ਦਿਹਾਤੀ ਮਜ਼ਦੂਰ ਸਭਾ ਵੱਲੋਂ ਪਹਿਲਗਾਮ 'ਚ ਅੱਤਵਾਦੀਆਂ ਦੇ ਕਾਇਰਤਾ ਪੂਰਨ ਕਾਰੇ ਦੀ ਘੋਰ ਨਿੰਦਾ; ਮ੍ਰਿਤਕਾਂ ਨੂੰ ਸ਼ਰਧਾਂਜਲੀਆਂ ਭੇਂਟ
ਵਹਿਸ਼ਤੀਕਾਰੇ ਨੂੰ ਰੋਕਣ ਪੱਖੋਂ ਆਪਣੀ ਨਾਲਾਇਕੀ ਦੀ ਪਰਦਾਪੋਸ਼ੀ ਕਰਨ ਲਈ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਗੁੰਮਰਾਹਕੁੰਨ, ਧਿਆਨ ਭਟਕਾਊ ਬਿਆਨਬਾਜੀ ਦੀ ਵੀ ਕਰੜੀ ਨਿਖੇਧੀ
ਦਲਜੀਤ ਕੌਰ
ਜਲੰਧਰ, 29 ਅਪ੍ਰੈਲ, 2025: ਦਿਹਾਤੀ ਮਜ਼ਦੂਰ ਸਭਾ ਦੀ ਸੂਬਾ ਕਾਰਜਕਾਰਨੀ ਦੀ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੇ ਲੰਘੀ 22 ਅਪ੍ਰੈਲ ਨੂੰ ਪਹਿਲਗਾਮ (ਜੰਮੂ-ਕਸ਼ਮੀਰ) ਵਿਖੇ 27 ਨਿਹੱਥੇ, ਬੇਕਸੂਰ ਨਾਗਰਿਕਾਂ ਨੂੰ ਕਤਲ ਕੀਤੇ ਜਾਣ ਦੇ ਧਰਮ ਦੇ ਬੁਰਕੇ ਹੇਠ ਲੁਕੇ ਅੱਤਵਾਦੀਆਂ ਦੇ ਕਾਇਰਤਾ ਪੂਰਨ ਕਾਰੇ ਦੀ ਘੋਰ ਨਿੰਦਾ ਕਰਦਿਆਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।
ਮੀਟਿੰਗ ਨੂੰ ਜਨਰਲ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਸੰਬੋਧਨ ਕੀਤਾ। ਅਮਰੀਕ ਸਿੰਘ ਦਾਊਦ, ਪਰਮਜੀਤ ਰੰਧਾਵਾ, ਸ਼ਮਸ਼ੇਰ ਸਿੰਘ ਬਟਾਲਾ, ਪ੍ਰਕਾਸ਼ ਸਿੰਘ ਬਠਿੰਡਾ, ਗੁਰਨਾਮ ਸਿੰਘ ਭਿੰਡਰ ਨੇ ਵੀ ਵਿਚਾਰ ਰੱਖੇ। ਇਹ ਜਾਣਕਾਰੀ, ਅੱਜ ਇਥੋਂ ਜਾਰੀ ਇਕ ਬਿਆਨ ਰਾਹੀਂ ਸੂਬਾਈ ਪ੍ਰੈੱਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਸਾਂਝੀ ਕੀਤੀ ਹੈ। ਕਾਰਜਕਾਰਨੀ ਨੇ ਇਸ ਵਹਿਸ਼ਤੀ ਕਾਰੇ ਨੂੰ ਰੋਕਣ ਪੱਖੋਂ ਆਪਣੀ ਨਾਲਾਇਕੀ ਦੀ ਪਰਦਾਪੋਸ਼ੀ ਕਰਨ ਲਈ ਕੇਂਦਰੀ ਸਰਕਾਰ ਵਲੋਂ ਕੀਤੀ ਜਾ ਰਹੀ ਗੁੰਮਰਾਹਕੁੰਨ, ਧਿਆਨ ਭਟਕਾਊ ਬਿਆਨਬਾਜੀ ਦੀ ਵੀ ਕਰੜੀ ਨਿਖੇਧੀ ਕੀਤੀ ਹੈ।
