ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਾਟਕ 'ਬੇਗਮਪੁਰੇ ਦਾ ਵਾਸੀ' ਦਾ ਮੰਚਨ
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਅਤੇ ਹੋਰ ਅਹਿਮ ਸਖਸ਼ੀਅਤਾਂ ਨੇ ਭਰੀ ਹਾਜ਼ਰੀ
ਅੰਮ੍ਰਿਤਸਰ 25 ਮਈ 2026 : ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਇੱਕ ਵਿਸ਼ੇਸ਼ ਨਾਟਕ ਦਾ ਆਯੋਜਨ ਗਿਆ। ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਉਹਨਾਂ ਦੀਆਂ ਮਹਾਨ ਸਿੱਖਿਆਵਾਂ 'ਤੇ ਆਧਾਰਿਤ ਨਾਟਕ 'ਬੇਗਮਪੁਰੇ ਦਾ ਵਾਸੀ' ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਂਸ਼ਨ ਸੈਂਟਰ ਵਿਖੇ ਖੇਡਿਆ ਗਿਆ । ਇਸ ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਨਾਮਵਰ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਸਨ। ਸਮਾਗਮ ਦੇ ਆਰੰਭ ਵਿਚ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਦਰਸ਼ਕਾਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਜਿਸ ਬੇਗਮਪੁਰੇ ਦੀ ਪਰਿਕਲਪਨਾ ਕੀਤੀ ਉਹ ਸਮਾਨਤਾ, ਸਦਭਾਵਨਾ ਅਤੇ ਭਾਈਚਾਰਕ ਸਾਂਝ ਉੱਤੇ ਅਧਾਰਿਤ ਸੀ। ਅਜੋਕੇ ਸਮੇਂ ਵਿਚ ਉਹਨਾਂ ਦੀ ਬਾਣੀ ਅੰਦਰਲੀ ਪ੍ਰਸੰਗਿਕਤਾ ਨੂੰ ਸਮਝਣ ਦੀ ਸਖਤ ਜ਼ਰੂਰਤ ਹੈ।ਇਸ ਉਪਰੰਤ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਨਾਟਕ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਉਹਨਾਂ ਸਿੱਖਿਆਵਾਂ ਨੂੰ ਜੋ ਕਿ ਸਮਾਜਿਕ ਬਰਾਬਰੀ ਅਤੇ ਨਿਆਂ ਲਈ ਅੱਜ ਵੀ ਬਹੁਤ ਸਾਰਥਕ ਹਨ,ਵਿਆਪਕ ਪੱਧਰ 'ਤੇ ਵਿਦਿਆਰਥੀਆਂ ਅਤੇ ਪੰਜਾਬੀ ਸਮਾਜ ਤੱਕ ਪਹੁੰਚਾਇਆ ਗਿਆ। ਸਮੁੱਚੇ ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ ਵੱਲੋਂ ਕੀਤੀ ਗਈ। ਇਸ ਸਮੇਂ ਡੀਨ ਅਕਾਦਮਿਕ ਮਾਮਲੇ ਪ੍ਰੋ. ਹਰਿੰਦਰ ਸਿੰਘ ਸੈਣੀ, ਰਜਿਸਟਰਾਰ ਪ੍ਰੋ. ਕੇ. ਐਸ. ਚਾਹਲ, ਕੇਵਲ ਧਾਲੀਵਾਲ, ਡਾ. ਪਲਵਿੰਦਰ ਸਿੰਘ, ਅਤੇ ਡਾ. ਸੱਤਪਾਲ ਸੋਖੀ ਨੂੰ ਸਨਮਾਨਿਤ ਵੀ ਕੀਤਾ ਗਿਆ।
‘ਬੇਗਮਪੁਰੇ ਦਾ ਵਾਸੀ’ ਨਾਟਕ ਮਹਾਨ ਕ੍ਰਾਂਤੀਕਾਰੀ ਰਹਿਬਰ ਸਤਿਗੁਰੂ ਰਵਿਦਾਸ ਜੀ ਦੇ ਜੀਵਨ ਫਲਸਫੇ ਅਤੇ ਉਨ੍ਹਾਂ ਦੀ ਮਾਨਵਵਾਦੀ ਵਿਚਾਰਧਾਰਾ ਉੱਤੇ ਅਧਾਰਿਤ ਸੀ ਨਾਟਕ ਦਾ ਮੁੱਖ ਉਦੇਸ਼ ਸਮਾਜ ਵਿੱਚੋਂ ਜਾਤ-ਪਾਤ ਊਚ-ਨੀਚ ਅਤੇ ਅਸਮਾਨਤਾ ਵਰਗੀਆਂ ਕੁਰੀਤੀਆਂ ਨੂੰ ਖਤਮ ਕਰਨ ਦਾ ਸੁਨੇਹਾ ਦੇਣਾ ਸੀ। ਨਾਟਕ ਦੀ ਸ਼ੁਰੂਆਤ ਅਤੇ ਅੰਤ ਵਿੱਚ ਅਦਾਕਾਰਾਂ ਦੀ ਦਮਦਾਰ ਅਦਾਕਾਰੀ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਕੀਲ ਕੇ ਰੱਖ ਦਿੱਤਾ। ਮੰਚ ਉੱਪਰ ਪੰਦਰਵੀਂ ਸੋਲਵੀਂ ਸਦੀ ਦੇ ਮਾਹੌਲ ਦੇ ਦ੍ਰਿਸ਼ਾਂ ਨੂੰ ਸਿਰਜਣ ਲਈ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸੈੱਟ ਤਿਆਰ ਕੀਤਾ ਗਿਆ । ਨਾਟਕ ਦੇ ਮੰਚਨ ਵਿੱਚ ਰੌਸ਼ਨੀ ਦੀ ਵਰਤੋਂ ਬਹੁਤ ਹੀ ਸੂਖ਼ਮ ਅਤੇ ਭਾਵਪੂਰਤ ਤਰੀਕੇ ਨਾਲ ਕੀਤੀ ਗਈ ਜਿਸਨੇ ਹਰ ਦ੍ਰਿਸ਼ ਦੇ ਨਾਟਕੀ ਮੂਡ ਨੂੰ ਸਹੀ ਰੂਪ ਵਿੱਚ ਉਭਾਰਿਆ। ਪਾਤਰਾਂ ਦੇ ਪਹਿਰਾਵੇ ਉਸ ਦੌਰ ਦੇ ਇਤਿਹਾਸਕ ਅਤੇ ਸਮਾਜਿਕ ਪਿਛੋਕੜ ਦੇ ਬਿਲਕੁਲ ਅਨੁਕੂਲ ਸਨ। ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਦੇ ਸ਼ਬਦਾਂ ਦਾ ਗਾਇਨ ਮੰਚਨ ਦੌਰਾਨ ਇੱਕ ਬਹੁਤ ਹੀ ਗੰਭੀਰ ਅਤੇ ਸਤਿਕਾਰਯੋਗ ਮਾਹੌਲ ਸਿਰਜਿਆ। ਮੁੱਖ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਵੱਲੋਂ ਗੁਰੂ ਰਵਿਦਾਸ ਜੀ ਦੇ ਸ਼ਾਂਤ ਦ੍ਰਿੜ ਅਤੇ ਮਾਨਵਵਾਦੀ ਸੁਭਾਅ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਨਾਟਕ ਵਿੱਚ ਸਮਕਾਲੀ ਸ਼ਾਸਕਾਂ ਅਤੇ ਪੁਜਾਰੀਵਾਦ ਦੇ ਹੰਕਾਰ ਅਤੇ ਉਨ੍ਹਾਂ ਸਾਹਮਣੇ ਗੁਰੂ ਜੀ ਦੀ ਵਿਚਾਰਧਾਰਕ ਜਿੱਤ ਨੂੰ ਬਾਖੂਬੀ ਦਿਖਾਇਆ ਗਿਆ । ਇਹ ਨਾਟਕ ਕੇਵਲ ਇੱਕ ਧਾਰਮਿਕ ਪੇਸ਼ਕਾਰੀ ਨਹੀਂ ਸੀ ਸਗੋਂ ਮਨੁੱਖੀ ਅਧਿਕਾਰਾਂ ਅਤੇ ਸਮਾਜਿਕ ਨਿਆਂ ਦਾ ਇੱਕ ਵੱਡਾ ਦਸਤਾਵੇਜ਼ ਬਣ ਕੇ ਉੱਭਰਿਆ । ਮੰਚਨ ਦੌਰਾਨ ਹਾਲ ਵਿੱਚ ਦਰਸ਼ਕਾਂ ਦੀ ਭਾਰੀ ਭੀੜ ਅਤੇ ਭਾਵੁਕ ਹੁੰਗਾਰਾ ਦੇਖਣ ਨੂੰ ਮਿਲਿਆ। ਨਿਰਦੇਸ਼ਕ ਦੀ ਸੂਝ-ਬੂਝ ਸਦਕਾ ਨਾਟਕ ਅਤੀਤ ਦੇ ਇਤਿਹਾਸ ਨੂੰ ਵਰਤਮਾਨ ਸਮੇਂ ਦੀਆਂ ਸਮਾਜਿਕ ਸਮੱਸਿਆਵਾਂ ਨਾਲ ਜੋੜਨ ਵਿੱਚ ਪੂਰੀ ਤਰ੍ਹਾਂ ਸਫ਼ਲ ਰਿਹਾ । ਨਾਟਕ ਦੇ ਮੰਚਨ ਨੇ ਸਮਾਜ ਦੇ ਦੱਬੇ-ਕੁਚਲੇ ਵਰਗਾਂ ਵਿੱਚ ਸਵੈ-ਮਾਣ ਅਤੇ ਚੇਤਨਾ ਦੀ ਨਵੀਂ ਰੂਹ ਫੂਕੀ ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਪ੍ਰੋ. (ਡਾ.) ਰਵਿੰਦਰ ਕੁਮਾਰ, ਪ੍ਰੋਫ਼ੈਸਰ ਇੰਚਾਰਜ ਲੋਕ ਸੰਪਰਕ, ਡਾ. ਮੇਘਾ ਸਲਵਾਨ,ਡਾ. ਹਰਿੰਦਰ ਕੌਰ ਸੋਹਲ, ਡਾ. ਬਲਜੀਤ ਕੌਰ ਰਿਆੜ, ਡਾ. ਰਾਜਵਿੰਦਰ ਕੌਰ, ਡਾ. ਸਿਮਰਨਜੀਤ ਸਿੰਘ , ਡਾ. ਅਕਾਲ ਅੰਮ੍ਰਿਤ ਕੌਰ, ਡਾ. ਹਸਨ ਰੇਹਾਨ, ਡਾ. ਸੁਨੀਲ ਕੁਮਾਰ,ਡਾ. ਵਿਸ਼ਾਲ ਭਾਰਦਵਾਜ,ਸ੍ਰੀ ਪ੍ਰਵੀਨ ਪੁਰੀ (ਡਾਇਰੈਕਟਰ, ਲੋਕ ਸੰਪਰਕ ਵਿਭਾਗ), ਡਾ. ਅਮਰਜੀਤ ਸਿੰਘ, ਡਾ. ਰਾਜੇਸ਼ ਕੁਮਾਰ, ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ,ਡਾ. ਹਰਿੰਦਰ ਸਿੰਘ ਤੁੜ, ਡਾ. ਸੁਖਪ੍ਰੀਤ ਕੌਰ, ਡਾ. ਅੰਜੂ ਬਾਲਾ ਅਤੇ ਡਾ. ਚੰਦਨਪ੍ਰੀਤ ਸਿੰਘ ਤੋਂ ਇਲਾਵਾ ਕਈ ਵਿਦਵਾਨ ਅਤੇ ਮਾਹਿਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ।
- Download Babushahi App
-
-