ਮੌਸਮੀ ਤਬਦੀਲੀਆਂ ਦੇ ਮੱਦੇ ਨਜ਼ਰਨਿਮੂਨੀਆ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 26 ਨਵੰਬਰ 2026 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਨੇ ਲੋਕਾਂ ਨੂੰ ਨਿਮੂਨੀਆ ਦੀ ਬਿਮਾਰੀ ਤੋਂ ਬਚਾਅ ਸਬੰਧੀ ਅਪੀਲ ਕੀਤੀ ਹੈ ਕਿ ਉਹ ਇਸ ਬਿਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਨਿਮੂਨੀਆ ਫੇਫੜਿਆਂ ਦੀ ਲਾਗ ਨਾਲ ਹੋਣ ਵਾਲੀ ਬਿਮਾਰੀ ਹੈ, ਜਿਸ ਕਾਰਨ ਫੇਫੜਿਆਂ ਵਿੱਚ ਸੋਜ ਅਤੇ ਬਲਗਮ ਜਾਂ ਤਰਲ ਪਦਾਰਥ ਇਕੱਠਾ ਹੋ ਸਕਦਾ ਹੈ। ਇਹ ਬਿਮਾਰੀ ਖਾਸ ਕਰਕੇ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਕਮਜ਼ੋਰ ਵਿਅਕਤੀਆਂ ਲਈ ਗੰਭੀਰ ਸਾਬਤ ਹੋ ਸਕਦੀ ਹੈ।ਉਹਨਾਂ ਦੱਸਿਆ ਕਿ ਨਿਮੂਨੀਆ ਦੇ ਮੁੱਖ ਲੱਛਣਾਂ ਵਿੱਚ ਤੇਜ਼ ਬੁਖਾਰ, ਖੰਘ, ਸਾਹ ਲੈਣ ਵਿੱਚ ਤਕਲੀਫ਼, ਛਾਤੀ ਵਿੱਚ ਦਰਦ, ਤੇਜ਼ ਸਾਹ ਆਉਣਾ ਅਤੇ ਬਹੁਤ ਜ਼ਿਆਦਾ ਕਮਜ਼ੋਰੀ ਸ਼ਾਮਲ ਹਨ। ਛੋਟੇ ਬੱਚਿਆਂ ਵਿੱਚ ਦੁੱਧ ਨਾ ਪੀਣਾ, ਸੁਸਤੀ, ਸਾਹ ਤੇਜ਼ ਚੱਲਣਾ ਅਤੇ ਛਾਤੀ ਦਾ ਅੰਦਰ ਵੱਲ ਧੱਸਣਾ ਵੀ ਖ਼ਤਰੇ ਦੇ ਸੰਕੇਤ ਹਨ। ਅਜਿਹੇ ਲੱਛਣ ਦਿਖਾਈ ਦੇਣ 'ਤੇ ਮਰੀਜ਼ ਨੂੰ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਲਿਜਾਇਆ ਜਾਵੇ।
ਉਨ੍ਹਾਂ ਕਿਹਾ ਕਿ ਨਿਮੂਨੀਆ ਤੋਂ ਬਚਾਅ ਲਈ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਹੱਥਾਂ ਦੀ ਸਫ਼ਾਈ ਰੱਖਣ, ਖੰਘਣ ਜਾਂ ਛਿੱਕਣ ਸਮੇਂ ਮੂੰਹ ਅਤੇ ਨੱਕ ਨੂੰ ਢੱਕਣ, ਘਰਾਂ ਵਿੱਚ ਹਵਾਦਾਰੀ ਦਾ ਪ੍ਰਬੰਧ ਰੱਖਣ, ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਅਤੇ ਪੌਸ਼ਟਿਕ ਖੁਰਾਕ ਦੇਣ ਨਾਲ ਬਿਮਾਰੀ ਤੋਂ ਬਚਾਅ ਵਿੱਚ ਮਦਦ ਮਿਲਦੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਅਤੇ ਆਲੇ-ਦੁਆਲੇ ਸਫ਼ਾਈ ਰੱਖਣ, ਸਿਗਰਟਨੋਸ਼ੀ ਅਤੇ ਤੰਬਾਕੂ ਦੇ ਧੂੰਏਂ ਤੋਂ ਬਚਣ ਅਤੇ ਬੱਚਿਆਂ ਨੂੰ ਧੂੰਏਂ ਵਾਲੇ ਵਾਤਾਵਰਨ ਤੋਂ ਦੂਰ ਰੱਖਣ। ਬਿਮਾਰੀ ਦੇ ਲੱਛਣ ਹੋਣ 'ਤੇ ਆਪਣੇ ਆਪ ਦਵਾਈ ਜਾਂ ਐਂਟੀਬਾਇਓਟਿਕ ਲੈਣ ਦੀ ਬਜਾਏ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਪਛਾਣ ਅਤੇ ਸਹੀ ਇਲਾਜ ਨਾਲ ਨਿਮੂਨੀਆ ਤੋਂ ਹੋਣ ਵਾਲੀਆਂ ਗੰਭੀਰ ਪੇਚੀਦਗੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਲੋਕਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ।