ਜਜ਼ਬੇ ਨੂੰ ਸਲਾਮ: ਪ੍ਰਿਟੀ ਜਿੰਟਾ ਨੂੰ ਮਿਲਣ ਲਈ ਖੰਨਾ ਤੋਂ ਮੁਹਾਲੀ ਤੱਕ 80 ਕਿਲੋਮੀਟਰ ਦੌੜਿਆ 17 ਸਾਲਾ ਅਮਰਿੰਦਰ
Ravinder Singh
ਖੰਨਾ/ਮੁਹਾਲੀ, 6 ਮਈ 2026 - ਭਗਤ ਪੂਰਨ ਸਿੰਘ ਦੇ ਜੱਦੀ ਪਿੰਡ ਰਾਜੇਵਾਲ ਦੇ ਰਹਿਣ ਵਾਲੇ 17 ਸਾਲਾ ਨੌਜਵਾਨ ਅਮਰਿੰਦਰ ਸਿੰਘ ਨੇ ਆਪਣੀ ਹਿੰਮਤ ਅਤੇ ਜਜ਼ਬੇ ਨਾਲ ਸੋਸ਼ਲ ਮੀਡੀਆ 'ਤੇ ਸਭ ਦਾ ਦਿਲ ਜਿੱਤ ਲਿਆ ਹੈ। ਅਮਰਿੰਦਰ ਸਿੰਘ ਖੰਨਾ ਤੋਂ ਮੁਹਾਲੀ ਸਥਿਤ ਸਟੇਡੀਅਮ ਤੱਕ ਕਰੀਬ 80 ਕਿਲੋਮੀਟਰ ਦੀ ਦੌੜ ਲਗਾ ਕੇ ਪੰਜਾਬ ਕਿੰਗਜ਼ ਦਾ ਆਈ.ਪੀ.ਐਲ. (IPL) ਮੈਚ ਦੇਖਣ ਪਹੁੰਚਿਆ। ਉਸ ਦੇ ਇਸ ਜਜ਼ਬੇ ਨੂੰ ਦੇਖ ਕੇ ਪੰਜਾਬ ਕਿੰਗਜ਼ ਦੀ ਮਾਲਕਣ ਅਤੇ ਬਾਲੀਵੁੱਡ ਅਦਾਕਾਰਾ ਪ੍ਰਿਟੀ ਜਿੰਟਾ ਨੇ ਖ਼ੁਦ ਉਸ ਨਾਲ ਮੁਲਾਕਾਤ ਕੀਤੀ।
ਅਮਰਿੰਦਰ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਦੌੜਨ ਦਾ ਬਹੁਤ ਸ਼ੌਕ ਹੈ। ਉਹ ਅਕਸਰ ਲੰਬੀ ਦੌੜ ਲਗਾ ਕੇ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪਾਉਂਦਾ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ। ਉਸ ਦੇ ਮਨ ਵਿੱਚ ਪ੍ਰਿਟੀ ਜਿੰਟਾ ਨੂੰ ਮਿਲਣ ਦੀ ਤਮੰਨਾ ਸੀ। ਇਸ ਇੱਛਾ ਨੂੰ ਪੂਰਾ ਕਰਨ ਲਈ ਉਹ 80 ਕਿਲੋਮੀਟਰ ਦੌੜਿਆ। ਸਫ਼ਰ ਦੌਰਾਨ ਉਹ ਹਰ 15 ਕਿਲੋਮੀਟਰ ਤੋਂ ਬਾਅਦ ਸਿਰਫ਼ 5 ਮਿੰਟ ਦਾ ਆਰਾਮ ਕਰਦਾ ਸੀ।
ਹੈਰਾਨੀ ਦੀ ਗੱਲ ਇਹ ਸੀ ਕਿ ਅਮਰਿੰਦਰ ਕੋਲ ਮੈਚ ਦੇਖਣ ਲਈ ਟਿਕਟ ਨਹੀਂ ਸੀ। ਪਰ ਸਟੇਡੀਅਮ 'ਤੇ ਤਾਇਨਾਤ ਪੁਲਿਸ ਅਫ਼ਸਰਾਂ ਨੇ ਉਸ ਨੂੰ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਦੇਖਿਆ ਹੋਇਆ ਸੀ, ਜਿਸ ਕਾਰਨ ਉਸ ਦੀ ਹਿੰਮਤ ਦੀ ਦਾਦ ਦਿੰਦਿਆਂ ਪੁਲਿਸ ਨੇ ਉਸ ਨੂੰ ਅੰਦਰ ਐਂਟਰੀ ਦਿੱਤੀ।
ਜਦੋਂ ਪ੍ਰਿਟੀ ਜਿੰਟਾ ਨੂੰ ਪਤਾ ਲੱਗਾ ਕਿ ਇਹ ਨੌਜਵਾਨ 80 ਕਿਲੋਮੀਟਰ ਦੌੜ ਕੇ ਉਸ ਨੂੰ ਮਿਲਣ ਆਇਆ ਹੈ, ਤਾਂ ਉਹ ਬਹੁਤ ਖੁਸ਼ ਹੋਈ। ਪ੍ਰਿਟੀ ਨੇ ਅਮਰਿੰਦਰ ਨੂੰ ਪੰਜਾਬ ਕਿੰਗਜ਼ ਦੀ ਟੀ-ਸ਼ਰਟ ਭੇਂਟ ਕੀਤੀ ਅਤੇ ਆਪਣੇ ਨਾਲ ਗੈਲਰੀ ਵਿੱਚ ਬਿਠਾ ਕੇ ਮੈਚ ਦਿਖਾਇਆ। ਇਸੇ ਗੈਲਰੀ ਵਿੱਚ ਮੌਜੂਦ ਪੰਜਾਬੀ ਗਾਇਕ ਗੁਰਦਾਸ ਮਾਨ, ਐਮੀ ਵਿਰਕ ਅਤੇ ਸੁਨੰਦਾ ਸ਼ਰਮਾ ਨੇ ਵੀ ਅਮਰਿੰਦਰ ਨਾਲ ਮੁਲਾਕਾਤ ਕੀਤੀ। ਸਿਤਾਰਿਆਂ ਨੇ ਅਮਰਿੰਦਰ ਦੀ ਪੱਗ (ਦਸਤਾਰ) ਦੀ ਤਾਰੀਫ਼ ਕੀਤੀ ਅਤੇ ਉਸ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ 'ਸਿੱਖੀ' ਨੂੰ ਪ੍ਰਮੋਟ ਕਰੇ, ਉਸ ਦਾ ਨਾਮ ਦੁਨੀਆ ਭਰ ਵਿੱਚ ਚਮਕੇਗਾ।
ਅਮਰਿੰਦਰ ਦੇ ਹੌਂਸਲੇ ਹੁਣ ਹੋਰ ਵੀ ਬੁਲੰਦ ਹਨ। ਉਸ ਨੇ ਐਲਾਨ ਕੀਤਾ ਹੈ ਕਿ ਉਹ 17 ਮਈ ਨੂੰ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਖੇ ਹੋਣ ਵਾਲੇ ਪੰਜਾਬ ਕਿੰਗਜ਼ ਦੇ ਮੈਚ ਨੂੰ ਦੇਖਣ ਲਈ ਰਾਣੀਤਾਲ ਤੋਂ ਧਰਮਸ਼ਾਲਾ ਤੱਕ ਕਰੀਬ 40 ਕਿਲੋਮੀਟਰ ਦੌੜ ਕੇ ਜਾਵੇਗਾ।