ਇਨਕਲਾਬੀ ਆਗੂ ਐਨ ਕੇ ਜੀਤ ਦੇ ਸ਼ਰਧਾਂਜਲੀ ਸਮਾਗਮ ਵਿੱਚ ਭਰਵੀਂ ਸ਼ਮੂਲੀਅਤ ਲਈ ਸੱਦਾ
ਅਸ਼ੋਕ ਵਰਮਾ
ਬਠਿੰਡਾ, 23 ਅਪ੍ਰੈਲ 2026 :ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਚੱਕ ਫਤਿਹ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਅੱਜ ਦੀ ਮੀਟਿੰਗ ਵਿੱਚ ਐਡਵੋਕੇਟ ਲੋਕ ਪੱਖੀ ਜਮਹੂਰੀ ਹੱਕਾਂ ਦੇ ਕਾਰਕੁੰਨ ਆਗੂ ਐਨ ਕੇ ਜੀਤ ਜੋ ਪਿਛਲੇ ਦਿਨੀਂ ਵਿਛੋੜਾ ਦੇ ਗਏ ਸਨ ਉਹਨਾਂ ਦੇ 29 ਅਪ੍ਰੈਲ ਨੂੰ ਬਠਿੰਡਾ ਵਿਖੇ ਕੀਤੇ ਜਾ ਰਹੇ ਸ਼ਰਧਾਂਜਲੀ ਸਮਾਗਮ ਵਿੱਚ ਵੱਧ ਤੋਂ ਵੱਧ ਪਹੁੰਚਣ ਦਾ ਫੈਸਲਾ ਅਤੇੇ ਸੱੱਦਾ ਦਿੱਤਾ ਗਿਆ। ਇਸ ਤੋਂ ਇਲਾਵਾ ਉਹਨਾਂ ਦੀਆਂ ਅਸਥੀਆਂ 26 ਅਪ੍ਰੈਲ ਨੂੰ ਹੁਸੈਨੀ ਵਾਲਾ ਵਿਖੇ ਜਾਣ ਸਮੇਂ ਵੀ ਜਥੇਬੰਦੀ ਵੱਲੋਂ ਜ਼ੋਰ ਨਾਲ ਕਾਫਲੇ ਵਿੱਚ ਸ਼ਾਮਿਲ ਹੋਣ ਦੇ ਫੈਸਲੇ ਤੇ ਮੋਹਰ ਲਾਈ । ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਿਲ੍ਹਾ ਸ਼ਿੰਗਾਰਾ ਸਿੰਘ ਮਾਨ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਸ੍ਰੀ ਐਨ ਕੇ ਜੀਤ ਵੱਲੋਂ ਕਿਸਾਨਾਂ ਮਜਦੂਰਾਂ ਦੇ ਅੰਦੋਲਨਾਂ ਦੌਰਾਨ ਉਹਨਾਂ ਤੇ ਸਰਕਾਰ ਵੱਲੋਂ ਢਾਹੇ ਜਬਰ ਅਤੇ ਝੂਠੇ ਪਰਚੇ ਦਰਜ ਕਰਨ ਤੇ ਅਦਾਲਤਾਂ ਵਿੱਚ ਬਿਨਾਂ ਕਿਸੇ ਲਾਲਚ ਅਤੇ ਪੂਰੀ ਲਗਨ ਨਾਲ ਕਿਸਾਨਾਂ ਮਜ਼ਦੂਰਾਂ ਦੀ ਵਕਾਲਤ ਕੀਤੀ ਹੈ।
