨਾਲ ਉਹਨਾਂ ਨੇ ਹੋਲੀਕਾ ਦਹਿਨ ਸਮਾਗਮ ਦੀ ਸ਼ੁਰੂਆਤ ਕੀਤੀ । ਸ਼ਹਿਰ ਨਿਵਾਸੀਆਂ ਵੱਲੋਂ ਹੋਲੀਕਾ ਦਹਿਨ ਵੇਦੀ ਦੀ ਪਰਿਕਰਮਾ ਕਰਕੇ ਉਸ ਵਿੱਚ ਨਾਰੀਅਲ ਅਤੇ ਹੋਰ ਸਮਗਰੀ ਦੀਆਂ ਆਹੂਤੀਆਂ ਪਾਈਆਂ ਗਈਆਂ ।
ਸ਼੍ਰੀ ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਅਨੂੰ ਗੰਡੋਤਰਾ ਨੇ ਦੱਸਿਆ ਕਿ ਮੰਚ ਵੱਲੋਂ ਲਗਾਤਾਰ ਪੁਰਾਤਨ ਸੰਸਕ੍ਰਿਤੀ ਨੂੰ ਪੁਨਰ ਜੀਵਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਸੇ ਕੜੀ ਵਿੱਚ ਤਿਉਹਾਰਾਂ ਨੂੰ ਪੁਰਾਤਨ ਪਰੰਪਰਾਵਾਂ ਅਤੇ ਰੀਤੀਆਂ ਅਨੁਸਾਰ ਮਨਾਉਣ ਦੀ ਪ੍ਰਥਾ ਸ਼ੁਰੂ ਕੀਤੀ ਗਈ ਹੈ। ਹੋਲੀ ਹੀ ਨਹੀਂ ,ਦਿਵਾਲੀ ,ਜਨਮ ਅਸ਼ਟਮੀ ਵਰਗੇ ਤਿਉਹਾਰ ਵੀ ਸ਼੍ਰੀ ਸਨਾਤਨ ਚੇਤਨਾ ਮੰਚ ਵਲੋਂ ਪੁਰਾਤਨ ਸੰਸਕ੍ਰਿਤੀ ਅਤੇ ਮਰਿਆਦਾ ਅਨੁਸਾਰ ਮਨਾਏ ਜਾਂਦੇ ਹਨ ਤਾਂ ਜੋ ਨੌਜਵਾਨ ਪੀੜੀ ਸਾਡੇ ਸਨਾਤਨੀ ਵਿਰਸੇ ਅਤੇ ਸੰਸਕ੍ਰਿਤੀ ਤੋਂ ਜਾਣੂ ਹੋ ਸਕੇ ਅਤੇ ਉਸ ਨਾਲ ਜੁੜੀ ਰਹਿ ਸਕੇ ।
ਉੱਥੇ ਹੀ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਰਮਨ ਬਹਿਲ ਨੇ ਸ਼੍ਰੀ ਸਨਾਤਨ ਚੇਤਨਾ ਮੰਚ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਸ਼ਹਿਰ ਨਿਵਾਸੀਆਂ ਨੂੰ ਹੋਲੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਤਿਉਹਾਰ ਆਪਸੀ ਭਾਈਚਾਰੇ ਅਤੇ ਸਾਂਝ ਦੇ ਪ੍ਰਤੀਕ ਹਨ । ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਇਹ ਤਿਉਹਾਰ ਮਨਾਉਣੇ ਚਾਹੀਦੇ ਹਨ ।
Click to Follow Babushahi Facebook page →