Babushahi Special: ਲੱਖ ਟਕੇ ਦਾ ਸਵਾਲ ਜਾਣੋ ਕੌਣ ਜਿੱਤੂਗਾ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ
ਅਸ਼ੋਕ ਵਰਮਾ
ਲੁਧਿਆਣਾ, 6 ਜੂਨ 2025: ਲੁਧਿਆਣਾ ਪੱਛਮੀ ਹਲਕੇ ਦੀਆਂ ਗਲੀਆਂ ਅਤੇ ਮੁਹੱਲਿਆਂ ਵਿੱਚ ਇੱਕੋ ਹੀ ਸੁਆਲ ਹੈ ਜਿਮਨੀ ਚੋਣ ਵਿੱਚ ਕੌਣ ਜਿੱਤੂ ਅਤੇ ਹਵਾ ਦਾ ਰੁਖ ਕੀਹਦੇ ਵੱਲ ਹੈ। ਵੋਟਾਂ ਪੈਣ ਵਿੱਚ ਹਾਲੇ 13 ਦਿਨ ਬਾਕੀ ਹਨ ਜਿਸ ਦੌਰਾਨ ਚੋਣ ਮੈਦਾਨ ਕਾਫੀ ਰੰਗ ਬਦਲ ਸਕਦਾ ਹੈ। ਚੋਣ ਮੈਦਾਨ ਵਿੱਚ ਹੋਰ ਵੀ ਸਿਆਸੀ ਧਿਰਾਂ ਮੈਦਾਨ ’ਚ ਹਨ ਪਰ ਮੁੱਖ ਤੌਰ ਤੇ ਮੁਕਾਬਲਾ ਆਪ, ਕਾਂਗਰਸ ,ਭਾਜਪਾ ਅਤੇ ਅਕਾਲੀ ਦਲ ਵਿਚਕਾਰ ਹੈ। ਸਾਲ 2002 ਤੋਂ 2022 ਤੱਕ ਪੰਜ ਚੋਣਾਂ ਚੋਂ ਤਿੰਨ ਵਾਰ ਜਿੱਤੀ ਹੋਣ ਕਾਰਨ ਪੱਛਮੀ ਹਲਕੇ ਨੂੂੰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ। ਕਾਂਗਰਸ ਪਾਰਟੀ ਨੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜੇਲ੍ਹ ਯਾਤਰਾ ਕਰਕੇ ਆਏ ਭਾਰਤ ਭੂਸ਼ਣ ਆਸ਼ੂ ਤੇ ਇੱਕ ਵਾਰ ਫਿਰ ਦਾਅ ਖੇਡਿ੍ਹਆ ਹੈ। ਲੋਕ ਆਖਦੇ ਹਨ ਕਿ ਹਲਕੇ ’ਚ ਕੋਈ ਛਿੱਕ ਵੀ ਮਾਰੇ ਤਾਂ ਆਸ਼ੂ ਨੂੰ ਖਬਰ ਹੋ ਜਾਂਦੀ ਹੈ।
ਕਾਂਗਰਸ ਦੇ ਸਾਬਕਾ ਮੰਤਰੀ ਆਸ਼ੂ ਦੋ ਵਾਰ ਪੱਛਮੀ ਹਲਕੇ ਤੋਂ ਬੰਪਰ ਜਿੱਤ ਹਾਸਲ ਕਰਨ ਕਾਰਨ ਇਨ੍ਹਾਂ ਰਾਹਾਂ ਤੋਂ ਬਾਖੂਬੀ ਵਾਕਫ ਹਨ। ਚੋਣ ਪ੍ਰਚਾਰ ਦੌਰਾਨ ਕਿੱਥੋਂ ਮੋੜਾ ਕੱਟਣਾ ਹੈ ਅਤੇ ਕਿਥੋਂ ਸਿਆਸੀ ਰਾਹ ਜਿੱਤ ਦੀ ਜਰਨੈਲੀ ਸੜਕ ’ਤੇ ਖੁੱਲ੍ਹਦਾ ਹੈ, ਉਨ੍ਹਾਂ ਨੂੰ ਕੱੁਝ ਵੀ ਭੁੱਲਿਆ ਨਹੀਂ ਹੈ। ਇਸ ਦੇ ਬਾਵਜੂਦ ਐਤਕੀਂ ਪੱਛਮੀ ਹਲਕੇ ’ਚ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਲਈ ਸਿਆਸੀ ਰਾਹ ਇੰਨੇ ਮੋਕਲੇ ਨਹੀਂ ਜਾਪ ਰਹੇ ਹਨ। ਕਥਿਤ ਭ੍ਰਿਸ਼ਟਾਚਾਰ ’ਚ ਉਲਝਣ ਕਾਰਨ ਆਸ਼ੂ ਦਾ ਸਿਆਸੀ ਗੱਡਾ ਹਾਲ ਦੀ ਘੜੀ ਚਿੱਕੜ ’ਚ ਫਸਿਆ ਜਾਪਦਾ ਹੈ ਅਤੇ ਉਨ੍ਹਾਂ ਨੂੰ ਧੜਕੂ ਵੀ ਲੱਗਾ ਹੋਇਆ ਹੈ। ਹਲਕੇ ’ਚ ਆਮ ਆਦਮੀ ਪਾਰਟੀ ਦੇ ਝੰਡਿਆਂ ਵਾਲੇ ਪ੍ਰਚਾਰਕ ਗਲੀਆਂ ਮੁਹੱਲਿਆਂ ਵਿੱਚ ਸ਼ੂਕਦੇ ਫਿਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਲਕੇ ਵਿੱਚ ਪ੍ਰਚਾਰ ਦੌਰਾਨ ਮਾਰੇ ਜਾ ਰਹੇ ਸਿਆਸੀ ਲਲਕਾਰਿਆਂ ਨੇ ਵਿਰੋਧੀਆਂ ਦੇ ਸਾਹ ਸੂਤੇ ਹਨ।
‘ਆਪ’ ਦਾ ਲੁਧਿਆਣਾ ਪੱਛਮੀ ਹਲਕੇ ਤੋਂ ਉਮੀਦਵਾਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਮੈਦਾਨ ਵਿੱਚ ਹੈ ਜੋ ਹਰ ਸਟੇਜ ਤੋਂ ਬੜ੍ਹਕ ਮਾਰਦਾ ਹੈ ਕਿ ਜਿਮਨੀ ਚੋਣ ਦੌਰਾਨ ਮੁੜ ਤੋਂ ਸਮੁੰਦਰਾਂ ਨੂੰ ਬੰਨ੍ਹ ਮਾਰਾਂਗੇ। ਤਾਹੀਓਂ ਹੁਣ ਬਾਕੀ ਸਿਆਸੀ ਧਿਰਾਂ ਨੇ ਵੀ ਚੋਣ ਪ੍ਰਚਾਰ ਵਿੱਚ ਤੇਜੀ ਲਿਆਂਦੀ ਹੈ। ਹਲਕੇ ਦਾ ਸਿਆਸੀ ਰਿਕਾਰਡ ਦੇਖੀਏ ਤਾਂ ਸਾਹਮਣੇ ਆਉਂਦਾ ਹੈ ਕਿ ਭਾਰਤ ਭੂਸ਼ਣ ਆਸ਼ੂ ਨੇ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 62.81 ਫੀਸਦੀ ਦੀ ਦਰ ਨਾਲ 69,125 ਵੋਟਾਂ ਹਾਸਲ ਕਰਕੇ 33ਹਜ਼ਾਰ 203 ਵੋਟਾਂ ਲੈਣ ਵਾਲੇ ਭਾਜਪਾ ਦੇ ਰਜਿੰਦਰ ਭੰਡਾਰੀ ਨੂੰ ਵੱਡੇ ਫਰਕ ਨਾਲ ਹਰਾਇਆ ਸੀ ਜੋਕਿ ਪੰਜਾਂ ਚੋਣਾਂ ਦਾ ਰਿਕਾਰਡ ਹੈ। ਭਾਰਤ ਭੂਸ਼ਣ ਆਸ਼ੂ ਨੂੰ ਦੂਸਰੀ ਵੱਡੀ ਜਿੱਤ 2017 ’ਚ ਮਿਲੀ ਸੀ ਜਦੋਂ ਆਸ਼ੂ ਨੇ 66,627 ਵੋਟਾਂ (54.38 ਫੀਸਦੀ) ਲੈਕੇ 30,106 ਵੋਟਾਂ ਲੈਣ ਵਾਲੇ ਆਮ ਆਦਮੀ ਪਾਰਟੀ ਦੇ ਅਹਿਬਾਬ ਗਰੇਵਾਲ ਨੂੰ ਹਰਾਇਆ ਸੀ।
ਇਸ ਮੌਕੇ ਬੀਜੇਪੀ ਦੇ ਕਮਲ ਚੇਤਲੀ ਨੂੰ 22 ਹਜ਼ਾਰ 620 ਵੋਟਾਂ ਹਾਸਲ ਹੋਈਆਂ ਸਨ। ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਦੇ ਹਰਨਾਮ ਦਾਸ ਜੌਹਰ 38,006(52.9 ਫੀਸਦੀ) ਵੋਟਾਂ ਲੈਕੇ ਅਕਾਲੀ ਦਲ ਦੇ ਅਵਤਾਰ ਸਿੰਘ ਮੱਕੜ ਨੂੰ ਹਰਾਉਣ ’ਚ ਸਫਲ ਰਹੇ ਸਨ। ਸਾਲ 2007 ਵਿੱਚ ਅਕਾਲੀ ਦਲ ਦੇ ਹਰੀਸ਼ ਰਾਏ ਢਾਂਡਾ ਨੇ 46 ਹਜ਼ਾਰ 21 ਵੋਟਾਂ ਹਾਸਲ ਕਰਕੇ ਹਰਨਾਮ ਦਾਸ ਜੌਹਰ ਨੂੰ ਹਰਾਇਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਪੇਸ਼ੇ ਤੋਂ ਵਕੀਲ ਪਰਉਪਕਾਰ ਸਿੰਘ ਘੁੰਮਣ ਨੂੰ ਚੋਣ ਮੈਦਾਨ ’ਚ ਉੱਤਾਰਿਆ ਹੈ। ਭਾਜਪਾ ਨੇ ਇਸ ਵਾਰ ਬਾਕੀ ਪਾਰਟੀਆਂ ਦੇ ਮੁਕਾਬਲੇ ਕਾਫੀ ਦੇਰੀ ਨਾਲ ਸੀਨੀਅਰ ਆਗੂ ਜੀਵਨ ਗੁਪਤਾ ਨੂੰ ਬੇੜੀ ਬੰਨੇ ਲਾਉਣ ਦੀ ਜਿੰਮੇਵਾਰੀ ਦਿੱਤੀ ਹੈ। ਅੰਕੜਿਆਂ ਤੋਂ ਸਪਸ਼ਟ ਹੈ ਕਿ ਚਾਰ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਤਿੰਨ ਵਾਰ ਜਿੱਤ ਪ੍ਰਾਪਤ ਕੀਤੀ ਸੀ ਜਦੋਂਕਿ ਇੱਕ ਵਾਰ ਅਕਾਲੀ ਦਲ ਜਿੱਤਿਆ ਸੀ।
ਮੁੱਛ ਦਾ ਸਵਾਲ ਜਿਮਨੀ ਚੋਣ
