ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾ ਨੇ ਫ਼ਤਹਿਗੜ੍ਹ ਸਾਹਿਬ ਵਿਖੇ ਲਹਿਰਾਇਆ ਤਿਰੰਗਾ
ਕਿਹਾ, ਸਾਡੀ ਸਰਕਾਰ ਨੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਤੇ ਪੰਜਾਬ ਦੇ ਵਿਕਾਸ, ਬੁਨਿਆਦੀ ਢਾਂਚੇ, ਸਿੱਖਿਆ,ਸਿਹਤ ਅਤੇ ਸਮਾਜਿਕ ਭਲਾਈ ਲਈ ਮਹੱਤਵਪੂਰਨ ਕਦਮ ਚੁੱਕੇ
*ਕੇਂਦਰ ਸਰਕਾਰ ਵੱਲੋਂ ਮਾਈਨਿੰਗ ਅਤੇ ਖਣਿਜ ਪਦਾਰਥਾਂ ਤੇ ਲਿਆਦਾਂ ਬਿਲ ਸੂਬਿਆਂ ਦੇ ਅਧਿਕਾਰਾਂ ‘ਤੇ ਸਿੱਧੀ ਸੱਟ- ਸਪੀਕਰ ਕੁਲਤਾਰ ਸਿੰਘ ਸੰਧਵਾਂ
*ਆਜ਼ਾਦੀ ਘੁਲਾਟੀਆਂ,ਸ਼ਹੀਦ ਸੈਨਿਕਾਂ ਦੇ ਪਰਿਵਾਰਾਂ, ਪਰੇਡ ਟੁਕੜੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਕੀਤਾ ਸਨਮਾਨ
*ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਲੋੜਵੰਦਾਂ ਨੂੰ ਟਰਾਈ ਸਾਇਕਲ ਤੇ ਸਿਲਾਈ ਮਸ਼ੀਨਾਂ ਦੀ ਕੀਤੀ ਵੰਡ
*ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦਾ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤਾ ਵਿਸ਼ੇਸ਼ ਸਨਮਾਨ
ਫਤਹਿਗੜ੍ਹ ਸਾਹਿਬ, 15 ਅਗਸਤ :
ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਸਰਹਿੰਦ ਦੇ ਮਾਧੋਪੁਰ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਫਤਹਿਗੜ੍ਹ ਸਾਹਿਬ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸਪੀਕਰ ਪੰਜਾਬ ਵਿਧਾਨ ਸਭਾ ਸ੍ਰ. ਕੁਲਤਾਰ ਸਿੰਘ ਸੰਧਵਾ ਨੇ ਸਿਰਕਤ ਕਰਦਿਆਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਸਪੀਕਰ ਸ੍ਰ. ਕੁਲਤਾਰ ਸਿੰਘ ਸੰਧਵਾ ਨੇ ਆਪਣੇ ਸੰਬੋਧਨ ਦੌਰਾਨ ਸਮੂਹ ਜ਼ਿਲ੍ਹਾ ਵਾਸੀਆਂ ਸਮੇਤ ਸਮੁੱਚੇ ਪੰਜਾਬੀਆ ਨੂੰ ਆਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੱਤੀ ਅਤੇ ਦੇਸ਼ ਲਈ ਵੱਡਮੁੱਲੀਆ ਕੁਰਬਾਨੀਆਂ ਦੇਣ ਵਾਲੇ ਮਹਾਨ ਸ਼ਹੀਦਾ ਨੂੰ ਸਿਜਦਾ ਕੀਤਾ। ਉਨ੍ਹਾਂ ਕਿਹਾ ਕਿ ਫਤਹਿਗੜ੍ਹ ਸਾਹਿਬ ਦੀ ਪਾਵਨ ਧਰਤੀ ’ਤੇ ਮੈਂ ਜਿੰਨੀ ਵਾਰ ਵੀ ਨਤਮਸਤਕ ਹੋਇਆ ਹਾਂ, ਮੈਂ ਓਨੀ ਹੀ ਵਾਰ ਆਪਣੇ ਅੰਦਰ ਇੱਕ ਅਪਾਰ ਰੂਹਾਨੀ ਸ਼ਕਤੀ ਦਾ ਸੰਚਾਰ ਹੁੰਦਾ ਮਹਿਸੂਸ ਕੀਤਾ ਹੈ। ਉਨ੍ਹਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਦੇ ਵਡਭਾਗੀ ਵਸਨੀਕਾਂ ਦੇ ਰੂਬਰੂ ਹੋ ਕੇ, ਮੈਨੂੰ ਉਸ ਰੂਹਾਨੀ ਸੰਚਾਰ ਦਾ ਕਈ ਗੁਣਾ ਜ਼ਿਆਦਾ ਵਾਧਾ ਮਹਿਸੂਸ ਹੋ ਰਿਹਾ ਹੈ। ਇੰਜ ਲੱਗਦਾ ਹੈ ਜਿਵੇਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਪਵਿੱਤਰ ਛੋਹ ਨੇ ਇਸ ਮਿੱਟੀ ਦੇ ਕਣ-ਕਣ ਵਿੱਚ ਆਪਣੀ ਅਸੀਮ ਨਿੱਘਾਸ ਭਰ ਦਿੱਤੀ ਹੋਵੇ, ਆਪਣੀ ਹੋਂਦ ਦੀ ਪਵਿੱਤਰ ਖੁਸ਼ਬੂ ਪੂਰ ਦਿੱਤੀ ਹੋਵੇ, ਤੇ ਆਪ ਮੁਹਾਰੇ ਹੀ ਇਸ ਧਰਤੀ ਨੂੰ ਬਾਰ-ਬਾਰ ਕੋਟਿ-ਕੋਟਿ ਪ੍ਰਣਾਮ ਕਰਦੇ ਰਹਿਣ ਨੂੰ ਜੀ ਕਰਦਾ ਹੈ।
ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਨੋਰਥ ਸਿਰਫ਼ ਯੋਜਨਾਵਾਂ ਦੇ ਐਲਾਨ ਕਰਨਾ ਨਹੀਂ, ਸਗੋਂ ਲੋਕਾਂ ਦੇ ਜੀਵਨ ਵਿੱਚ ਅਸਲ ਬਦਲਾਅ ਲਿਆਉਣਾ ਹੈ। ਇਸੇ ਵਚਨਬੱਧਤਾ ਤਹਿਤ ਸਾਡੀ ਸਰਕਾਰ ਵੱਲੋਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਤੇ ਸਮੁੱਚੇ ਪੰਜਾਬ ਦੇ ਵਿਕਾਸ, ਬੁਨਿਆਦੀ ਢਾਂਚੇ, ਸਿੱਖਿਆ, ਸਿਹਤ ਅਤੇ ਸਮਾਜਿਕ ਭਲਾਈ ਲਈ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ। ਉਨ੍ਰਾਂ ਕਿਹਾ ਕਿ ਆਜ਼ਾਦੀ ਘੁਲਾਟੀਏ ਸਾਡਾ ਅਸਲ ਮਾਣ ਹਨ, ਸਾਡੀ ਸਰਕਾਰ ਨੇ ਸੂਬੇ ਦੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਮਿਲਦੀ ਪੈਨਸ਼ਨ 9400 ਰੁਪਏ ਤੋਂ ਵਧਾ ਕੇ 11 ਹਜ਼ਾਰ ਰੁਪਏ ਕਰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਹੁਣ ਤੱਕ 4 ਲੱਖ ਤੋਂ ਵਧੇਰੇ ਸ਼ਰਧਾਲੂਆਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਹੈ। ਰਾਜ ਸਰਕਾਰ ਨੂੰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ 650ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ’ਤੇ ਮਨਾਉਣ ਦਾ ਸੁਭਾਗ ਮਿਲਿਆ ਹੈ, ਜਿਸ ਲਈ ਸਾਲ ਭਰ ਚੱਲਣ ਵਾਲੇ ਸਮਾਗਮਾਂ ਲਈ ਬਜਟ ਵਿੱਚ 100 ਕਰੋੜ ਰੁਪਏ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਾਈਨਿੰਗ ਅਤੇ ਖਣਿਜ ਪਦਾਰਥਾਂ ਤੇ ਲਿਆਦਾ ਗਿਆ ਬਿਲ ਸੂਬਿਆਂ ਦੇ ਅਧਿਕਾਰਾਂ ਅਤੇ ਵਿੱਤੀ ਖੁਦਮੁਖਤਿਆਰੀ ਤੇ ਸਿੱਧੀ ਸੱਟ ਹੈ। ਉਨ੍ਹਾਂ ਕਿਹਾ ਕਿ ਮਾਇਨਿੰਗ ਨਾਲ ਜੁੜੇ ਮਾਮਲਿਆ ਵਿੱਚ ਰਾਜਾਂ ਦੇ ਹੱਕਾਂ ਨੂੰ ਕਮਜ਼ੋਰ ਕਰਨਾ ਸੰਵਿਧਾਨਕ ਢਾਂਚੇ ਦੀ ਭਾਵਨਾ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸੂਬਿਆਂ ਦੇ ਸੰਵਿਧਾਨਕ ਹੱਕਾਂ ਦਾ ਸਨਮਾਨ ਕਰਦਿਆਂ ਅਜਿਹੇ ਇਕ ਪਾਸੜ ਫੈਸਲੇ ਲੈਣ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਉਨ੍ਰਾਂ ਕਿਹਾ ਕਿ ਸਾਡੀ ਸਰਕਾਰ ਨੇ ਨਸ਼ਿਆਂ ਦੀ ਦਲਦਲ ਨੂੰ ਖ਼ਤਮ ਕਰਨ ਲਈ ਜਿੱਥੇ ਗੈਰ-ਕਾਨੂੰਨੀ ਅਨਸਰਾਂ ’ਤੇ ਕਾਨੂੰਨ ਦਾ ਸਖ਼ਤ ਸ਼ਿਕੰਜਾ ਕੱਸਿਆ, ਉੱਥੇ ਹੀ ਸਾਡੇ ਪੀੜਤ ਨੌਜਵਾਨਾਂ ਦੇ ਇਲਾਜ, ਮੁੜ-ਵਸੇਬੇ, ਮਿਆਰੀ ਸਿੱਖਿਆ, ਹੁਨਰ ਅਤੇ ਖੇਡ ਮੈਦਾਨਾਂ ਦੀ ਬਹਾਲੀ ਲਈ ਪੂਰੇ ਸਮਰਪਣ ਨਾਲ ਕੰਮ ਕੀਤਾ ਹੈ। ਸਾਡਾ ਮੰਤਵ ਸਾਡੀ ਜਵਾਨੀ ਦੇ ਹੱਥਾਂ ਵਿੱਚੋਂ ਨਿਰਾਸ਼ਾ ਖ਼ਤਮ ਕਰਕੇ ਉਨ੍ਹਾਂ ਦੇ ਹੱਥਾਂ ਵਿੱਚ ਕਿਤਾਬਾਂ ਫੜਾਉਣਾ ਅਤੇ ਰੁਜ਼ਗਾਰ ਦਾ ਸਾਧਨ ਮੁਹੱਈਆ ਕਰਵਾਉਣਾ ਹੈ ਤਾਂ ਜੋ ਇਸ ਧਰਤੀ ’ਤੇ ਮੁੜ ਖੁਸ਼ਹਾਲੀ ਅਤੇ ਚੜ੍ਹਦੀ ਕਲਾ ਦਾ ਦੌਰ ਆ ਸਕੇ।
ਸਪੀਕਰ ਸ੍ਰ. ਸੰਧਵਾ ਨੇ ਕਿਹਾ ਕਿ ਸਿੱਖਿਆ ਵਰਗੇ ਪਵਿੱਤਰ ਖੇਤਰ ਨੂੰ ਕੁੱਝ ਅਦਾਰਿਆਂ ਵੱਲੋਂ ਵਪਾਰ ਦਾ ਸਾਧਨ ਬਣਾਉਣ ਨਾਲ ਆਮ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਸੀ ਅਜਿਹੀ ਮਨਮਾਨੀ ਖ਼ਿਲਾਫ਼ ਸਾਡੀ ਸਰਕਾਰ ਨੇ ਕਾਰਵਾਈ ਕਰਦਿਆਂ ਮਾਪਿਆਂ ਨੂੰ ਨਜ਼ਾਇਜ਼ ਤੇ ਜ਼ਬਰੀ ਫੀਸਾਂ ਤੋਂ ਰਾਹਤ ਦਿਵਾਉਣ ਲਈ ਨਵਾਂ ਕਾਨੂੰਨ ਲਿਆਉਂਦਾ ਤਾਂ ਜੋ ਕੋਈ ਵੀ ਪ੍ਰਾਈਵੇਟ ਸਕੂਲ ਸਾਲਾਨਾ 5% (5 ਫ਼ੀਸਦੀ) ਤੋਂ ਵੱਧ ਫ਼ੀਸ ਨਾ ਵਧਾ ਸਕੇ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਸਿੱਖਿਆ ਲਈ ਵੱਡੇ ਉਪਰਾਲੇ ਕਰਦਿਆਂ ਪ੍ਰੀ-ਮੈਟ੍ਰਿਕ ਐਸ.ਸੀ. ਸਕਾਲਰਸ਼ਿਪ ਅਧੀਨ 94,092 ਵਿਦਿਆਰਥੀਆਂ ਨੂੰ 13 ਕਰੋੜ 30 ਲੱਖ, ਪ੍ਰੀ-ਮੈਟ੍ਰਿਕ ਓਬੀਸੀ ਸਕਾਲਰਸ਼ਿਪ ਹੇਠ 14,320 ਵਿਦਿਆਰਥੀਆਂ ਨੂੰ 5 ਕਰੋੜ 72 ਲੱਖ ਅਤੇ ਪੋਸਟ-ਮੈਟ੍ਰਿਕ ਐਸ.ਸੀ. ਸਕਾਲਰਸ਼ਿਪ ਲਈ 2.45 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ 302 ਕਰੋੜ 34 ਲੱਖ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਸਾਡੀ ਸਰਕਾਰ ਨੇ ਅਪ੍ਰੈਲ 2022 ਤੋਂ ਹੁਣ ਤੱਕ ਨੌਜਵਾਨਾਂ ਨੂੰ 69 ਹਜ਼ਾਰ ਤੋਂ ਵੱਧ ਪੱਕੀਆਂ ਸਰਕਾਰੀ ਨੌਕਰੀਆਂ ਦੇ ਕੇ ਰੁਜ਼ਗਾਰ ਦੇ ਖੇਤਰ ਵਿੱਚ ਵੱਡੀ ਮਿਸਾਲ ਕਾਇਮ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਸਿਹਤ ਦੇ ਖੇਤਰ ਵਿੱਚ ਇਨਕਲਾਬ ਲਿਆਉਂਦਿਆਂ 'ਮੁੱਖ ਮੰਤਰੀ ਸਿਹਤ ਯੋਜਨਾ' ਅਧੀਨ 900 ਤੋਂ ਵੱਧ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ 10 ਲੱਖ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ, ਜਦਕਿ ਸੂਬੇ ਭਰ ਵਿੱਚ ਖੋਲ੍ਹੇ ਗਏ 1,090 ਆਮ ਆਦਮੀ ਕਲੀਨਿਕਾਂ ਵਿੱਚ ਹੁਣ ਤੱਕ 6 ਕਰੋੜ ਤੋਂ ਵੱਧ ਲੋਕ ਮੁਫ਼ਤ ਇਲਾਜ ਕਰਵਾ ਚੁੱਕੇ ਹਨ।
ਉਨ੍ਰਾਂ ਕਿਹਾ ਕਿ 'ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ 74 ਲੱਖ 59 ਹਜ਼ਾਰ ਔਰਤਾਂ ਰਜਿਸਟਰਡ ਹੋ ਚੁੱਕੀਆਂ ਹਨ ਅਤੇ 01 ਅਗਸਤ 2026 ਤੱਕ 65 ਲੱਖ 62 ਹਜ਼ਾਰ ਲਾਭਪਾਤਰੀ ਧੀਆਂ-ਭੈਣਾਂ ਦੇ ਬੈਂਕ ਖਾਤਿਆਂ ਵਿੱਚ 2,274.42 ਕਰੋੜ ਦੀ ਵਿੱਤੀ ਸਹਾਇਤਾ ਸਿੱਧੀ ਪਹੁੰਚਾਈ ਜਾ ਚੁੱਕੀ ਹੈ। ਸੂਬੇ ਵਿੱਚ ਉਦਯੋਗਿਕ ਇਨਕਲਾਬ ਲਿਆਉਣ ਲਈ ਸਾਡੀ ਸਰਕਾਰ ਵੱਲੋਂ ਨਵੀਂ 'ਇੰਡਸਟਰੀਅਲ ਐਂਡ ਬਿਜ਼ਨਸ ਡਿਵੈਲਪਮੈਂਟ ਪਾਲਿਸੀ 2026' ਲਾਗੂ ਕੀਤੀ ਗਈ ਹੈ, ਜਿਸ ਦੇ ਸਦਕਾ ਸਾਲ 2022 ਤੋਂ ਹੁਣ ਤੱਕ ਪੰਜਾਬ ਵਿੱਚ 1 ਲੱਖ 83 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਆਇਆ ਹੈ, ਜੋ 6 ਲੱਖ ਤੋਂ ਵੱਧ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ। ਇਸ ਤੋਂ ਇਲਾਵਾ ਬਿਜਲੀ ਖੇਤਰ ਵਿੱਚ ਵੱਡੇ ਸੁਧਾਰ ਲਿਆਉਣ ਲਈ 5,000 ਕਰੋੜ ਖਰਚੇ ਗਏ ਹਨ, ਜਿਨ੍ਹਾਂ ਤਹਿਤ 1,296 ਨਵੇਂ 11ਕੇ.ਵੀ. ਫੀਡਰ ਸਥਾਪਿਤ ਕੀਤੇ ਗਏ ਹਨ
