ਲੋਕ ਮੋਰਚਾ ਪੰਜਾਬ ਤੇ ਇਨਕਲਾਬੀ ਕੇਂਦਰ ਵੱਲੋਂ ਭਾਰਤ ਅਮਰੀਕਾ ਵਪਾਰ ਵਾਰਤਾ ਸਬੰਧੀ ਕਨਵੈਨਸ਼ਨ
ਨਵਾਂ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਜਮਾਤੀ ਸੰਘਰਸ਼ ਉਸਾਰਨ ਦਾ ਸੱਦਾ
ਬਰਨਾਲਾ 18 ਅਗਸਤ ਇਨਕਲਾਬੀ ਜਥੇਬੰਦੀਆਂ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਅੱਜ ਸਾਂਝੇ ਤੌਰ 'ਤੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਭਾਰਤ ਅਮਰੀਕਾ ਵਪਾਰ ਸਮਝੌਤਾ ਅਤੇ ਨਕਲੀ ਆਜ਼ਾਦੀ ਦੀ ਹਕੀਕਤ ਵਿਸ਼ੇ ਉੱਤੇ ਸੂਬਾ ਪੱਧਰੀ ਕਨਵੈਨਸ਼ਨ ਜਥੇਬੰਦ ਕੀਤੀ ਗਈ। ਇਸ ਕਨਵੈਨਸ਼ਨ ਵਿੱਚ ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਬੁੱਧੀਜੀਵੀ ਹਿੱਸਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਇਕੱਠ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਵੱਲੋਂ ਭਾਰਤ ਅਤੇ ਅਮਰੀਕਾ ਦਰਮਿਆਨ ਚੱਲ ਰਹੀ ਵਪਾਰ ਵਾਰਤਾ ਦੇ ਲੋਕਾਂ ਉੱਪਰ ਪੈਣ ਵਾਲੇ ਮਾਰੂ ਅਸਰਾਂ ਦੀ ਚਰਚਾ ਕੀਤੀ ਗਈ ਅਤੇ ਦੱਸਿਆ ਕਿ ਇਸ ਇੱਕਤਰਫਾ ਸਮਝੌਤੇ ਰਾਹੀਂ ਸਾਮਰਾਜੀ ਹਿਤਾਂ ਲਈ ਭਾਰਤੀ ਹਕੂਮਤ ਵੱਲੋਂ ਕਿਸਾਨਾਂ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਵੱਡੇ ਪੱਧਰ ਉੱਤੇ ਬਲੀ ਦਿੱਤੀ ਜਾ ਰਹੀ ਹੈ। ਭਾਰਤ ਸਰਕਾਰ ਵੱਲੋਂ ਪੂਰੀ ਤਰ੍ਹਾਂ ਲਿਫ਼ ਕੇ ਇਸ ਵਾਰਤਾ ਨੂੰ ਜਾਰੀ ਰੱਖਿਆ ਜਾ ਰਿਹਾ ਹੈ। ਲੋਕ ਮੋਰਚਾ ਦੀ ਸੂਬਾਈ ਆਗੂ ਸ਼ੀਰੀਂ ਨੇ ਦੱਸਿਆ ਕਿ ਅਜਿਹੇ ਕੌਮ ਧ੍ਰੋਹੀ ਸਮਝੌਤੇ ਦਾ ਕਾਰਨ 1947 ਤੋਂ ਭਾਰਤ ਵਿੱਚ ਜਾਰੀ ਰਹਿ ਰਿਹਾ ਸਾਮਰਾਜੀ ਦਾਬਾ ਹੈ, ਜਿਸ ਸਦਕਾ ਪਿਛਲੇ ਦਹਾਕਿਆਂ ਦੌਰਾਨ ਭਾਰਤੀ ਹਾਕਮਾਂ ਵੱਲੋਂ ਅਜਿਹੇ ਕਈ ਮਾਰੂ ਸਮਝੌਤੇ ਸੰਧੀਆਂ ਕੀਤੇ ਗਏ ਹਨ ਅਤੇ ਭਾਰਤ ਦੇ ਅਰਥਚਾਰੇ ਦਾ ਹਰੇਕ ਖੇਤਰ ਸਾਮਰਾਜੀ ਲੁੱਟ ਲਈ ਖੋਲ੍ਹਿਆ ਗਿਆ ਹੈ। ਸਾਮਰਾਜਵਾਦ ਤੋਂ ਮੁਕਤੀ ਦੇ ਭਗਤ ਸਿੰਘ ਦੇ ਨਾਅਰੇ ਨੂੰ ਪੂਰਾ ਕਰਨ ਅਤੇ ਹਕੀਕੀ ਆਜ਼ਾਦੀ ਹਾਸਿਲ ਕਰਨ ਦਾ ਕਾਰਜ ਅਜੇ ਵੀ ਭਾਰਤੀ ਲੋਕਾਂ ਦੇ ਦਰਪੇਸ਼ ਹੈ।