ਉਹਨਾਂ ਕਿਹਾ ਕਿ ਉਹਨਾਂ ਨੇ ਹਰ ਜਬਰ ਵਿਰੁੱਧ ਬਿਨਾਂ ਕਿਸੇ ਲਾਲਚ ਦੇ ਸਰਕਾਰ ਅਤੇ ਸਰਕਾਰਾਂ ਦੀ ਸ਼ਹਿ ਪ੍ਰਸਤ ਗੁੰਡਾ ਗਿਰੋਹਾਂ ਵੱਲੋਂ ਲੋਕਾਂ ਨਾਲ ਧੱਕਾ ਕਰਨ ਵਾਲਿਆਂ ਖਿਲਾਫ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਗਰੀਬ ਲੋਕਾਂ ਦੀ ਵਕਾਲਤ ਕੀਤੀ ਹੈ ਜਿਸ ਦੀ ਮਿਸਾਲ ਫਰੀਦਕੋਟ ਵਿਖੇ ਇਕ ਨਾਬਾਲਗ ਕੁੜੀ ਨੂੰ ਉਥੋਂ ਦੇ ਸਰਕਾਰੀ ਥਾਪੜਾ ਪ੍ਰਾਪਤ ਨਿਸ਼ਾਨ ਸਿੰਘ ਅਤੇ ਉਸਦੇ ਨਾਲ ਹੋਰ ਗੁੰਡਿਆਂ ਵੱਲੋਂ ਅਗਵਾਹ ਕਰ ਕੇ ਲਿਜਾਣ ਵਿਰੁੱਧ ਫਰੀਦਕੋਟ ਦੀ ਅਦਾਲਤ ਵਿੱਚ ਉਸ ਗਰੀਬ ਲੜਕੀ ਦੇ ਪੱਖ ਵਿੱਚ ਵਕਾਲਤ ਕੀਤੀ ਅਤੇ ਗੁੰਡੇ ਦੋਸ਼ੀਆਂ ਨੂੰ ਉਮਰ ਭਰ ਲਈ ਜੇਲਾਂ ਵਿੱਚ ਕੈਦ ਕਰਵਾਇਆ। ਅੱਜ ਦੀ ਮੀਟਿੰਗ ਵਿੱਚ ਜੀਦਾ ਵਿਖੇ ਫੈਕਟਰੀ ਕਾਮਿਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਪੂਰਨ ਹਮਾਇਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਅਤੇ ਉਨ੍ਹਾਂ ਦੇ ਹਰ ਅੰਦੋਲਨ ਚ ਸਾਮਿਲ ਹੋਇਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਹਰਿੰਦਰ ਕੌਰ ਬਿੰਦੂ, ਹਰਪ੍ਰੀਤ ਕੌਰ ਜੇਠੂਕੇ, ਮਾਲਣ ਕੌਰ ਕੋਠਾ ਗੁਰੂ, ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ, ਜਗਦੇਵ ਸਿੰਘ ਜੋਗੇਵਾਲਾ, ਮਾਸਟਰ ਨਛੱਤਰ ਸਿੰਘ ਢੱਡੇ, ਗੁਲਾਬ ਸਿੰਘ ਜਿਉਂਦ, ਅਵਤਾਰ ਸਿੰਘ ਪੂਹਲਾ, ਸਿਮਰਜੀਤ ਸਿੰਘ ਚੱਕ ਫਤਿਹ ਸਿੰਘ ਵਾਲਾ, ਜਸਪਾਲ ਸਿੰਘ ਕੋਠਾ ਗੁਰੂ, ਗੁਰਪਾਲ ਸਿੰਘ ਦਿਓਣ, ਰਾਮ ਸਿੰਘ ਕੋਟਗੁਰੂ, ਹਰਪ੍ਰੀਤ ਸਿੰਘ ਚੱਠੇ ਵਾਲਾ ਰਣਜੋਧ ਸਿੰਘ ਮਾਹੀਂ ਨੰਗਲ, ਰਾਜਵਿੰਦਰ ਸਿੰਘ ਰਾਮਨਗਰ, ਗੁਰਦੀਪ ਸਿੰਘ ਮਾਈਸਰਖਾਨਾ ਵੀ ਸ਼ਾਮਿਲ ਸਨ।