ਸਪੀਕਰ ਸ੍ਰ. ਸੰਧਵਾ ਨੇ ਇਸ ਮੌਕੇ ਪੰਜਾਬ ਪੁਲਿਸ, ਪੰਜਾਬ ਮਹਿਲਾ ਪੁਲਿਸ, ਪੰਜਾਬ ਹੋਮ ਗਾਰਡਜ਼ ਦੇ ਜਵਾਨਾਂ ਤੇ ਐਨ.ਸੀ.ਸੀ. ਦੇ ਕੈਡਿਟਾਂ ਵੱਲੋਂ ਕੀਤੇ ਗਏ ਮਾਰਚ ਪਾਸਟ ਤੋਂ ਸਲਾਮੀ ਲਈ ਤੇ ਪਰੇਡ ਦਾ ਨਿਰੀਖਣ ਵੀ ਕੀਤਾ ਅਤੇ ਸਕੂਲੀ ਬੱਚਿਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ। ਸੁਤੰਤਰਤਾ ਸੈਨਾਨੀਆਂ ਅਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਸਮੇਤ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖਸ਼ੀਅਤਾਂ, ਪਰੇਡ ਟੁਕੜੀਆਂ ਦਾ ਸਨਮਾਨ ਕੀਤਾ ਅਤੇ ਲੋੜਵੰਦਾਂ ਨੂੰ ਵ੍ਹੀਲ ਚੇਅਰ ਅਤੇ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮੁੱਖ ਮਹਿਮਾਨ ਸ.ਸੰਧਵਾਂ ਅਤੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ,ਹਲਕਾ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ, ਐਸ.ਸੀ.ਵਿੰਗ ਦੇ ਸੂਬਾ ਪ੍ਰਧਾਨ ਸ੍ਰੀ ਗੁਰਪ੍ਰੀਤ ਸਿੰਘ ਜੀ.ਪੀ., ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਜੈ ਲਿਬੜਾ, ਚੇਅਰਮੈਨ ਮਾਰਕਿਟ ਕਮੇਟੀ ਸਰਹਿੰਦ ਸ੍ਰੀ ਗੁਰਵਿੰਦਰ ਸਿੰਘ ਢਿੱਲੋਂ, ਚੇਅਰਮੈਨ ਮਾਰਕਿਟ ਕਮੇਟੀ ਚਨਾਰਥਲ ਕਲਾਂ ਸ੍ਰੀ ਰਸ਼ਪਿੰਦਰ ਸਿੰਘ ਰਾਜਾ, ਚੇਅਰਮੈਨ ਮਾਰਕਿਟ ਕਮੇਟੀ ਅਮਲੋਹ ਸ੍ਰੀਮਤੀ ਸੁਖਵਿੰਦਰ ਕੌਰ ਗਹਿਲੋਤ, ਚੇਅਰਮੈਨ ਜਿਲ੍ਹਾ ਪ੍ਰੀਸਦ ਸ੍ਰੀ ਸਿੰਗਾਰਾ ਸਿੰਘ ਸਲਾਣਾ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੁਭਮ ਅਗਰਵਾਲ,ਵਧੀਕ ਡਿਪਟੀ ਕਮਿਸ਼ਨਰ(ਜ) ਸ੍ਰੀਮਤੀ ਅਮਰਬੀਰ ਕੌਰ ਭੁੱਲਰ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੁਰਿੰਦਰ ਸਿੰਘ ਧਾਲੀਵਾਲ,ਐਸ.ਡੀ.ਐਮ. ਕਰੁਣ ਗੁਪਤਾ,ਆਰ.ਟੀ.ਓ.ਨਮਨ ਮੜਕਨ, ਅਮਰਿੰਦਰ ਸਿੰਘ ਮੰਡੋਫਲ, ਸ਼ਨੀ ਚੋਪੜਾ, ਦਿਲਪ੍ਰੀਤ ਸਿੰਘ ਭੱਟੀ ਸਮੇਤ ਹੋਰ ਰਾਜਸੀ,ਧਾਰਮਿਕ ਤੇ ਸਮਾਜਿਕ ਸਖਸ਼ੀਅਤਾ ਮੌਜੂਦ ਸਨ।