ਮਾਨਸਾ ਪ੍ਰਸ਼ਾਸ਼ਨ ਵੱਲੋਂ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ
ਸੈਂਟਰਲ ਪਾਰਕ ਵਿਖੇ ਹੋਵੇਗਾ ਜ਼ਿਲ੍ਹਾ ਪੱਧਰੀ ਸਮਾਗਮ
ਅਸ਼ੋਕ ਵਰਮਾ
ਮਾਨਸਾ, 19 ਜੂਨ 2026:ਜ਼ਿਲ੍ਹਾ ਪ੍ਰਸ਼ਾਸ਼ਨ ਮਾਨਸਾ ਵੱਲੋਂ 21 ਜੂਨ ਨੂੰ 'ਅੰਤਰਰਾਸ਼ਟਰੀ ਯੋਗ ਦਿਵਸ' ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਪੂਨਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁੱਖ ਸਮਾਗਮ ਸੈਂਟਰਲ ਪਾਰਕ, ਮਾਨਸਾ ਵਿਖੇ ਆਯੋਜਿਤ ਕੀਤਾ ਜਾਵੇਗਾ। ਸਮਾਗਮ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।
ਮੀਟਿੰਗ ਦੌਰਾਨ ਏ.ਡੀ.ਸੀ. ਪੂਨਮ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਗਮ ਵਾਲੀ ਥਾਂ 'ਤੇ ਸਫਾਈ, ਪੀਣ ਵਾਲੇ ਸਾਫ਼ ਪਾਣੀ, ਮੈਡੀਕਲ ਟੀਮਾਂ, ਅਤੇ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਯੋਗ ਅਭਿਆਸ ਸਵੇਰੇ ਨਿਰਧਾਰਿਤ ਸਮੇਂ 'ਤੇ ਸ਼ੁਰੂ ਕੀਤਾ ਜਾਵੇਗਾ, ਜਿਸ ਵਿੱਚ ਮਾਹਰ ਟ੍ਰੇਨਰਾਂ ਵੱਲੋਂ ਵੱਖ-ਵੱਖ ਆਸਣਾਂ ਦਾ ਅਭਿਆਸ ਕਰਵਾਇਆ ਜਾਵੇਗਾ।
ਮੀਟਿੰਗ ਦੌਰਾਨ ਯੋਗ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜੋਕੀ ਭੱਜ-ਦੌੜ ਅਤੇ ਮਾਨਸਿਕ ਤਣਾਅ ਵਾਲੀ ਜ਼ਿੰਦਗੀ ਵਿੱਚ ਯੋਗ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ। ਉਨ੍ਹਾਂ ਕਿਹਾ ਕਿ ਯੋਗ ਕੇਵਲ ਇੱਕ ਕਸਰਤ ਨਹੀਂ ਹੈ, ਬਲਕਿ ਇਹ ਸਰੀਰ, ਮਨ ਅਤੇ ਆਤਮਾ ਦੇ ਆਪਸੀ ਤਾਲਮੇਲ ਦਾ ਵਿਗਿਆਨ ਹੈ। ਇਸ ਨਾਲ ਸਰੀਰ ਨਿਰੋਗ ਰਹਿੰਦਾ ਹੈ ਅਤੇ ਮਾਨਸਿਕ ਸ਼ਾਂਤੀ ਮਿਲਦੀ ਹੈ।
ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਮਾਨਸਾ ਵੱਲੋਂ ਸਮੂਹ ਜ਼ਿਲ੍ਹਾ ਨਿਵਾਸੀਆਂ, ਸਮਾਜਿਕ ਸੰਸਥਾਵਾਂ, ਮਹਿਲਾਵਾਂ, ਨੌਜਵਾਨਾਂ ਅਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਉਹ 21 ਜੂਨ ਨੂੰ ਸਵੇਰੇ 6.15 ਵਜੇ ਸੈਂਟਰਲ ਪਾਰਕ ਵਿਖੇ ਪਹੁੰਚ ਕੇ ਇਸ ਯੋਗ ਦਿਵਸ ਦਾ ਹਿੱਸਾ ਬਣਨ।
ਇਸ ਮੀਟਿੰਗ ਵਿੱਚ ਸਿਹਤ ਵਿਭਾਗ, ਆਯੁਰਵੇਦ ਵਿਭਾਗ, ਨਗਰ ਕੌਂਸਲ, ਸਿੱਖਿਆ ਵਿਭਾਗ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ, ਜਿਨ੍ਹਾਂ ਨੂੰ ਸਮਾਗਮ ਨੂੰ ਸਫ਼ਲ ਬਣਾਉਣ ਲਈ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।