ਖੇਮਕਰਨ ਪਿੰਡਾਂ 'ਚ ਡਰ ਦਾ ਮਾਹੌਲ! ਲੋਕਾਂ ਨੇ ਜੋੜੇ ਹੱਥ, ਕਿਹਾ- ਜੰਗ ਸਿਰਫ਼ ਉਜਾੜਾ
ਬਲਜੀਤ ਸਿੰਘ
ਤਰਨ ਤਾਰਨ, 8 ਮਈ 2025- ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਕਲਸ ਜੋ ਕਿ ਬਾਰਡਰ ਤੋਂ ਮਹਿਜ 200 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਹੈ ਉਸ ਪਿੰਡ ਦੇ ਲੋਕਾਂ ਨਾਲ ਜਦ ਪੱਤਰਕਾਰਾਂ ਵੱਲੋਂ ਗੱਲਬਾਤ ਕੀਤੀ ਗਈ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਜਦ ਵੀ ਜੰਮੂ ਕਸ਼ਮੀਰ ਵਿੱਚ ਕੋਈ ਰੌਲਾ ਪੈਂਦਾ ਹੈ ਤਾਂ ਉਹਨਾਂ ਦੇ ਭਾਅ ਦਾ ਉਦੋਂ ਹੀ ਜੰਗ ਲੱਗ ਜਾਂਦਾ ਹੈ ਕਿਉਂਕਿ ਬਾਰਡਰ ਦੇ ਬਿਲਕੁਲ ਨਾਲ ਹੋਣ ਕਾਰਨ ਸਾਨੂੰ ਮਜਬੂਰਨ ਉੱਠਣਾ ਪੈਂਦਾ ਹੈ ਜਿਸ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ।
ਜਿਸ ਕਰਕੇ ਉਹਨਾਂ ਨੇ ਐਤਕੀਂ ਪ੍ਰਣ ਕੀਤਾ ਕਿ ਉਹ ਪਿੰਡ ਨਹੀਂ ਛੱਡਣਗੇ। ਪਰ ਉਹਨਾਂ ਉਥੇ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਜੰਗ ਨਹੀਂ ਲੱਗਣਾ ਚਾਹੀਦਾ ਇਸਦਾ ਬੈਠ ਕੇ ਹੱਲ ਕੱਢਣਾ ਚਾਹੀਦਾ ਹੈ ਕਿਉਂਕਿ ਸਰਹੱਦੀ ਪਿੰਡਾਂ ਦੇ ਲੋਕ ਅੱਗੇ ਹੀ ਕਰਜ਼ਿਆਂ ਦੇ ਬੋਝ ਥੱਲੇ ਦੱਬੇ ਹੋਏ ਹਨ ਉੱਤੋਂ ਜੰਗ ਦੀ ਮਾਰ ਪੈਣ ਕਾਰਨ ਉਹਨਾਂ ਦਾ ਸਭ ਕੁਝ ਤਬਾਹ ਹੋ ਜਾਵੇਗਾ।
ਇਸ ਮੌਕੇ ਪਿੰਡ ਵਾਸੀ ਸੁਖਚੈਨ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਬੱਚਿਆਂ ਨੂੰ ਵੀ ਆਪਣੇ ਰਿਸ਼ਤੇਦਾਰਾਂ ਕੋਲ ਘੱਲ ਦਿੱਤਾ ਗਿਆ ਹੈ ਜੇ ਕੋਈ ਜੰਗ ਦਾ ਮਾਹੌਲ ਬਣਦਾ ਹੈ ਤਾਂ ਉਹ ਆਪਣੇ ਬੱਚੇ ਸਾਂਭ ਸਕਣਗੇ। ਪਿੰਡ ਵਾਸੀਆਂ ਨੇ ਫਿਰ ਵੀ ਕਿਹਾ ਕਿ ਜੰਗ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਹੈ ਦੋਨਾਂ ਦੇਸ਼ਾਂ ਨੂੰ ਬੈਠ ਕੇ ਇਸ ਨੂੰ ਸੁਲਝਾ ਲੈਣਾ ਚਾਹੀਦਾ ਹੈ।