ਭਾਰਤੀ ਕਮਿਊਨਿਸਟ ਪਾਰਟੀ (ਮਾਰਕਸੀ-ਲੈਨਿਨੀ) ਵੱਲੋਂ ਫਾਸ਼ੀ ਤਾਕਤਾਂ ਵਿਰੁੱਧ ਸਾਂਝੇ ਘੋਲ ਉਸਾਰਨ ਦਾ ਸੱਦਾ
ਬਾਬੂਸ਼ਾਹੀ ਬਿਊਰੋ
ਦਲਜੀਤ ਕੌਰ
ਚੰਡੀਗੜ੍ਹ/ਜਲੰਧਰ, 7 ਮਈ, 2026: ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਹੁਣੇ ਹੋ ਕੇ ਹਟੀਆਂ ਸੂਬਾਈ ਚੋਣਾਂ ਦੇ ਨਤੀਜਿਆਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਆਰ.ਐਸ.ਐਸ.-ਭਾਜਪਾ ਦੇ ਫਾਸ਼ੀਵਾਦ ਵੱਲ ਲਗਾਤਾਰ ਵਧ ਰਹੇ ਉਭਾਰ ਨੂੰ ਚੋਣਾਂ ਰਾਹੀਂ ਨਹੀਂ ਰੋਕਿਆ ਜਾ ਸਕਦਾ। ਮਿਹਨਤੀ ਲੋਕਾਂ ਦੇ ਵਿਸ਼ਾਲ, ਵਿਆਪਕ ਅਤੇ ਖਾੜਕੂ ਜਨਤਕ ਘੋਲ ਰਾਹੀਂ ਹੀ ਇਸਨੂੰ ਪਿੱਛੇ ਮੋੜਾ ਦਿੱਤਾ ਜਾ ਸਕਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਕੀਤਾ।
ਉਹਨਾਂ ਕਿਹਾ ਕਿ ਚੋਣ ਕਮਿਸ਼ਨ ਸੰਵਿਧਾਨਕ ਸੰਸਥਾ ਹੈ, ਜਿਸ ਦੀ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣਾ ਸੰਵਿਧਾਨਕ ਜ਼ਿੰਮੇਵਾਰੀ ਹੈ। ਉਹ ਇਹ ਜ਼ਿੰਮੇਵਾਰੀ ਨਿਭਾਉਣ ਵਿੱਚ ਸਮਰੱਥ ਹੀ ਨਹੀਂ ਬਲਕਿ ਫਾਸ਼ੀਵਾਦੀ ਤਾਕਤਾਂ ਦਾ ਹਿੱਸੇਦਾਰ ਬਣ ਕੇ ਉਹਨਾਂ ਦੇ ਹੱਕ ਵਿੱਚ ਭੁਗਤਿਆ ਹੈ। ਬੰਗਾਲ ਵਿੱਚ 90 ਲੱਖ ਦੇ ਕਰੀਬ ਵੋਟਾਂ ਕੱਟ ਦਿੱਤੀਆਂ ਗਈਆਂ ਹਨ ਅਤੇ ਤਿੰਨ ਲੱਖ ਦੇ ਕਰੀਬ ਵੋਟਰ ਸੂਚੀਆਂ ਨਾਂ ਦਰਜ ਹੋਣ ਦੇ ਬਾਵਜੂਦ ਉਹਨਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੇ ਕੀਤਾ ਗਿਆ ਜਿਸ ਦਾ ਵੱਡਾ ਹਿੱਸਾ ਭਾਜਪਾ ਦੇ ਖਿਲਾਫ਼ ਭੁਗਤਿਆ ਜਾਣ ਵਾਲਾ ਸਮਝਿਆ ਜਾ ਸਕਦਾ ਹੈ। ਮਜਬੂਤ ਤੇ ਭਰੋਸੇਮੰਦ ਸੰਸਥਾ ਲੋਕਤੰਤਰ ਅਤੇ ਦੇਸ਼ ਦੀ ਮਜਬੂਤੀ ਦੀ ਰੀੜ੍ਹ ਦੀ ਹੱਡੀ ਸਮਝੀ ਜਾਂਦੀ ਹੈ, ਪਰ ਇਹਨਾਂ ਸੰਸਥਾਵਾਂ ਵਿੱਚ ਲਗਾਤਾਰ ਨਿਘਾਰ ਆ ਰਿਹਾ ਹੈ। ਸੁਪਰੀਮ ਕੋਰਟ ਦੇ ਉੱਪਰ ਵੀ ਵਿਸ਼ਵਾਸ਼ ਨਹੀਂ ਕੀਤਾ ਜਾ ਸਕਦਾ ਹੈ। ਸੁਪਰੀਮ ਕੋਰਟ ਦੇ ਫੈਸਲੇ ਲਗਾਤਾਰ ਫਾਸ਼ੀਵਾਦੀ ਤਾਕਤਾਂ ਦੇ ਹੱਕ ਵਿੱਚ ਭੁਗਤ ਰਹੇ ਹਨ। ਆਰ.ਐਸ.ਐਸ.-ਭਾਜਪਾ ਦੀ ਜਿੱਤ ਦਾ ਇੱਕ ਹੋਰ ਕਾਰਨ ਹਾਕਮ ਜਮਾਤਾਂ ਦੇ ਸਾਮਰਾਜ-ਕਾਰਪੋਰੇਟ ਪੱਖੀ ਨੀਤੀਆਂ ਦੀ ਹਮਾਇਤ ਵੀ ਹੈ। ਇੰਡੀਆ ਗਠਜੋੜ ਵਿੱਚ ਸ਼ਾਮਿਲ ਧਿਰਾਂ ਦੀ ਆਪਸੀ ਫੁੱਟ, ਜਿਸ ਵਿੱਚ ਕਾਂਗਰਸ ਤੇ ਖੱਬੇ ਪੱਖੀ ਸ਼ਾਮਿਲ ਹਨ, ਵੀ ਇਸ ਲਈ ਜੁੰਮੇਵਾਰ ਹੈ। ਬੰਗਾਲ ਜਿੱਤ ਤੋਂ ਬਾਅਦ ਪੰਜਾਬ ਫਾਸ਼ੀ ਤਾਕਤਾਂ ਦੇ ਨਿਸ਼ਾਨੇ ’ਤੇ ਹੈ, ਇਸ ਲਈ ਪੰਜਾਬ ਦੇ ਮੁੱਦਿਆਂ ’ਤੇ ਸਾਂਝੇ ਘੋਲ ਉਸਾਰਨਾ ਸਮੇਂ ਦੀ ਅਣਸਰਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ ਮਹਿੰਗਾਈ ਕਾਰਨ ਮੁਸ਼ਕਲ ਬਣ ਰਹੀਆਂ ਜੀਵਨ ਹਾਲਤਾਂ ਕਾਰਨ ਨਿੱਤ ਨਵੇਂ ਲੋਕ ਘੋਲ ਫੁੱਟ ਰਹੇ ਹਨ, ਜਿਸ ਨੂੰ ਸਹੀ ਦਿਸ਼ਾ ਦੇਣਾ ਇਨਕਲਾਬੀ ਸ਼ਕਤੀਆਂ ਦਾ ਮੁੱਖ ਕਾਰਜ ਬਣਦਾ ਹੈ।