ਅੰਮ੍ਰਿਤਸਰ: ਪਿੰਡ 'ਚੋਂ ਮਿਲੇ ਰਾਕਟ ਅਤੇ ਰਾਕਟਾਂ ਦੇ ਖੋਲ੍ਹ
ਅੰਮ੍ਰਿਤਸਰ, 8 ਮਈ 2025: ਅੰਮਿਤਸਰ ਦੇ ਪਿੰਡ ਜੇਠੂਵਾਲ ਦੇ ਖੇਤਾਂ ਵਿਚੋਂ ਰਾਕਟ ਅਤੇ ਰਾਕਟਾਂ ਦੇ ਖੋਲ੍ਹ ਮਿਲਣ ਦੀ ਖ਼ਬਰ ਹੈ। ਇਸ ਦੇ ਨਾਲ ਹੀ ਕੁਝ ਹੋਰ ਸੜੇ ਹੋਏ ਪੁਰਜੇ ਵੀ ਮਿਲੇ ਹਨ। ਦੈਨਿਕ ਭਾਸਕਰ ਨੇ ਰਿਪੋਰਟ ਕੀਤੀ ਹੈ ਕਿ ਐਸਐਸਪੀ ਦਿਹਾਤੀ ਮਨਿੰਦਰ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ, ਇਹ ਰਾਕਟ ਜਾਂ ਫਿਰ ਰਾਕਟਾਂ ਵਰਗੇ ਪੁਰਜੇ ਅੰਮ੍ਰਿਤਸਰ ਦੇ ਖੇਤਾਂ ਵਿੱਚ ਕਿਵੇਂ ਪੁੱਜੇ। ਮੰਨਿਆ ਇਹ ਜਾ ਰਿਹਾ ਹੈ ਕਿ ਜਵਾਬੀ ਕਾਰਵਾਈ ਵਿੱਚ ਇਨ੍ਹਾਂ ਰਾਕਟਾਂ ਨੂੰ ਆਸਮਾਨ ਵਿੱਚ ਨਸ਼ਟ ਕੀਤਾ ਗਿਆ ਹੈ। ਦੂਜੇ ਪਾਸੇ ਆਮ ਲੋਕਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਜ਼ੋਰਦਾਰ ਧਮਾਕਿਆਂ ਦੀ ਅਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਕਰੀਬ ਤਿੰਨ ਘੰਟੇ ਬਲੈਕਆਊਟ ਕੀਤਾ ਗਿਆ। ਜਿਵੇਂ ਹੀ ਪੁਲਿਸ ਨੂੰ ਪਿੰਡ ਜੇਠੂਵਾਲ ਵਿੱਚ ਰਾਕਟ ਅਤੇ ਰਾਕਟਾਂ ਦੇ ਬਲਾਸਟ ਹੋਣ ਦੀ ਸੂਚਨਾ ਮਿਲੀ ਤਾਂ, ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਅਤੇ ਉਨ੍ਹਾਂ ਦੇ ਵੱਲੋਂ ਫ਼ੌਰੀ ਤੌਰ ਤੇ ਫੌਜ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ।
ਕਿਤੇ ਮੌਕ ਡਰਿੱਲ ਦੌਰਾਨ ਕੋਈ ਛੋਟਾ-ਮੋਟਾ ਧਮਾਕਾ ਹੁੰਦਾ ਹੈ ਤਾਂ ਇਹ ਨਾ ਸਮਝੋ ਕਿ ਹਮਲਾ ਹੋ ਗਿਆ- MP ਗੁਰਜੀਤ ਔਜਲਾ
ਇਸ ਵਿਚਾਲੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਮੌਜੂਦਾ ਹਾਲਾਤ ਬਾਰੇ ਗੱਲਬਾਤ ਕਰਦਿਆਂ ਲੋਕਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਤੇ ਮੌਕ ਡਰਿੱਲ ਦੌਰਾਨ ਕੋਈ ਛੋਟਾ-ਮੋਟਾ ਧਮਾਕਾ ਹੁੰਦਾ ਹੈ ਤਾਂ ਇਹ ਨਾ ਸਮਝੋ ਕਿ ਹਮਲਾ ਹੋ ਗਿਆ। ਰਾਤ ਨੂੰ ਵੀ ਅਜਿਹਾ ਹੀ ਹੋਇਆ ਸੀ, ਪਰ ਉੱਧਰੋਂ (ਸਰਹੱਦ ਪਾਰ ਤੋਂ) ਕੁਝ ਵੀ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਥੋੜ੍ਹਾ ਬਹੁਤ ਚੱਲੇਗਾ। ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਗੁਰੂਆਂ ਦੀ ਨਗਰੀ ਹੈ, ਲੋਕ ਭਰੋਸਾ ਰੱਖਣ, ਕੁਝ ਨਹੀਂ ਹੋਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਚਿੰਤਾ ਨਾ ਕਰਨ, ਅਸੀਂ ਸਾਰੇ ਤੁਹਾਡੇ ਨਾਲ ਖੜ੍ਹੇ ਹਾਂ ਤੇ ਅਸੀਂ ਇਨ੍ਹਾਂ ਹਾਲਾਤਾਂ ਵਿਚੋਂ ਬਾਹਰ ਨਿਕਲਾਂਗੇ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਨੂੰ ਫ਼ੌਜ 'ਤੇ ਮਾਣ ਹੈ। ਅਸੀਂ ਦੇਸ਼ ਦਾ ਸਾਥ ਦੇਣਾ ਹੈ।
ਅੰਮ੍ਰਿਤਸਰ ਏਅਰਪੋਰਟ ਬਾਰੇ ਗੱਲਬਾਤ ਕਰਦਿਆਂ ਗੁਰਜੀਤ ਔਜਲਾ ਨੇ ਕਿਹਾ ਕਿ ਇਸ ਨੂੰ 10 ਮਈ ਤਕ ਬੰਦ ਕੀਤਾ ਗਿਆ ਹੈ। ਇੱਥੇ ਮੌਕ ਡਰਿੱਲ ਤੇ ਏਅਰਫ਼ੋਰਸ ਦੇ ਜਹਾਜ਼ ਚੱਲਣਗੇ, ਇਸ ਲਈ ਇਸ ਏਅਰਪੋਰਟ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਹਾਲਤ ਵਿਚ ਵੀ ਘਬਰਾਉਣ ਨਾ ਤੇ ਰਾਸ਼ਨ ਇਕੱਠਾ ਕਰਨ ਦੀ ਕੋਸ਼ਿਸ਼ ਨਾ ਕਰਨ। ਅਜਿਹੇ ਕੋਈ ਵੀ ਹਾਲਾਤ ਨਹੀਂ ਹਨ, ਜਿਸ ਲਈ ਤੁਹਾਨੂੰ ਰਾਸ਼ਨ ਇਕੱਠਾ ਕਰਨਾ ਪਵੇ। ਕਈ ਲੋਕ ਇਸ ਚੀਜ਼ ਦਾ ਫ਼ਾਇਦਾ ਲੈ ਕੇ ਰਾਸ਼ਨ ਮਹਿੰਗਾ ਵੀ ਵੇਚ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਅਫ਼ਵਾਹਾਂ 'ਤੇ ਧਿਆਨ ਨਾ ਦੇਣ ਦੀ ਵੀ ਅਪੀਲ ਕੀਤੀ।