ਕਾਰਜਕਾਰਨੀ ਦੀ ਇਹ ਠੋਸ ਰਾਇ ਹੈ ਕਿ ਦੇਸ਼ ਭਰ 'ਚ ਮੁਸਲਮਾਨਾਂ ਤੇ ਕਸ਼ਮੀਰੀਆਂ 'ਤੇ ਹਿੰਦੂ ਧਰਮ ਦੇ ਨਾਮ ਨਿਹਾਦ ਰਾਖਿਆਂ ਵਲੋਂ ਕੀਤੇ ਜਾ ਰਹੇ ਘਾਤਕ ਹਮਲੇ, ਅੱਤਵਾਦੀਆਂ ਦੇ ਭਾਰਤ ਨੂੰ ਅਸਥਿਰ ਕਰਨ ਅਤੇ ਦੇਸ਼ ਵਾਸੀਆਂ ਨੂੰ ਧਰਮ ਦੇ ਆਧਾਰ 'ਤੇ ਵੰਡਣ ਦੇ ਕੋਝੇ ਮਕਸਦ ਦੀ ਪੂਰਤੀ ਲਈ ਸਹਾਈ ਸਿੱਧ ਹੋਣਗੇ।
ਕਾਰਜਕਾਰਨੀ ਨੇ ਦੇਸ਼ ਭਰ 'ਚ ਦਲਿਤਾਂ, ਇਸਤਰੀਆਂ ਖਿਲਾਫ ਮਨੂੰਵਾਦੀ-ਹਿੰਦੂਤਵੀ ਤਾਕਤਾਂ ਵਲੋਂ ਭਾਜਪਾ ਦੇ ਥਾਪੜੇ ਨਾਲ ਢਾਹੇ ਜਾ ਰਹੇ ਹੌਲਨਾਕ ਅੱਤਿਆਚਾਰਾਂ ਦਾ ਅਸੱਭਿਅਕ ਵਰਤਾਰਾ ਦਿਨੋ-ਦਿਨ ਵੱਧਦੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ, ਇਨ੍ਹਾਂ ਅਮਾਨਵੀ ਕਾਰਿਆਂ ਖਿਲਾਫ਼ ਧੁਰ ਹੇਠਾਂ ਤੋਂ ਤਿਆਰੀ ਕਰਕੇ ਹਰ ਪੱਧਰ 'ਤੇ ਤਿੱਖਾ ਘੋਲ ਵਿੱਢਣ ਦਾ ਫੈਸਲਾ ਲਿਆ ਗਿਆ ਹੈ।
ਵੱਖੋ-ਵੱਖ ਤਬਕਾਤੀ ਸੰਗਠਨਾਂ ਵਲੋਂ ਮਿਹਨਤਕਸ਼ ਆਵਾਮ, ਖਾਸ ਕਰਕੇ ਬੇਜ਼ਮੀਨੇ-ਸਾਧਨਹੀਨ ਪੇਂਡੂ ਕਿਰਤੀਆਂ ਨੂੰ ਅਸਲੋਂ ਕੰਗਾਲ ਕਰਕੇ ਅਡਾਨੀ-ਅੰਬਾਨੀ ਜਿਹੇ ਕਾਰਪੋਰੇਟਾਂ ਦੇ ਹਿਤ ਪੂਰੇ ਕਰਨ ਵਾਲੀਆਂ ਨਵ-ਉਦਾਰਵਾਦੀ ਨੀਤੀਆਂ ਖਿਲਾਫ਼ ਲੜੇ ਜਾ ਰਹੇ ਘੋਲਾਂ 'ਚ ਪੇਂਡੂ ਵਸੋਂ, ਖਾਸ ਕਰਕੇ, ਬੇਜ਼ਮੀਨੇ ਤੇ ਹਾਸ਼ੀਆਗਤ ਕਿਸਾਨਾਂ ਦੀ ਸ਼ਮੂਲੀਅਤ ਵਧਾਉਣ ਦੇ ਯਤਨ ਤੇਜ਼ ਕਰਨ ਦੀ ਠੋਸ ਵਿਉਂਤਬੰਦੀ ਕੀਤੀ ਗਈ ਹੈ। ਇਸ ਸੇਧ ਵਿਚ ਕੇਂਦਰੀ ਟਰੇਡ ਯੂਨੀਅਨਾਂ ਅਤੇ ਆਜ਼ਾਦ ਫੈਡਰੇਸ਼ਨਾਂ ਵਲੋਂ ਆਉਂਦੀ 20 ਮਈ ਨੂੰ ਕੀਤੀ ਜਾ ਰਹੀ ਇਕ ਦਿਨਾ ਹੜਤਾਲ 'ਚ ਵਧ-ਚੜ੍ਹ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਲੋਕਾਂ ਨੂੰ ਇਹ ਹੜਤਾਲ ਲਾਮਿਸਾਲ ਸਫਲ ਬਣਾਉਣ ਦੀ ਅਪੀਲ ਕੀਤੀ ਗਈ ਹੈ।
ਕਾਰਜਕਾਰਨੀ ਵਲੋਂ ਭਰਾਤਰੀ ਜੱਥੇਬੰਦੀਆਂ ਨਾਲ ਮਿਲ ਕੇ ਅਤੇ ਆਜ਼ਾਦਾਨਾ ਤੌਰ 'ਤੇ ਪਹਿਲੀ ਮਈ ਨੂੰ ਪਿੰਡਾਂ-ਸ਼ਹਿਰਾਂ ਅੰਦਰ 'ਕੌਮਾਂਤਰੀ ਮਜ਼ਦੂਰ ਦਿਹਾੜਾ' ਇਨਕਲਾਬੀ ਉਤਸ਼ਾਹ ਨਾਲ ਮਨਾਏ ਜਾਣ ਦਾ ਨਿਰਣਾ ਲਿਆ ਗਿਆ ਹੈ।
ਸੰਸਾਰ ਕਿਰਤੀ ਦੀ ਲੁੱਟ-ਖਸੁੱਟ, ਅਨਿਆਂ ਤੇ ਜਬਰ-ਵਿਤਕਰੇ ਤੋਂ ਮੁਕਤੀ ਦੇ ਵਿਗਿਆਨਕ ਫਲਸਫੇ ਦੇ ਸਿਰਜਨਹਾਰ ਕਾਰਲ ਮਾਰਕਸ ਦੇ ਜਨਮ ਦਿਵਸ ਮੌਕੇ 5 ਮਈ ਨੂੰ ਸੂਬੇ ਭਰ 'ਚ ਵੱਖੋ-ਵੱਖ ਥਾਵਾਂ 'ਤੇ ਕੀਤੇ ਜਾ ਰਹੇ ਸਮਾਗਮਾਂ 'ਚ ਭਰਵੀਂ ਸ਼ਮੂਲੀਅਤ ਕਰਨ ਦਾ ਵੀ ਨਿਰਣਾ ਲਿਆ ਗਿਆ ਹੈ।
ਨਾਲ ਹੀ ਮਹਾਨ ਗ਼ਦਰੀ ਸ਼ਹੀਦ ਕਰਤਾਰਾ ਸਿੰਘ ਸਰਾਭਾ ਦੇ ਜਨਮ ਦਿਵਸ ਮੌਕੇ, 24 ਮਈ ਨੂੰ ਜਲੰਧਰ ਵਿਖੇ ਹੋਣ ਜਾ ਰਹੀ ਸੂਬਾ ਪੱਧਰੀ ਨੌਜਵਾਨ ਕਨਵੈਨਸ਼ਨ ਵਿੱਚ ਵੀ ਕਿਰਤੀ ਪਰਿਵਾਰਾਂ ਨਾਲ ਸਬੰਧਤ ਚੜ੍ਹਦੀ ਉਮਰ ਦੇ ਮੁੰਡੇ-ਕੁੜੀਆਂ ਭੇਜੇ ਜਾਣਗੇ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਮਈ ਦੇ ਆਖ਼ਰੀ ਹਫ਼ਤੇ ਕਮਿਸ਼ਨਰ ਦਫਤਰ ਜਲੰਧਰ ਅੱਗੇ ਲਗਾਤਾਰ ਰਾਤ-ਦਿਨ ਦਾ ਧਰਨਾ ਲਾਇਆ ਜਾਵੇਗਾ।