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਦੇ ਦੇ ਗੁਰਪ੍ਰੀਤ ਸਿੰਘ ਗੋਗੀ ਨੇ 40 ਹਜ਼ਾਰ443 ਵੋਟਾਂ ਲੈਕੇ 32 ਹਜ਼ਾਰ 931 ਵੋਟਾਂ ਲੈਣ ਵਾਲੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ ਹਰਾਇਆ ਸੀ। ਇਸ ਮੌਕੇ ਬੀਜੇਪੀ ਦੇ ਬਿਕਰਮ ਸਿੰਘ ਸਿੱਧੂ ਨੂੰ 28 ਹਜ਼ਾਰ 107 ਵੋਟਾਂ ਪਈਆਂ ਸਨ ਜਦੋਂਕਿ10 ਹਜ਼ਾਰ 72 ਵੋਟਾਂ ਨਾਲ ਅਕਾਲੀ ਦਲ ਚੌਥੇ ਸਥਾਨ ਤੇ ਰਿਹਾ ਸੀ। ਦੋ ਵਾਰ ਵੱਡੀ ਜਿੱਤ ਹਾਸਲ ਕਰਨ ਵਾਲੇ ਆਸ਼ੂ ਲਈ ਜਿਮਨੀ ਚੋਣ ਆਪਣਾ ਗੜ੍ਹ ਬਚਾਉਣ ਦੀ ਲੜਾਈ ਹੈ ਤਾਂ ਹਾਕਮ ਧਿਰ ਲਈ ਸੀਟ ਤੇ ਕਬਜਾ ਬਰਕਰਾਰ ਰੱਖਣਾ ਮੁੱਛ ਦਾ ਸਵਾਲ ਹੈ। ਪੰਜਾਬ ’ਚ ਸਿਆਸੀ ਡਿੱਕਡੋਲੇ ਖਾ ਰਹੀ ਭਾਜਪਾ ਲਈ ਜਿਮਨੀ ਚੋਣ ਵਕਾਰੀ ਹੈ ਜਦੋਂਕਿ ਅਕਾਲੀ ਦਲ ਲਈ ਸਿਆਸੀ ਮੈਦਾਨ ’ਚ ਵਾਪਿਸ ਆਉਣ ਦਾ ਹੀਲਾ ਵਸੀਲਾ ਮੰਨੀ ਜਾ ਰਹੀ ਹੈ।
ਡੇਰਿਆਂ ਦਾ ਵੀ ਪ੍ਰਭਾਵ
ਲੁਧਿਆਣਾ ਪੱਛਮੀ ਹਲਕੇ ਦੀ ਜਿਮਨੀ ਚੋਣ ਦਾ ਨਤੀਜਾ ਕੀ ਨਿਕਲਦਾ ਹੈ ਇਹ ਤਾਂ ਵਕਤ ਹੀ ਦੱਸੇਗਾ ਪਰ ਇਸ ਦੌਰਾਨ ਡੇਰਿਆਂ ਦੇ ਵੋਟ ਬੈਂਕ ਦੀ ਭੂਮਿਕਾ ਮਹੱਤਵਪੂਰਨ ਰਹਿਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਹਾਲਾਂਕਿ ਇਸ ਸਬੰਧ ’ਚ ਕੋਈ ਅਧਿਕਾਰਕ ਅੰਕੜੇ ਤਾਂ ਮੌਜੂਦ ਨਹੀਂ ਪਰ ਮੋਟੇ ਅਨੁਮਾਨਾਂ ਅਨੁਸਾਰ ਡੇਰਾ ਬਿਆਸ ਅਤੇ ਡੇਰਾ ਸਿਰਸਾ ਦੇ ਪੈਰੋਕਾਰਾਂ ਦਾ ਹਲਕੇ ਵਿੱਚ ਚੋਖਾ ਪ੍ਰਭਾਵ ਹੈ। ਇਸ ਤੋਂ ਬਿਨਾਂ ਨਿਰੰਕਾਰੀ ਮਿਸ਼ਨ ਅਤੇ ਹੋਰ ਵੀ ਵੱਖ ਵੱਖ ਡੇਰਿਆਂ ਦਾ ਵੋਟ ਬੈਂਕ ਵੀ ਹੈ । ਇਸ ਕਰਕੇ ਇਹ ਪੱਖ ਵੀ ਅਹਿਮ ਹੋਵੇਗਾ ਕਿ ਡੇਰਿਆਂ ਦੇ ਪੈਰੋਕਾਰ ਕੀ ਰੁੱਖ ਅਖਤਿਆਰ ਕਰਦੇ ਹਨ।