ਨਿਰੰਕਾਰੀ ਮਿਸ਼ਨ ਵੱਲੋਂ 21 ਜੂਨ ਨੂੰ ਧੂਮ ਧਾਮ ਨਾਲ ਮਨਾਇਆ ਜਾਵੇਗਾ ਕੌਮਾਂਤਰੀ ਯੋਗ ਦਿਵਸ
ਅਸ਼ੋਕ ਵਰਮਾ
ਬਠਿੰਡਾ, 19 ਜੂਨ, 2026 : ਸੰਤ ਨਿਰੰਕਾਰੀ ਮਿਸ਼ਨ ਬਰਾਂਚ ਬਠਿੰਡਾ ਦੇ ਸੰਯੋਜਕ ਆਦਰਸ਼ ਮੋਹਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਨਿਰੋਗੀ ਤਨ, ਨਿਰਮਲ ਮਨ ਅਤੇ ਜਾਗ੍ਰਿਤ ਆਤਮਾ’ ਦੇ ਪਾਵਨ ਸੰਕਲਪ ਨੂੰ ਸਾਕਾਰ ਰੂਪ ਦਿੰਦੇ ਹੋਏ ਸੰਤ ਨਿਰੰਕਾਰੀ ਮਿਸ਼ਨ ‘ਅੰਤਰ- ਰਾਸ਼ਟਰੀ ਯੋਗ ਦਿਵਸ’ ਦੇ ਮੌਕੇ 'ਤੇ ਇੱਕ ਵਿਆਪਕ ਯੋਗ ਅਤੇ ਅਧਿਆਤਮਿਕ ਚੇਤਨਾ ਮੁਹਿੰਮ ਸ਼ੁਰੂ ਕਰ ਰਿਹਾ ਹੈ। ਇਸੇ ਪ੍ਰੇਰਨਾਦਾਇਕ ਭਾਵਨਾ ਤਹਿਤ ਸੰਤ ਨਿਰੰਕਾਰੀ ਮਿਸ਼ਨ ਬਰਾਂਚ ਬਠਿੰਡਾ ਦੇ ਸਮੂਹ ਸੇਵਾਦਾਰਾਂ ਵੱਲੋਂ ਐਤਵਾਰ, 21 ਜੂਨ 2026 ਨੂੰ ਸਵੇਰੇ 6:00 ਵਜੇ ਤੋਂ 7:30 ਵਜੇ ਤਕ ਐਮ ਐਸ ਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਯੋਗ ਅਭਿਆਸ ਕੀਤਾ ਜਾਵੇਗਾ। ਮਿਸ਼ਨ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਸਥਾਨਕ ਯੋਗ ਟ੍ਰੇਨਰਾਂ ਦੀ ਅਗਵਾਈ ਹੇਠ ਖੁੱਲ੍ਹੇ ਮੈਦਾਨਾਂ ਅਤੇ ਪਾਰਕਾਂ ਵਿੱਚ ਆਯੋਜਿਤ ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਰਧਾਲੂ, ਸੇਵਾਦਲ ਦੇ ਵਲੰਟੀਅਰ ਅਤੇ ਸਥਾਨਕ ਨਾਗਰਿਕ ਉਤਸ਼ਾਹ ਨਾਲ ਹਿੱਸਾ ਲੈਣਗੇ।
ਇਸ ਸਾਲ ਸੰਯੁਕਤ ਰਾਸ਼ਟਰ (UN) ਵੱਲੋਂ ਘੋਸ਼ਿਤ ‘ਅੰਤਰਰਾਸ਼ਟਰੀ ਯੋਗ ਦਿਵਸ’ ਦਾ ਵਿਸ਼ਾ (Theme) ‘‘ਸਵਸਥ ਉਮਰ ਲਈ ਯੋਗ’’ ਹੈ। ਇਹ ਸੰਦੇਸ਼ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸਲ ਸਿਹਤ ਕੇਵਲ ਬਿਮਾਰੀ ਰਹਿਤ ਸਰੀਰ ਦਾ ਨਾਮ ਨਹੀਂ ਹੈ, ਸਗੋਂ ਮਾਨਸਿਕ ਸਥਿਰਤਾ, ਭਾਵਨਾਤਮਕ ਪਰਿਪੱਕਤਾ, ਸਮਾਜਿਕ ਸਦਭਾਵਨਾ ਅਤੇ ਅਧਿਆਤਮਿਕ ਜਾਗਰੂਕਤਾ ਦਾ ਇੱਕ ਸੁਮੇਲ ਹੈ। ਇਸੇ ਪਹੁੰਚ ਨੂੰ ਅਪਣਾਉਂਦੇ ਹੋਏ ਸੰਤ ਨਿਰੰਕਾਰੀ ਮਿਸ਼ਨ ਯੋਗ ਨੂੰ ਜੀਵਨ ਵਿੱਚ ਸੰਤੁਲਨ, ਸਕਾਰਾਤਮਕਤਾ ਅਤੇ ਆਤਮ-ਗਿਆਨ ਦਾ ਇੱਕ ਪ੍ਰਭਾਵਸ਼ਾਲੀ ਮਾਧਿਅਮ ਮੰਨ ਕੇ ਸਮਾਜ ਵਿੱਚ ਜਾਗਰੂਕਤਾ ਫੈਲਾ ਰਿਹਾ ਹੈ।
ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਸਕੱਤਰ ਸ਼੍ਰੀ ਜੋਗਿੰਦਰ ਸੁਖੀਜਾ ਜੀ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਸਾਲ 2015 ਤੋਂ ‘ਯੋਗ ਦਿਵਸ’ ਦੀ ਦੇਸ਼ ਵਿਆਪੀ ਮੁਹਿੰਮ ਨਿਰੰਤਰ ਚਲਾਈ ਜਾ ਰਹੀ ਹੈ। ਯੋਗ ਭਾਰਤ ਦੀ ਪ੍ਰਾਚੀਨ ਅਤੇ ਸ਼ਾਨਦਾਰ ਵਿਰਾਸਤ ਹੈ, ਜੋ ਨਾ ਸਿਰਫ਼ ਸਰੀਰ ਨੂੰ ਮਜ਼ਬੂਤ ਬਣਾਉਂਦੀ ਹੈ, ਸਗੋਂ ਮਨ ਨੂੰ ਸਥਿਰਤਾ, ਵਿਚਾਰਾਂ ਨੂੰ ਸਕਾਰਾਤਮਕਤਾ ਅਤੇ ਆਤਮਾ ਨੂੰ ਚੇਤਨਾ ਪ੍ਰਦਾਨ ਕਰਦੀ ਹੈ। ਇਸ ਦੇ ਨਿਯਮਿਤ ਅਭਿਆਸ ਨਾਲ ਤਣਾਅ ਅਤੇ ਜੀਵਨ ਸ਼ੈਲੀ ਨਾਲ ਜੁੜੀਆਂ ਚੁਣੌਤੀਆਂ 'ਤੇ ਕਾਬੂ ਪਾ ਕੇ ਮਨੁੱਖ ਆਤਮਿਕ ਸੰਤੁਸ਼ਟੀ, ਮਾਨਸਿਕ ਖੁਸ਼ੀ ਅਤੇ ਸਮਾਜਿਕ ਸਦਭਾਵਨਾ ਵੱਲ ਵਧਦਾ ਹੈ। ਮੌਜੂਦਾ ਸਮੇਂ ਦੀ ਰੁੱਝੀ ਅਤੇ ਚੁਣੌਤੀਪੂਰਨ ਜੀਵਨ ਸ਼ੈਲੀ ਵਿੱਚ ਸੰਤ ਨਿਰੰਕਾਰੀ ਮਿਸ਼ਨ ਦੁਆਰਾ ਕੀਤੇ ਜਾ ਰਹੇ ਅਜਿਹੇ ਜਨਹਿਤ ਕਾਰਜਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਉਨ੍ਹਾਂ ਦੀ ਸਰਵਪੱਖੀ ਭਲਾਈ ਪ੍ਰਤੀ ਜਾਗਰੂਕ ਕਰਨਾ ਹੈ, ਤਾਂ ਜੋ ਉਹ ਯੋਗ ਨੂੰ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾ ਕੇ ਇੱਕ ਸਿਹਤਮੰਦ, ਸੰਤੁਲਿਤ, ਊਰਜਾਵਾਨ ਅਤੇ ਅਨੰਦਮਈ ਜੀਵਨ ਵੱਲ ਵਧ ਸਕਣ।