ਗਿਆਨ ਭਾਰਤਮ ਮਿਸ਼ਨ ਦਾ ਉਦੇਸ਼ ਇਤਿਹਾਸਿਕ ਮਹੱਤਤਾ ਵਾਲੀਆਂ ਪੁਰਾਤਨ ਹੱਥ ਲਿਖਤਾਂ ਨੂੰ ਡਿਜ਼ੀਟਲ ਰੂਪ 'ਚ ਸੰਭਾਲਣਾ : ਡੀਸੀ ਬਠਿੰਡਾ
ਡੀਸੀ ਵੱਲੋਂ ਇਤਿਹਾਸਕਾਰਾਂ, ਸੱਭਿਆਚਾਰਕ ਸਭਾਵਾਂ ਨਾਲ ਮੀਟਿੰਗ ; ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ
ਬਠਿੰਡਾ, 23 ਅਪ੍ਰੈਲ 2026 : ਗਿਆਨ ਭਾਰਤਮ ਮਿਸ਼ਨ ਤਹਿਤ, ਭਾਰਤ ਸਰਕਾਰ ਦੇ ਸੰਸਕ੍ਰਿਤੀ ਮੰਤਰਾਲੇ ਵੱਲੋਂ ਇਤਿਹਾਸਕ ਮਹੱਤਤਾ ਵਾਲੀਆਂ ਪੁਰਾਤਨ ਹੱਥ ਲਿਖਤਾਂ ਦੀ ਡਿਜੀਟਲ ਰਿਪੋਜ਼ਟਰੀ ਤਿਆਰ ਕਰਨ ਦੀ ਜ਼ਿੰਮੇਵਾਰੀ ਲਈ ਗਈ ਹੈ। ਇਸ ਲਈ ਸਰਕਾਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੋਲ ਮੌਜੂਦ ਪੁਰਾਣੀਆਂ ਪੁਰਾਤਨ ਹੱਥ ਲਿਖਤਾਂ ਬਾਰੇ ਜਾਣਕਾਰੀ ਸਾਂਝੀ ਕਰਨ।
ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਰਾਜੇਸ਼ ਧੀਮਾਨ ਨੇ ਗਿਆਨ ਭਾਰਤਮ ਮਿਸ਼ਨ ਸਬੰਧੀ ਸਰਕਾਰੀ ਅਧਿਕਾਰੀਆਂ, ਇਤਿਹਾਸਕਾਰਾਂ, ਭਾਰਤੀ ਪੁਰਾਤਤੱਵ ਵਿਭਾਗ (ਆਰਕੀਓਲੌਜੀਕਲ ਸਰਵੇ ਆਫ਼ ਇੰਡੀਆ) ਅਤੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨਾਲ ਕੀਤੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਇਸ ਤਰ੍ਹਾਂ ਦੀਆਂ ਪੁਰਾਤਨ ਹੱਥ ਲਿਖਤਾਂ ਹਨ, ਉਹ www.gyanbharatam.com ’ਤੇ ਲਾਗਇਨ ਕਰ ਸਕਦੇ ਹਨ ਜਾਂ ਗਿਆਨ ਭਾਰਤਮ ਐਪ ਡਾਊਨਲੋਡ ਕਰ ਸਕਦੇ ਹਨ। ਇਸ ਤੋਂ ਬਾਅਦ ਉਹ ਆਪਣੇ ਕੋਲ ਮੌਜੂਦ ਦਸਤਾਵੇਜ਼ ਦੀ ਜਾਣਕਾਰੀ ਭਰ ਸਕਦੇ ਹਨ। ਇਸ ਪ੍ਰਕਿਰਿਆ ਤੋਂ ਬਾਅਦ ਗਿਆਨ ਭਾਰਤਮ ਦੇ ਅਧਿਕਾਰੀ ਸੰਬੰਧਿਤ ਵਿਅਕਤੀ ਨਾਲ ਸੰਪਰਕ ਕਰਕੇ ਹੋਰ ਜਾਣਕਾਰੀ ਲੈਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹਾ ਤਖ਼ਤ ਸ੍ਰੀ ਦਮਦਮਾ ਸਾਹਿਬ, ਗੁਰੂ ਸਾਹਿਬਾਨ, ਪੀਰਾਂ ਅਤੇ ਫਕੀਰਾਂ ਨਾਲ ਸੰਬੰਧਿਤ ਕਈ ਥਾਵਾਂ ਜੁੜੀਆਂ ਹੋਈਆਂ ਹਨ। ਇੱਥੇ ਕਿਲ੍ਹਾ ਸਾਹਿਬ, ਹਾਜੀ ਰਤਨ, ਮਾਈਸਰਖਾਨਾ ਅਤੇ ਹੋਰ ਕਈ ਇਤਿਹਾਸਿਕ ਮਹੱਤਤਾ ਵਾਲੀਆਂ ਥਾਵਾਂ ਹਨ, ਜਿੱਥੇ ਪੁਰਾਣੇ ਦਸਤਾਵੇਜ਼ ਅਤੇ ਪੁਰਾਤਨ ਹੱਥ ਲਿਖਤਾਂ ਮੌਜੂਦ ਹੋ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਜਦੋਂ ਇਹ ਪੁਰਾਤਨ ਹੱਥ ਲਿਖਤਾਂ ਦੀ ਪਛਾਣ ਕਰ ਲਈ ਜਾਵੇਗੀ, ਤਾਂ ਉਹਨਾਂ ਦੀ ਜਾਣਕਾਰੀ ਗਿਆਨ ਭਾਰਤਮ ਐਪ ’ਤੇ ਅਪਲੋਡ ਕੀਤੀ ਜਾਵੇਗੀ ਤਾਂ ਜੋ ਇੱਕ ਡਿਜੀਟਲ ਰਿਪੋਜ਼ਟਰੀ ਤਿਆਰ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਬਠਿੰਡਾ ਵਾਸੀਆਂ ਨੂੰ ਇਸ ਮਿਸ਼ਨ ਵਿੱਚ ਸਰਗਰਮ ਭਾਗੀਦਾਰੀ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਜਾਂ ਸੰਸਥਾ ਜਿਵੇਂ ਕਿ ਲਾਇਬ੍ਰੇਰੀਆਂ, ਸ੍ਰੀ ਗੁਰਦੁਆਰਾ ਸਾਹਿਬਾਂ, ਮੰਦਿਰਾਂ, ਡੇਰਿਆਂ ਜਾਂ ਹੋਰ ਥਾਵਾਂ ’ਤੇ ਕੋਈ ਪੁਰਾਤਨ ਹੱਥ ਲਿਖਤਾਂ ਮੌਜੂਦ ਹਨ, ਤਾਂ ਉਹਨਾਂ ਬਾਰੇ ਜਾਣਕਾਰੀ ਤੁਰੰਤ ਸਾਂਝੀ ਕਰਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਦੀ ਅਨਮੋਲ ਵਿਰਾਸਤ ਨੂੰ ਸੰਭਾਲਣ ਲਈ ਇਸ ਮਹੱਤਵਪੂਰਨ ਪਹਿਲ ਦੀ ਕਾਮਯਾਬੀ ਲਈ ਲੋਕ ਭਾਗੀਦਾਰੀ ਬਹੁਤ ਜ਼ਰੂਰੀ ਹੈ।
ਇਸ ਮੌਕੇ ਏਡੀਸੀ (ਜੀ) ਮੈਡਮ ਕੰਚਨ, ਐਸ.ਡੀ.ਐਮ ਬਠਿੰਡਾ ਬਲਕਰਨ ਸਿੰਘ ਮਾਹਲ, ਐਸ.ਡੀ.ਐਮ ਤਲਵੰਡੀ ਸਾਬੋ ਰਾਜੇਸ਼ ਕੁਮਾਰ ਸ਼ਰਮਾ, ਐਸ.ਡੀ.ਐਮ ਰਾਮਪੁਰਾ ਅਤੇ ਮੌੜ ਵੀਰਪਾਲ ਕੌਰ, ਡੀ.ਡੀ.ਪੀ.ਓ ਅਭਿਨਵ ਗੋਇਲ, ਡੀਐਸਪੀ ਸਪੈਸ਼ਲ ਬਾਂਚ ਸਰਬਜੀਤ ਸਿੰਘ, ਖਾਲਸਾ ਹੈਰੀਟੇਜ ਫਾਊਂਡੇਸ਼ਨ ਤੋਂ ਹਰਵਿੰਦਰ ਸਿੰਘ ਖਾਲਸਾ, ਪੁਰਾਤਤੱਵ ਵਿਭਾਗ ਦੇ ਅਧਿਕਾਰੀ ਆਦਿ ਹਾਜ਼ਰ ਸਨ।