ਵਾਈਸ ਚਾਂਸਲਰ ਦੇ ਓਐਸਡੀ ਨੇ ਕੀਤਾ ਰੀਜਨਲ ਕੈਂਪਸ ਦਾ ਦੌਰਾ
ਰੋਹਿਤ ਗੁਪਤਾ
ਗੁਰਦਾਸਪੁਰ 26 ਅਪ੍ਰੈਲ
ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਕੈਂਪਸ, ਗੁਰਦਾਸਪੁਰ ਵਿਖੇ ਵਾਈਸ ਚਾਂਸਲਰ ਦੇ ਓ.ਐਸ.ਡੀ. (OSD) ਸਰਦਾਰ ਹਰਇਕਬਾਲ ਸਿੰਘ ਨੇ ਦੌਰਾ ਕੀਤਾ। ਇਸ ਮੌਕੇ ਰੀਜਨਲ ਕੈਂਪਸ ਦੇ ਐਸੋਸੀਏਟ ਡੀਨ ਡਾ. ਰਿਸ਼ੀ ਰਾਜ ਸ਼ਰਮਾ ਨੇ ਓ.ਐਸ.ਡੀ. ਸਾਹਿਬ ਦਾ ਨਿੱਘਾ ਸਵਾਗਤ ਕੀਤਾ। ਐਸੋਸੀਏਟ ਡੀਨ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੇ ਓ.ਐਸ.ਡੀ. ਜੀ ਨਾਲ ਕੈਂਪਸ ਨਾਲ ਸਬੰਧਤ ਕਈ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ, ਜਿਨ੍ਹਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਆਪਣੇ ਖੇਤਰੀ ਕੈਂਪਸਾਂ ਦੇ ਵਿਕਾਸ ਲਈ ਹਮੇਸ਼ਾ ਵਚਨਬੱਧ ਹੈ।
ਇਸ ਤੋਂ ਬਾਅਦ, ਉਨ੍ਹਾਂ ਨੇ ਯੂਨੀਵਰਸਿਟੀ ਦੀ ਗ੍ਰੀਨ ਮੁਹਿੰਮ ਨੂੰ ਉਤਸ਼ਾਹਿਤ ਕਰਨ ਅਤੇ ਵਾਤਾਵਰਣ ਦੀ ਸੰਭਾਲ 'ਤੇ ਜ਼ੋਰ ਦੇਣ ਲਈ ਕੈਂਪਸ ਵਿੱਚ ਪੌਦੇ ਲਗਾਏ। ਸਰਦਾਰ ਹਰਇਕਬਾਲ ਸਿੰਘ ਨੇ ਵਾਤਾਵਰਣ ਦੀ ਮਹੱਤਤਾ ਬਾਰੇ ਸੰਦੇਸ਼ ਦਿੱਤਾ ਅਤੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਨੂੰ ਹਰਾ-ਭਰਾ ਅਤੇ ਸਾਫ਼-ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ।
ਸਭ ਨੂੰ ਸੰਬੋਧਨ ਕਰਦਿਆਂ ਡਾ. ਰਿਸ਼ੀ ਰਾਜ ਸ਼ਰਮਾ ਨੇ ਕਿਹਾ ਕਿ ਵਾਤਾਵਰਣ ਨੂੰ ਹਰਾ-ਭਰਾ ਬਣਾਏ ਰੱਖਣ ਲਈ ਲਗਾਤਾਰ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਗਲੋਬਲ ਵਾਰਮਿੰਗ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਹਰ ਜ਼ਿੰਮੇਵਾਰ ਨਾਗਰਿਕ ਦਾ ਫਰਜ਼ ਹੈ ਕਿ ਉਹ ਇਸ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਕੈਂਪਸ ਵਿੱਚ ਸਮੇਂ-ਸਮੇਂ 'ਤੇ ਪੌਦੇ ਲਗਾਏ ਜਾਂਦੇ ਹਨ ਤਾਂ ਜੋ ਕੈਂਪਸ ਹਮੇਸ਼ਾ ਹਰਾ-ਭਰਾ ਰਹੇ।
ਇਸ ਮੌਕੇ ਡਾ. ਅਨੁਸ਼ੀਤਲ, ਡਾ. ਸ਼ਮਸ਼ੇਰ ਸਿੰਘ, ਡਾ. ਅਰਵਿੰਦਰ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।