ਇਨਕਲਾਬੀ ਕੇਂਦਰ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਨੇ ਦੇਸੀ ਵਿਦੇਸ਼ੀ ਕਾਰਪੋਰੇਟ ਲੁੱਟ ਦੇ ਪਿਛਲੇ ਦਹਾਕਿਆਂ ਦੌਰਾਨ ਜ਼ੋਰ ਫੜ ਰਹੇ ਅਮਲਾਂ ਦੀ ਚਰਚਾ ਕੀਤੀ, ਇਨ੍ਹਾਂ ਦੇ ਪਿਛੋਕੜ ਬਾਰੇ ਦੱਸਿਆ ਅਤੇ ਇਨ੍ਹਾਂ ਨੂੰ ਲਾਗੂ ਕਰਨ ਦੇ ਸਾਧਨ ਵਜੋਂ ਵੇਲੇ ਦੀਆਂ ਹਕੂਮਤਾਂ ਵੱਲੋਂ ਕਾਲੇ ਕਾਨੂੰਨਾਂ ਦੀ ਥੋਕ ਵਰਤੋਂ ਦਾ ਪੱਖ ਉਭਾਰਿਆ। ਲੋਕ ਮੋਰਚੇ ਦੇ ਸੂਬਾ ਸਕੱਤਰ ਸ਼੍ਰੀ ਜਗਮੇਲ ਸਿੰਘ ਨੇ ਮੌਜੂਦਾ ਵਪਾਰ ਵਾਰਤਾ ਅਤੇ ਪਹਿਲਾਂ ਹੋਈਆਂ ਸਾਮਰਾਜ ਪੱਖੀ ਸਮਝੌਤੇ ਸੰਧੀਆਂ ਉੱਤੇ ਸਭਨਾਂ ਹਾਕਮ ਜਮਾਤੀ ਪਾਰਟੀਆਂ ਦੀ ਬੁਨਿਆਦੀ ਸਹਿਮਤੀ ਅਤੇ ਇਸ ਦਿਸ਼ਾ ਵਿੱਚ ਚੁੱਕੇ ਕਦਮਾਂ ਦੀ ਚਰਚਾ ਕੀਤੀ। ਅਜਿਹੇ ਕਦਮਾਂ ਨੂੰ ਵਾਪਸ ਕਰਵਾਉਣ ਲਈ ਹਾਕਮ ਜਮਾਤੀ ਚੋਣ ਦੰਗਲ ਵਿੱਚ ਉਲਝਣ ਦੀ ਥਾਂ ਨਵਾਂ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਜਮਾਤੀ ਸੰਘਰਸ਼ ਉਸਾਰਨ ਅਤੇ ਤੇਜ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਭਾਰਤ ਅਮਰੀਕਾ ਵਪਾਰ ਵਾਰਤਾ ਰੱਦ ਕਰਨ, ਸਾਮਰਾਜੀ ਦਬਾਅ ਹੇਠ ਕੀਤੇ ਸਭ ਸਮਝੌਤੇ ਮਨਸੂਖ਼ ਕਰਨ ਅਤੇ ਮੋਦੀ ਹਕੂਮਤ ਵੱਲੋਂ ਸਾਮਰਾਜੀ ਦਬਾਅ ਹੇਠ ਲਿਫ਼ਣਾ ਬੰਦ ਕਰਨ ਦੀਆਂ ਮੰਗਾਂ ਉਭਾਰੀਆਂ ਗਈਆਂ।
ਇਸ ਮੌਕੇ ਹਾਜ਼ਰ ਇਕੱਠ ਵੱਲੋਂ 'ਦਿਮਾਗੀ ਨਕਸਲ' ਦਾ ਲਕਬ ਵਰਤ ਕੇ ਅਸਹਿਮਤੀ ਦੀ ਹਰ ਆਵਾਜ਼ ਕੁਚਲਣ ਦੀ ਨਿਖੇਧੀ ਕਰਨ, ਦਿੱਲੀ ਝਾਰਖੰਡ ਅਤੇ ਹੋਰਨਾਂ ਥਾਵਾਂ ਦੇ ਵਿਦਿਆਰਥੀਆਂ ਉੱਤੇ ਲਾਠੀ ਚਾਰਜ ਦੇ ਮੁਜਰਮ ਟਿੱਕਣ, ਵਿਦਿਆਰਥੀਆਂ ਖਿਲਾਫ਼ ਬਦਲਾ ਲਊ ਕਾਰਵਾਈਆਂ ਬੰਦ ਕਰਨ, ਉਨ੍ਹਾਂ ਉੱਤੇ ਪਾਏ ਕੇਸ ਵਾਪਸ ਲੈਣ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਹੋਰ ਤਬਕਿਆਂ ਉੱਤੇ ਲਾਠੀਚਾਰਜ ਕਰਨ ਦੀ ਨਿਖੇਧੀ ਤੇ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕਰਨ ਸਬੰਧੀ ਮਤੇ ਪਾਸ ਕੀਤੇ ਗਏ। ਮੰਦਰ ਜੱਸੀ, ਨਰਿੰਦਰ ਸਿੰਗਲਾ, ਨਿਰਮਲ ਸਿਵੀਆਂ ਅਤੇ ਰਾਮ ਹਠੂਰ ਵੱਲੋਂ ਇਨਕਲਾਬੀ ਗੀਤ ਕਵਿਤਾਵਾਂ ਪੇਸ਼ ਕੀਤੇ ਗਏ। ਸਟੇਜ ਦਾ ਸੰਚਾਲਨ ਸੁਖਵਿੰਦਰ ਸਿੰਘ ਵੱਲੋਂ ਕੀਤਾ ਗਿਆ। ਜਸਵੰਤ ਜੀਰਖ ਨੇ ਪ੍ਰਧਾਨਗੀ ਮੰਡਲ ਦੀ ਤਰਫੋਂ ਇਸ ਗੰਭੀਰ ਚਰਚਾ ਨੂੰ ਇਕਾਗਰਤਾ ਨਾਲ ਸੁਣਨ ਲਈ ਹਾਜ਼ਰ ਲੋਕਾਂ ਦਾ ਧੰਨਵਾਦ ਕੀਤਾ।