ਦਿੜ੍ਹਬਾ-ਕੌਹਰੀਆਂ ਰੋਡ 'ਤੇ 50 ਲੱਖ ਰੁਪਏ ਦੀ ਲਾਗਤ ਨਾਲ ਲਾਈਟਾਂ ਲਾਉਣ ਦੀ ਸ਼ੁਰੂਆਤ
ਲੋਕਾਂ ਵੱਲੋਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ
ਦਲਜੀਤ ਕੌਰ
ਦਿੜ੍ਹਬਾ, 04 ਅਪ੍ਰੈਲ, 2026: ਕੈਬਨਿਟ ਮੰਤਰੀ ਸ੍ਰ. ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਦਿੜ੍ਹਬਾ-ਕੌਹਰੀਆਂ ਰੋਡ 'ਤੇ ਕਰੀਬ 50 ਲੱਖ ਦੀ ਲਾਗਤ ਨਾਲ ਲਾਈਟਾਂ ਲਾਉਣ ਦੀ ਸ਼ੁਰੂਆਤ ਉਹਨਾਂ ਦੇ ਓ.ਐੱਸ. ਡੀ. ਸ੍ਰ. ਤਪਿੰਦਰ ਸਿੰਘ ਸੋਹੀ ਵੱਲੋਂ ਲੱਡੂ ਵੰਡ ਕੇ ਕਰਵਾਈ ਗਈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ੍ਰ. ਸੋਹੀ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜਿਨ੍ਹਾਂ ਨੂੰ ਕਿ ਵਿਕਾਸ ਪੁਰਸ਼ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵੱਲੋਂ ਦਿੜ੍ਹਬਾ ਸ਼ਹਿਰ ਨੂੰ ਸੁੰਦਰ ਅਤੇ ਸੁਰਖਿਅਤ ਬਣਾਉਣ ਦੀ ਜ਼ਿੰਮੇਵਾਰੀ ਚੁੱਕੀ ਗਈ ਹੈ। ਇਸ ਤਹਿਤ ਹੀ ਦਿੜ੍ਹਬਾ-ਕੌੌਹਰੀਆਂ ਰੋਡ ਉੱਤੇ ਨਵੀਂ ਕਿਸਮ ਦੀਆਂ ਐੱਲ.ਈ.ਡੀ. ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਹਨਾਂ ਲਾਈਟਾਂ ਦੇ ਲਗਾਉਣ ਲਈ ਕਰੀਬ 50 ਲੱਖ ਦੀ ਰਾਸ਼ੀ ਖਰਚ ਹੋ ਰਹੀ ਹੈ।
ਸ਼ਹਿਰ ਵਾਸੀਆਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਸ਼ਹਿਰ ਵਿੱਚ ਰਾਤ ਵੇਲੇ ਦੁਕਾਨਾਂ ਉੱਤੇ ਚੋਰੀਆਂ ਹੋਣ ਦਾ ਡਰ ਰਹਿੰਦਾ ਸੀ ਤੇ ਇਸ ਲਈ ਲਾਈਟਾਂ ਲਾਈਆਂ ਜਾਣ।
ਸ਼ਹਿਰ ਵਾਸੀਆਂ ਦੀ ਮੁਸ਼ਕਿਲ ਨੂੰ ਮੁੱਖ ਰੱਖਦੇ ਹੋਏ ਸ਼ਹਿਰ ਤੋਂ ਇਕ ਕਿਲੋਮੀਟਰ ਦੀ ਦੂਰੀ ਤਕ ਇਹਨਾਂ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਕਿ ਧੁੰਦ ਦੇ ਸਮੇਂ ਵੀ ਕੰਮ ਕਰਨਗੀਆਂ। ਇਹਨਾਂ ਲਾਈਟਾਂ ਦੇ ਚਾਲੂ ਹੋਣ ਨਾਲ ਜਿੱਥੇ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਹੋਵੇਗਾ, ਉੱਥੇ ਸ਼ਹਿਰ ਵਾਸੀਆਂ ਦੀ ਰਾਤ ਨੂੰ ਸੁਰੱਖਿਆ ਵੀ ਵਧੇਗੀ।
ਨਗਰ ਪੰਚਾਇਤ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ ਅਤੇ ਸ਼ਹਿਰੀ ਪ੍ਰਧਾਨ ਧਰਮਪਾਲ ਗਰਗ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਕਾਰਜ ਦੇ ਨਾਲ-ਨਾਲ ਸ਼ਹਿਰ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਹਨਾਂ ਲਾਈਟਾਂ ਦੇ ਰੂਪ ਵਿੱਚ ਸ਼ਹਿਰ ਵਾਸੀਆਂ ਨੂੰ ਇੱਕ ਨਵਾਂ ਤੋਹਫਾ ਮਿਲਿਆ ਹੈ।
ਇਸ ਮੌਕੇ ਐਸ.ਡੀ.ਓ., ਪੀ.ਡਬਲਯੂ.ਡੀ. ਦਲਜੀਤ ਸਿੰਘ, ਸੁਨੀਲ ਬਾਂਸਲ, ਪ੍ਰਦੀਪ ਕੁਮਾਰ ਬੌਬੀ ਅਤੇ ਹੋਰ ਸ਼ਹਿਰ ਵਾਸੀ ਹਾਜ਼ਰ ਸਨ।