ਹਰਪਾਲ ਕੌਰ ਸੂਬਾ ਪ੍ਰਧਾਨ, ਜਸਮੇਲ ਕੌਰ ਸੂਬਾ ਜਨਰਲ ਸਕੱਤਰ ਤੇ ਕੁਲਵਿੰਦਰ ਕੌਰ ਬਣੇ ਵਿੱਤ ਸਕੱਤਰ
ਅਸ਼ੋਕ ਵਰਮਾ
ਬਰਨਾਲਾ, 17 ਅਗਸਤ 2026 : ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ (ਸੀਟੂ) ਪੰਜਾਬ ਦਾ ਸੂਬਾਈ ਡੈਲੀਗੇਸ਼ਨ ਅਜਲਾਸ ਬਰਨਾਲਾ ਦੇ ਤਰਕਸ਼ੀਲ ਭਵਨ ਵਿਚ ਹੋਇਆ । ਜਿਸ ਦੀ ਪ੍ਰਧਾਨਗੀ ਯੂਨੀਅਨ ਦੀ ਸੂਬਾਈ ਕਨਵੀਨਰ ਹਰਪਾਲ ਕੌਰ ਬਰਨਾਲਾ, ਜਸਮੇਲ ਕੌਰ ਬੀਰਕਲਾਂ (ਸੰਗਰੂਰ) ਤੇ ਕੁਲਵਿੰਦਰ ਕੌਰ ਆਦਮਪੁਰਾ (ਬਠਿੰਡ) ਨੇ ਕੀਤਾ । ਇਸ ਮੌਕੇ ਅਜਲਾਸ ਦੇ ਉਦਘਾਟਨੀ ਭਾਸ਼ਣ 'ਚ ਸੀਟੂ ਪੰਜਾਬ ਦੇ ਪ੍ਰਧਾਨ ਕਾਮਰੇਡ ਚੰਦਰ ਸ਼ੇਖਰ ਨੇ ਕਿਹਾ ਕਿ ਮਿੱਡ-ਡੇ-ਮੀਲ ਵਰਕਰਾਂ ਨਾਲ ਲੰਮੇ ਸਮੇਂ ਤੋਂ ਬੇਇਨਸਾਫੀ ਕੀਤੀ ਜਾ ਰਹੀ ਹੈ। ਸਰਕਾਰਾਂ ਵਲੋਂ ਮਾਮੂਲੀ ਭੱਤੇ ਦੇ ਕੇ ਮਿੱਡ-ਡੇ-ਮੀਲ ਵਰਕਰਾਂ ਤੋਂ ਪੂਰਾ-ਪੂਰਾ ਦਿਨ ਕੰਮ ਕਰਵਾਇਆ ਜਾ ਰਿਹਾ ਹੈ। ਉਨਾਂ ਮਿੱਡ-ਡੇ-ਮੀਲ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਆਪਣਾ ਸੰਘਰਸ਼ ਤਿੱਖਾ ਕਰਨ ਸੀਟੂ ਹਰ ਸਮੇਂ ਉਨਾਂ ਦੇ ਅੰਗ-ਸੰਗ ਰਹੇਗੀ ।
ਉਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਸਰਕਾਰ ਲਗਾਤਾਰ ਲੋਕ ਵਿਰੋਧੀ ਫੈਸਲੇ ਲੈ ਰਹੀਆਂ ਹਨ, ਜਿਸ ਕਰਕੇ ਅੱਜ ਦੇਸ਼ ਦਾ ਮਿਹਨਤਕਸ਼ ਵਰਗ ਮੰਦਹਾਲੀ ਵਾਲੀ ਜਿੰਦਗੀ ਜਿਉਣ ਲਈ ਮਜਬੂਰ ਹੈ । ਉਨਾਂ ਕਿਹਾ ਕਿ ਸੰਘਰਸ਼ਾਂ ਨਾਲ ਹੀ ਮਿੱਡ-ਡੇ-ਮੀਲ ਵਰਕਰਾਂ ਆਪਣੇ ਮਸਲੇ ਹੱਲ ਕਰਵਾ ਸਕਦੀਆਂ ਹਨ । ਆਉਣ ਵਾਲੇ ਸਮੇਂ ਵਿਚ ਸੀਟੂ ਪੱਕੇ ਮੋਰਚੇ ਲਗਾ ਕੇ ਮਜਦੂਰਾਂ ਦੇ ਮਸਲੇ ਹੱਲ ਕਰਵਾਉਣ ਲਈ ਤਿੱਖੇ ਸੰਘਰਸ਼ ਉਲੀਕੇਗੀ। ਇਸ ਮੌਕੇ ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾਈ ਕਨਵੀਨਰ ਬੀਬੀ ਹਰਪਾਲ ਕੌਰ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਕੁਝ ਉਸਾਰੂ ਵਾਧਿਆਂ ਨਾਲ ਪਾਸ ਕੀਤਾ ਗਿਆ।
ਇਸ ਮੌਕੇ 15 ਮੈਂਬਰੀ ਸੂਬਾ ਕਮੇਟੀ ਚੁਣੀ ਗਈ, ਜਿਸ 'ਚ 7 ਆਹੁਦੇਦਾਰ, 4 ਸੂਬਾ ਵਰਕਿੰਗ ਕਮੇਟੀ ਤੇ 4 ਸੀਟਾਂ ਖਾਲੀ ਰੱਖੀਆਂ ਗਈਆਂ । ਇਸ ਮੌਕੇ ਹਰਪਾਲ ਕੌਰ ਬਰਨਾਲਾ ਨੂੰ ਸੂਬਾ ਪ੍ਰਧਾਨ, ਜਸਮੇਲ ਕੌਰ ਬੀਰ ਕਲਾਂ ਨੂੰ ਸੂਬਾ ਜਨਰਲ ਸਕੱਤਰ, ਕੁਲਵਿੰਦਰ ਕੌਰ ਆਦਮਪੁਰਾ ਨੂੰ ਵਿੱਤ ਸਕੱਤਰ ਚੁਣਿਆ ਗਿਆ। ਇਸ ਮੌਕੇ ਬੀਬੀ ਜਸਮੇਲ ਕੌਰ ਤੇ ਕੁਲਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ । ਸਟੇਜ ਦੀ ਕਾਰਵਾਈ ਕਾਮਰੇਡ ਸ਼ੇਰ ਸਿੰਘ ਫਰਵਾਹੀ ਨੇ ਚਲਾਈ । ਇਸ ਮੌਕੇ ਸੀਟੂ ਦੇ ਸੂਬਾਈ ਆਗੂ ਕਾਮਰੇਡ ਗੋਰਾ ਰਾਏਕੋਟ, ਕਾਮਰੇਡ ਦੇਵ ਰਾਜ ਵਰਮਾ, ਮੱਖਣ ਜਖੇਪਲ, ਸਤਵੀਰ ਤੁੰਗਾਂ ਤੇ ਮਾਨ ਸਿੰਘ ਗੁਰਮ ਨੇ ਵੀ ਭਰਾਤੀ ਤੌਰ 'ਤੇ ਸੰਬੋਧਨ ਕੀਤਾ।