ਕਿਸਾਨ ਆਗੂਆਂ ਵੱਲੋਂ 14 ਅਗਸਤ ਨੂੰ ਜਾਰੀ ਕੀਤੇ ਗਏ ਐਸਕੇਐਮ ਪੰਜਾਬ ਦੇ ਬਿਆਨ ਸਬੰਧੀ ਸਪਸ਼ਟੀਕਰਨ
ਅਸ਼ੋਕ ਵਰਮਾ
ਬਠਿੰਡਾ, 18 ਅਗਸਤ 2026 : 14 ਅਗਸਤ ਦੀ ਸੰਯੁਕਤ ਕਿਸਾਨ ਮੋਰਚਾ ਮੀਟਿੰਗ ਦੀ ਪ੍ਰਧਾਨਗੀ ਮੰਡਲ ਦੇ ਦੋ ਨੁਮਾਂਇੰਦਿਆਂ ਭਾਰਤੀ ਕਿਸਾਨ ਯੂਨੀਅਨ ਨੇ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਅਰਾਈਆਂ ਵਾਲਾ ਨੇ ਆਖਿਆ ਹੈ ਕਿ ਐਸ ਕੇ ਐਮ ਦੀਆਂ ਪੰਜਾਬ ਜਥੇਬੰਦੀਆਂ ਦੀ 14 ਅਗਸਤ ਦੀ ਮੀਟਿੰਗ ਦਾ ਜਾਰੀ ਹੋਇਆ ਬਿਆਨ ਮੀਟਿੰਗ ਦੀ ਭਾਵਨਾ ਤੇ ਫੈਸਲਿਆਂ ਨੂੰ ਸਹੀ ਢੰਗ ਨਾਲ ਨਹੀਂ ਦਰਸਾਉਂਦਾ ਹੈ। ਇਸ ਪ੍ਰੈਸ ਬਿਆਨ ਸਬੰੰਧੀ ਸਪਸ਼ਟੀਕਰਨ ਜਾਰੀ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀਆਂ ਦਰਮਿਆਨ ਚੰਡੀਗੜ੍ਹ ਧਰਨੇ ਲਈ ਐਸ ਕੇ ਐਮ ਦੇ ਨਾਂ ਦੀ ਵਰਤੋਂ 'ਤੇ ਸਹਿਮਤੀ ਨਹੀਂ ਹੈ। ਸਭਨਾਂ ਮੰਗਾਂ 'ਤੇ ਸਹਿਮਤੀ ਨਾ ਹੋਣ ਕਾਰਨ ਐਸਕੇਐਮ ਵਿੱਚ ਸ਼ਾਮਿਲ ਕਈ ਜਥੇਬੰਦੀਆਂ ਦਾ ਇਹ ਮੱਤ ਹੈ ਕਿ ਕੁਝ ਮੁੱਦਿਆਂ 'ਤੇ ਵਖਰੇਵਾਂ ਹੋਣ ਕਾਰਨ ਇਹ ਧਰਨਾ ਐਸ ਕੇ ਐਮ ਦੇ ਨਾਮ ਦੀ ਥਾਂ ਸਿਰਫ਼ ਵਿਸ਼ੇਸ਼ ਜਥੇਬੰਦੀਆਂ ਵੱਲੋਂ ਆਪਣੇ ਨਾਮ 'ਤੇ ਹੀ ਲਗਾਇਆ ਜਾਣਾ ਚਾਹੀਦਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਐਸਕੇਐਮ ਦੇ ਨਾਮ ਦੀ ਵਰਤੋਂ ਸਿਰਫ ਉਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਇਸ ਵਿੱਚ ਸ਼ਾਮਿਲ ਸਾਰੀਆਂ ਜਥੇਬੰਦੀਆਂ ਕਿਸੇ ਕਾਰਵਾਈ ਤੇ ਸਹਿਮਤ ਹੋਣ। ਇਹ ਘੱਟੋ ਘੱਟ ਸਾਂਝੀ ਸਹਿਮਤੀ ਦੇ ਆਧਾਰ 'ਤੇ ਬਣਿਆ ਹੋਇਆ ਸਾਂਝਾ ਮੰਚ ਹੈ। ਇਸ ਲਈ ਐਸ ਕੇ ਐਮ ਦੇ ਨਾਮ ਦੀ ਵਰਤੋਂ ਦੇ ਮਸਲੇ ਬਾਰੇ ਵਿਚਾਰ ਚਰਚਾ ਦੀ ਕੜੀ ਵਜੋਂ ਹੀ 14 ਤਰੀਕ ਦੀ ਮੀਟਿੰਗ ਹੋਈ ਸੀ ਤੇ ਇਸੇ ਵਿਚਾਰ ਚਰਚਾ ਨੂੰ ਜਾਰੀ ਰੱਖਣ ਲਈ ਅਗਲੀ ਮੀਟਿੰਗ 23 ਅਗਸਤ ਨੂੰ ਕੀਤੀ ਜਾਣੀ ਹੈ। ਪਰ ਜਾਰੀ ਬਿਆਨ ਇਸ ਤੋਂ ਉਲਟ ਤਸਵੀਰ ਪੇਸ਼ ਕਰਕੇ ਇੱਕ ਤਰ੍ਹਾਂ ਨਾਲ ਸਭਨਾਂ ਵੱਲੋਂ ਐਸ ਕੇ ਐਮ ਦੇ ਨਾਮ ਦੀ ਵਰਤੋਂ 'ਤੇ ਸਹਿਮਤੀ ਬਣਾ ਕੇ ਪੇਸ਼ ਕਰਦਾ ਹੈ। ਇਹ ਬਿਆਨ ਸਮੁੱਚੇ ਪ੍ਰਧਾਨਗੀ ਮੰਡਲ ਦੀ ਜਾਣਕਾਰੀ ਤੋਂ ਬਿਨਾਂ ਜਾਰੀ ਕੀਤਾ ਗਿਆ ਸੀ।