ਕਈ ਦਿਨਾਂ ਤੱਕ ਭਾਰੀ ਮੀਂਹ ਦੀ ਚੇਤਾਵਨੀ
ਨਵੀਂ ਦਿੱਲੀ : ਦੇਸ਼ ਭਰ ਵਿੱਚ ਇੱਕ ਵਾਰ ਫਿਰ ਮੌਸਮ ਬਦਲ ਰਿਹਾ ਹੈ। ਪੰਜਾਬ ਵਿਚ ਕਈ ਥਾਈਂ ਬਾਰਸ਼ ਪਈ ਅਤੇ ਤੇਜ਼ ਹਵਾਵਾਂ ਵੀ ਚੱਲੀਆਂ। ਇਸ ਤੋਂ ਇਲਾਵਾ ਦਿੱਲੀ-ਐਨਸੀਆਰ ਸਮੇਤ ਕਈ ਥਾਵਾਂ 'ਤੇ ਭਾਰੀ ਮੀਂਹ ਪੈ ਰਿਹਾ ਹੈ। ਤੇਜ਼ ਹਵਾਵਾਂ ਅਤੇ ਮੀਂਹ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਦੇਖੀ ਗਈ ਹੈ।
ਪਿਛਲੇ ਕਈ ਦਿਨਾਂ ਤੋਂ ਤੇਜ਼ ਧੁੱਪ ਕਾਰਨ ਦਿੱਲੀ ਵਿੱਚ ਨਮੀ ਵਾਲੀ ਗਰਮੀ ਸੀ, ਪਰ ਮੀਂਹ ਤੋਂ ਬਾਅਦ ਹੁਣ ਮੌਸਮ ਕਾਫ਼ੀ ਠੰਢਾ ਹੈ। ਮੌਸਮ ਵਿਭਾਗ ਨੇ ਪੱਛਮੀ ਭਾਰਤ ਅਤੇ ਉੱਤਰ-ਪੂਰਬੀ ਭਾਰਤ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਮਹਾਰਾਸ਼ਟਰ, ਗੋਆ ਵਿੱਚ 25 ਤੋਂ 30 ਮਈ ਅਤੇ ਗੁਜਰਾਤ ਵਿੱਚ 24 ਤੋਂ 27 ਮਈ ਤੱਕ ਬਿਜਲੀ ਕੜਕੇਗੀ ਅਤੇ ਮੀਂਹ ਪਵੇਗਾ। ਇਸ ਸਮੇਂ ਦੌਰਾਨ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।
ਰਾਸ਼ਟਰੀ ਰਾਜਧਾਨੀ ਵਿੱਚ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਧੌਲਾ ਕੁਆਂ ਦੀਆਂ ਸੜਕਾਂ ਵੀ ਪਾਣੀ ਨਾਲ ਭਰ ਗਈਆਂ ਹਨ।
ਭਾਰੀ ਮੀਂਹ ਤੋਂ ਬਾਅਦ ਦਿੱਲੀ ਦੇ ਕਈ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ। ਇਸ ਦੇ ਕਈ ਵੀਡੀਓ ਸਾਹਮਣੇ ਆ ਰਹੇ ਹਨ।
ਦੱਖਣ-ਪੱਛਮੀ ਮਾਨਸੂਨ 24 ਮਈ ਨੂੰ ਕੇਰਲ ਪਹੁੰਚਿਆ। ਹੁਣ ਮਾਨਸੂਨ ਅਗਲੇ 2-3 ਦਿਨਾਂ ਦੌਰਾਨ ਮੱਧ ਅਰਬ ਸਾਗਰ, ਗੋਆ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਪੱਛਮੀ ਮੱਧ ਅਤੇ ਉੱਤਰੀ ਬੰਗਾਲ ਦੀ ਖਾੜੀ, ਉੱਤਰ-ਪੂਰਬੀ ਰਾਜਾਂ, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧੇਗਾ। ਅਗਲੇ 6 ਦਿਨਾਂ ਦੌਰਾਨ ਪੱਛਮੀ ਤੱਟ ਕੇਰਲ, ਕਰਨਾਟਕ, ਤੱਟਵਰਤੀ ਮਹਾਰਾਸ਼ਟਰ, ਤਾਮਿਲਨਾਡੂ ਅਤੇ ਗੋਆ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।