ਗੱਠਜੋੜ ਤੋਂ ਬਾਅਦ ਨਗਰ ਪੰਚਾਇਤ ਮਲੂਕਾ ਦੇ ਕੌਂਸਲਰਾਂ ਵੱਲੋਂ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਮਲੂਕਾ ਵਿਚਾਰ ਚਰਚਾ
ਅਸ਼ੋਕ ਵਰਮਾ
ਬਠਿੰਡਾ, 27 ਨਵੰਬਰ 2026 : ਪੰਜਾਬ ਵਿੱਚ 2027 ਦੌਰਾਨ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੱਲ ਰਹੀਆਂ ਸਰਗਰਮੀਆਂ ਤਹਿਤ ਅਕਾਲੀ ਭਾਜਪਾ ਗਠਜੋੜ ਹੋਣ ਦੇ ਮੱਦੇ ਨਜ਼ਰ ਨਗਰ ਪੰਚਾਇਤ ਮਲੂਕਾ ਦੇ ਕੌਂਸਲਰਾਂ ਨੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨਾਲ ਅਗਲੀ ਰਣਨੀਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਹੈ। ਇਸ ਮੌਕੇ ਕੌਂਸਲਰ ਬ੍ਰਿਸ਼ਪਾਲ ਸਿੰਘ, ਬਲਤੇਜ ਸਿੰਘ ,ਕਰਤਾਰ ਸਿੰਘ, ਮਨਦੀਪ ਕੁਮਾਰ ,ਹਰਜੀਤ ਸਿੰਘ ਅਤੇ ਗੁਰਤੇਜ ਸਿੰਘ ਨੇ ਗੁਰਪ੍ਰੀਤ ਸਿੰਘ ਮਲੂਕਾ ਨੂੰ ਭਾਜਪਾ ਤੇ ਅਕਾਲੀ ਦਲ ਦੇ ਗਠਜੋੜ ਦੀ ਵਧਾਈ ਦਿੱਤੀ ਅਤੇ ਹਰੇਕ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਇਆ। ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਭਾਜਪਾ ਬੇਸ਼ੱਕ ਲੰਬੇ ਸਮੇ ਤੋਂ ਸਾਰੀਆਂ 117 ਸੀਟਾਂ ਤੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਸੀ ਅਤੇ ਪਾਰਟੀ ਕੋਲ ਮਜ਼ਬੂਤ ਉਮੀਦਵਾਰ ਤੇ ਉਹ ਚੋਣਾਂ ਜਿੱਤਣ ਚ ਸਮਰੱਥ ਵੀ ਸਨ ਪਰ ਪੰਜਾਬ ਚ ਆਪਸੀ ਭਾਈਚਾਰੇ ਦੀ ਮਜਬੂਤੀ ਅਤੇ ਪੰਜਾਬ ਦੀ ਤਰੱਕੀ ਲਈ ਪਾਰਟੀ ਦੀ ਸੀਨਿਅਰ ਲੀਡਰਸ਼ਿਪ ਨੇ ਗਠਜੋੜ ਦਾ ਫੈਸਲਾ ਕੀਤਾ ਹੈ।
ਉਹਨਾਂ ਕਿਹਾ ਕਿ ਦੋਨੋ ਪਾਰਟੀਆਂ ਨੇ ਪੰਜਾਬ ਦੇ ਲੋਕਾਂ ਦੀ ਮੰਗ ਤੇ ਹੀ ਫੁੱਲ ਚੜ੍ਹਾਏ ਹਨ ।ਮਲੂਕਾ ਨੇ ਕਿਹਾ ਕਿ ਸੀਟਾਂ ਦੀ ਵੰਡ ਦਾ ਫੈਸਲਾ ਦੋਨੇ ਪਾਰਟੀਆਂ ਦੇ ਵੱਡੇ ਆਗੂ ਮਿਲ ਕੇ ਕਰਨਗੇ ਜਿਸ ਲਈ ਜਿਲ੍ਹਾ ਪ੍ਰਧਾਨਾਂ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਹਨ। ਬਠਿੰਡਾ ਹਲਕੇ ਵਿੱਚ ਭਾਜਪਾ ਦੇ ਹਿੱਸੇ ਆਉਣ ਵਾਲੀਆਂ ਸੀਟਾਂ ਵਾਰੇ ਮਲੂਕਾ ਨੇ ਕਿਹਾ ਕਿ ਜਿੱਤਣ ਦੀ ਸਮਰੱਥਾ ਦੇ ਅਧਾਰ ਤੇ ਹੀ ਫੈਸਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਪਹਿਲਾਂ ਵੀ ਗਠਜੋੜ ਦੀਆਂ ਸਰਕਾਰਾਂ ਚਲਾਉਂਦੇ ਰਹੇ ਹਨ ਤੇ ਉਹ ਸੂਬੇ ਚ ਸਭ ਤੋਂ ਵੱਧ ਕਮਯਾਬ ਰਹੀਆਂ ਸਨ। ਉਹਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਚ ਵੀ ਗਠਜੋੜ ਵੱਡੀ ਜਿੱਤ ਪ੍ਰਾਪਤ ਕਰੇਗਾ। ਮਲੂਕਾ ਦੇ ਕੌਂਸਲਰਾਂ ਨੇ ਕਿਹਾ ਕਿ ਅਕਾਲੀ ਦਲ ਜ਼ਿਲ੍ਹੇ ਚ ਭਾਜਪਾ ਨੂੰ ਮਿਲਣ ਵਾਲੀਆਂ ਸੀਟਾਂ 'ਤੇ ਤਨਦੇਹੀ ਨਾਲ ਕੰਮ ਕਰੇਗਾ। ਪ੍ਰੈਸ ਨੂੰ ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਨੇ ਦੱਸਿਆ ਕਿ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਲੂਕਾ ਨੇ ਸਮੂਹ ਕੌਂਸਲਰਾਂ ਦਾ ਸਨਮਾਨ ਵੀ ਕੀਤਾ ਹੈ।।