ਜ਼ਿਮਨੀ ਚੋਣ ਲਈ ਹਲਕਾ ਲੁਧਿਆਣਾ ਪੱਛਮੀ ਪੂਰੀ ਤਰ੍ਹਾਂ ਤਿਆਰ: ਪੋਲਿੰਗ ਪਾਰਟੀਆਂ ਸੁਰੱਖਿਆ ਕਰਮਚਾਰੀਆਂ ਨਾਲ ਸਟੇਸ਼ਨਾਂ 'ਤੇ ਪਹੁੰਚੀਆਂ
--- 194 ਪੋਲਿੰਗ ਪਾਰਟੀਆਂ ਲੋੜੀਂਦੇ ਸੁਰੱਖਿਆ ਕਰਮਚਾਰੀਆਂ ਨਾਲ ਪੋਲਿੰਗ ਸਟੇਸ਼ਨਾਂ 'ਤੇ ਪਹੁੰਚੀਆਂ
--- 10 ਮਾਡਲ ਪੋਲਿੰਗ ਬੂਥ, ਇੱਕ ਗੁਲਾਬੀ ਪੋਲਿੰਗ ਸਟੇਸ਼ਨ, ਇੱਕ ਹਰਾ ਪੋਲਿੰਗ ਸਟੇਸ਼ਨ ਅਤੇ ਇੱਕ ਪੋਲਿੰਗ ਸਟੇਸ਼ਨ ਖਾਸ ਤੌਰ 'ਤੇ ਪੀ.ਡਬਲਯੂ.ਡੀ ਲਈ
ਸੁਖਮਿੰਦਰ ਭੰਗੂ
ਲੁਧਿਆਣਾ, 18 ਜੂਨ, 2025 - ਲੁਧਿਆਣਾ ਪੱਛਮੀ ਹਲਕੇ ਦੇ 175469 ਵੋਟਰ ਵੀਰਵਾਰ ਨੂੰ ਜ਼ਿਮਨੀ ਚੋਣ ਲਈ ਚੋਣ ਮੈਦਾਨ ਵਿੱਚ ਉਤਰੇ 14 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਜਿੱਥੇ 194 ਪੋਲਿੰਗ ਸਟੇਸ਼ਨਾਂ 'ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਜਿਨ੍ਹਾਂ ਨੇ ਖ਼ਾਲਸਾ ਕਾਲਜ (ਲੜਕੀਆਂ) ਲੁਧਿਆਣਾ ਤੋਂ ਪੋਲਿੰਗ ਪਾਰਟੀਆਂ ਭੇਜਣ ਦੀ ਨਿਗਰਾਨੀ ਕੀਤੀ, ਨੇ ਦੱਸਿਆ ਕਿ ਲੁਧਿਆਣਾ ਪੱਛਮੀ ਹਲਕੇ ਵਿੱਚ 175469 ਵੋਟਰ ਹਨ ਜਿਨ੍ਹਾਂ ਵਿੱਚ 90088 ਪੁਰਸ਼, 85371 ਔਰਤਾਂ, 10 ਤੀਜਾ ਲਿੰਗ ਅਤੇ ਹੋਰ ਸ਼ਾਮਲ ਹਨ ਜੋ 19 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨ੍ਹਾਂ ਦੱਸਿਆ ਕਿ ਪੋਲਿੰਗ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਲਗਭਗ 776 ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਨਾਲ ਹੀ 194 ਪੋਲਿੰਗ ਪਾਰਟੀਆਂ ਪੋਲਿੰਗ ਬੂਥਾਂ 'ਤੇ ਭੇਜੀਆਂ ਗਈਆਂ ਹਨ। ਉਨ੍ਹਾਂ ਨੇ ਸਮੁੱਚੇ ਚੋਣ ਅਮਲੇ ਨੂੰ ਆਪਣੀਆਂ ਡਿਊਟੀਆਂ ਪੂਰੀ ਲਗਨ ਨਾਲ ਨਿਭਾਉਣ ਲਈ ਕਿਹਾ ਤਾਂ ਜੋ ਵੋਟਰ ਆਪਣੀ ਵੋਟ ਸੁਚਾਰੂ ਅਤੇ ਮੁਸ਼ਕਲ ਰਹਿਤ ਪਾ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰਿਆਂ ਦੇ ਮੋਢਿਆਂ 'ਤੇ ਪੂਰੀ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਪੂਰਾ ਕਰਨ ਦੀ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਇਸ ਪ੍ਰਕਿਰਿਆ ਵਿੱਚ ਪੋਲਿੰਗ ਪਾਰਟੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਕਿਹਾ ਕਿ ਪੋਲਿੰਗ ਪਾਰਟੀਆਂ ਅਤੇ ਪੋਲਿੰਗ ਬੂਥਾਂ 'ਤੇ ਵੋਟਰਾਂ ਦੀ ਸਹੂਲਤ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਗਏ ਹਨ। ਵਿਸ਼ੇਸ਼ ਪ੍ਰਬੰਧਾਂ ਵਿੱਚ ਟੈਂਟ, ਕੁਰਸੀਆਂ, ਠੰਡਾ ਪਾਣੀ, ਪੱਖੇ, ਵ੍ਹੀਲਚੇਅਰ ਅਤੇ ਰੈਂਪ ਸ਼ਾਮਲ ਹਨ। ਇਸ ਤੋਂ ਇਲਾਵਾ ਜ਼ਿਮਨੀ ਚੋਣ ਲਈ 10 ਮਾਡਲ ਪੋਲਿੰਗ ਬੂਥ, ਇੱਕ ਗੁਲਾਬੀ ਪੋਲਿੰਗ ਬੂਥ, ਇੱਕ ਹਰਾ ਪੋਲਿੰਗ ਬੂਥ ਅਤੇ ਇੱਕ ਪੋਲਿੰਗ ਬੂਥ ਖਾਸ ਤੌਰ 'ਤੇ ਪੀ.ਡਬਲਯੂ.ਡੀ ਲਈ ਸਥਾਪਤ ਕੀਤਾ ਗਿਆ ਹੈ।
ਹਿਮਾਂਸ਼ੂ ਜੈਨ ਨੇ ਵੋਟਰਾਂ ਨੂੰ ਚੋਣਾਂ ਵਾਲੇ ਦਿਨ ਵੱਡੀ ਗਿਣਤੀ ਵਿੱਚ ਵੋਟ ਪਾਉਣ ਲਈ ਬਾਹਰ ਆ ਕੇ ਵੋਟ ਪਾਉਣ ਦਾ ਇੱਕ ਨਵਾਂ ਰਿਕਾਰਡ ਕਾਇਮ ਕਰਨ ਲਈ ਉਤਸ਼ਾਹਿਤ ਕੀਤਾ।
ਇਸ ਤੋਂ ਪਹਿਲਾਂ, 194 ਪੋਲਿੰਗ ਪਾਰਟੀਆਂ ਨੂੰ ਖਾਲਸਾ ਕਾਲਜ ਫਾਰ (ਲੜਕੀਆਂ) ਤੋਂ ਜੀ.ਪੀ.ਐਸ ਫਿੱਟ ਵਾਹਨਾਂ ਵਿੱਚ ਉਨ੍ਹਾਂ ਦੇ ਸਬੰਧਤ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕੀਤਾ ਗਿਆ ਸੀ।