ਖੇਤੀਬਾੜੀ ਮੰਤਰੀ ਦੇ ਪਿੰਡ ਖੁੱਡੀਆਂ ਵਿਚਲੇ ਘਰ ਅੱਗੇ ਦੂਜੇ ਦਿਨ ਵੀ ਡਟੇ ਰਹੇ ਮਜ਼ਦੂਰ ਕਿਸਾਨ
ਮੰਤਰੀ ਵੱਲੋਂ ਮਸਲਿਆਂ ਦੇ ਹੱਲ ਲਈ ਜਥੇਬੰਦੀਆਂ ਨਾਲ਼ ਮੀਟਿੰਗ 22 ਨੂੰ
ਅਸ਼ੋਕ ਵਰਮਾ
ਲੰਬੀ, 21 ਅਗਸਤ 2026 : ਸ਼ੁੱਕਰਵਾਰ ਤੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਦਿਨ ਰਾਤ ਦੇ ਧਰਨੇ 'ਤੇ ਡਟੇ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਦੇ ਹੱਲ ਖੇਤੀਬਾੜੀ ਮੰਤਰੀ ਨੇ ਜਥੇਬੰਦੀਆਂ ਨਾਲ 22 ਅਗਸਤ ਨੂੰ ਮੀਟਿੰਗ ਸੱਦੀ ਹੈ। ਧਰਨੇ ਦੂਜੇ ਦਿਨ ਜੁੜੇ ਕਿਸਾਨਾਂ ਮਜ਼ਦੂਰਾਂ ਤੇ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੀ ਕੇ ਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ ਨੇ ਐਲਾਨ ਕੀਤਾ ਕਿ ਜੇਕਰ ਮੀਟਿੰਗ ਦੌਰਾਨ ਮਸਲਿਆਂ ਦਾ ਹੱਲ ਨਾਂ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਤੇ ਵਿਸ਼ਾਲ ਕੀਤਾ ਜਾਵੇਗਾ। ਅੱਜ਼ ਦੇ ਧਰਨੇ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਤਰਸੇਮ ਸਿੰਘ ਖੁੰਡੇ ਹਲਾਲ, ਕਿਸਾਨ ਆਗੂ ਗੁਰਭਗਤ ਸਿੰਘ ਭਲਾਈਆਣਾ, ਹਰਬੰਸ ਸਿੰਘ ਕੋਟਲੀ, ਕਾਲਾ ਸਿੰਘ ਖੂੰਨਣ ਖੁਰਦ,ਮਨੋਹਰ ਸਿੰਘ ਸਿੱਖਵਾਲਾ, ਗੁਰਤੇਜ ਸਿੰਘ ਖੁੱਡੀਆਂ,ਮਜ਼ਦੂਰ ਆਗੂ ਕਾਲਾ ਸਿੰਘ ਸਿੰਘੇਵਾਲਾ, ਬਾਜ਼ ਸਿੰਘ ਭੁੱਟੀਵਾਲਾ, ਕਾਕਾ ਸਿੰਘ ਖੁੰਡੇ ਹਲਾਲ,ਰਾਮਪਾਲ ਗੱਗੜ, ਆਦਿ ਆਗੂਆਂ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਾਰਪੋਰੇਟ ਘਰਾਣਿਆਂ ਪੱਖੀ ਤੇ ਲੋਕ ਵਿਰੋਧੀ ਨੀਤੀਆਂ ਦੇ ਰਾਹ ਵਿੱਚ ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਆਗੂ ਕੰਧ ਬਣ ਕੇ ਖੜ੍ਹ ਰਹੇ ਹਨ ਇਸੇ ਕਰਕੇ ਆਪ ਸਰਕਾਰ ਆਗੂਆਂ ਨੂੰ ਸੰਗੀਨ ਕੇਸਾਂ ਚ ਉਲਝਾ ਰਹੀ ਹੈ। ਉਹਨਾਂ ਆਖਿਆ ਕਿ ਲੋਕਾਂ ਦੇ ਜਥੇਬੰਦ ਸੰਘਰਸ਼ਾਂ ਦੀ ਬਦੌਲਤ ਸਰਕਾਰਾਂ ਲੈਂਡ ਪੂਲਿੰਗ ਪਾਲਸੀ, ਬਿਜਲੀ ਬਿੱਲ 2025 ਤੇ ਚਾਰ ਲੇਬਰ ਕੋਡ ਲਾਗੂ ਕਰਨ ਦੇ ਮਨਸੂਬਿਆਂ ਚ ਸਫ਼ਲ ਨਹੀਂ ਹੋ ਰਹੀਆਂ ਜਿਸ ਕਰਕੇ ਆਗੂ ਉਹਨਾਂ ਦੀਆਂ ਅੱਖਾਂ 'ਚ ਰੋੜ ਵਾਂਗ ਰੜਕ ਰਹੇ ਹਨ। ਉਹਨਾਂ ਆਖਿਆ ਕਿ ਸਰਕਾਰੀ ਧੱਕੇਸ਼ਾਹੀ ਦਾ ਸਿਰੜੀ ਘੋਲ ਦੇ ਰਾਹੀਂ ਜਵਾਬ ਦਿੱਤਾ ਜਾਵੇਗਾ। ਉਹਨਾਂ ਆਖਿਆ ਕਿ ਆਪ ਦੇ ਰਾਜ਼ 'ਚ ਨਸ਼ਿਆਂ ਦੀ ਮਹਾਂਮਾਰੀ ਵਿਰਾਟ ਰੂਪ ਧਾਰਨ ਕਰ ਗਈ ਹੈ ਅਤੇ ਅਮਨ ਕਾਨੂੰਨ ਦੀ ਵਿਵਸਥਾ ਆਏ ਦਿਨ ਵਿਗੜਦੀ ਜਾ ਰਹੀ ਹੈ। ਹਕੂਮਤ ਵੱਲੋਂ ਲੋਕਾਂ ਦੇ ਜਮਹੂਰੀ ਹੱਕਾਂ ਦਾ ਆਏ ਦਿਨ ਘਾਣ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਐਲਾਨ ਕੀਤਾ ਕਿ ਉਹ ਕੇਸਾਂ ਦੀ ਵਾਪਸੀ , ਫਸਲਾਂ ਤੇ ਘਰਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ, ਮਜ਼ਦੂਰ-ਕਿਸਾਨ ਪੱਖੀ ਖੇਤੀ ਨੀਤੀ ਲਾਗੂ ਕਰਨ, ਕੱਟੇ ਪਲਾਟਾ ਦੇ ਕਬਜ਼ੇ ਦੇਣ, ਮਨਰੇਗਾ ਦਾ ਕੰਮ ਚਲਾਉਣ, ਘਰਾਂ ਵਿੱਚੋਂ ਪੁੱਟੇ ਮੀਟਰ ਬਿਨਾਂ ਸ਼ਰਤ ਮੁੜ ਲਾਉਣ, ਲਿਫਟ ਪੰਪਾਂ ਦੇ ਨਾਜਾਇਜ਼ ਜੁਰਮਾਨੇ ਖ਼ਤਮ ਕਰਨ ਅਤੇ ਆਈਟੀਆਈ ਬਾਦਲ ਮੁੜ ਚਾਲੂ ਕਰਨ ਆਦਿ ਮੰਗਾਂ ਦੀ ਪੂਰਤੀ ਤੱਕ ਧਰਨੇ 'ਤੇ ਡਟੇ ਰਹਿਣਗੇ।ਇਸ ਮੌਕੇ ਰਾਜਸਥਾਨ ਦੇ ਜੋਧਪੁਰ ਜ਼ਿਲੇ ਦੇ ਇੱਕ ਸਰਕਾਰੀ ਸਕੂਲ ਦੀ ਹਾਲਾਤ ਦਾ ਜਾਇਜ਼ਾ ਲੈਣ ਗਏ ਕਾਕਰੋਚ ਜਨਤਾ ਪਾਰਟੀ ਦੇ ਆਗੂਆਂ ਤੇ ਵਲੰਟੀਅਰਜ਼ ਉਤੇ ਆਰ ਐਸ ਐਸ ਤੇ ਭਾਜਪਾ ਦੇ ਗੁੰਡਿਆਂ ਵੱਲੋਂ ਹਮਲਾ ਕਰਨ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ।