ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਪੁਲਿਸ ਦੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਆਰ ਪਾਰ ਦੀ ਲੜਾਈ ਦਾ ਐਲਾਨ
ਅਸ਼ੋਕ ਵਰਮਾ
ਮਾਨਸਾ, 4 ਅਪ੍ਰੈਲ 2026 : ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਇਕਾਈ ਮਾਨਸਾ ਨੇ ਅੱਜ ਆਪਣੇ ਦਫਤਰ ਵਿੱਚ ਕੀਤੀ ਮਹੀਨਾਵਾਰ ਮੀਟਿੰਗ ਦੌਰਾਨ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਪੰਜਾਬ ਸਰਕਾਰ ਖਿਲਾਫ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ।ਪ੍ਰਧਾਨ ਗੁਰਚਰਨ ਸਿੰਘ ਮੰਦਰਾਂ ਨੇ ਸਖਤ ਸਬਦਾਂ 'ਚ ਨਿਖੇਧੀ ਕਰਦਿਆ ਦੱਸਿਆ ਗਿਆ ਕਿ ਦੇਸ਼ ਦੀ ਆਜਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਇੰਨੀ ਮਾੜੀ ਸਰਕਾਰ ਨਹੀ ਆਈ ਜਿਸਨੇ ਮੁਲਾਜ਼ਮ ਵਰਗ ਨਾਲ ਇੰਨਾਂ ਧੱਕਾ ਕੀਤਾ ਹੋਵੇ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਆਪਣੇ ਹੱਕ ਲੈਣ ਲਈ ਮਾਨਯੋਗ ਅਦਾਲਤਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਦਾਲਤਾਂ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਫੈਸਲੇ ਦੇਣ ਤੇ ਵੀ ਸਰਕਾਰ ਵੱਲੋਂ ਲਾਗੂ ਕਰਨ ਤੋਂ ਆਨਾ-ਕਾਨੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਕੇੰਦਰੀ ਮੁਲਾਜ਼ਮਾਂ ਦੇ ਬਰਾਬਰ ਕਰਕੇ ਬਕਾਇਆ ਏਰੀਅਰ ਲੈਣ, ਤਨਖਾਹ ਵਿੱਚ ਸੋਧ ਕਰਨ ਆਦਿ ਪੈਡਿੰਗ ਮੰਗਾਂ ਸਬੰਧੀ ਸਾਰੀਆ ਭਰਾਤਰੀ ਮੁਲਾਜ਼ਮ ਜਥੇਬੰਦੀਆ ਨਾਲ ਰਲ ਕੇ ਪੰਜਾਬ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਲੜੀ ਜਾਵੇਗੀ ਅਤੇ ਆਪਣੀਆਂ ਮੰਗਾਂ ਮੰਨਣ ਤੱਕ ਸਰਕਾਰ ਨਾਲ ਨਾ ਹੀ ਕੋਈ ਸਮਝੌਤਾ ਕੀਤਾ ਜਾਵੇਗਾ ਅਤੇ ਨਾ ਹੀ ਪਿਛੇ ਹਟਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਹਨਾਂ ਸਾਥੀਆਂ ਨੂੰ ਮਿਤੀ 31-03-2026 ਤੱਕ ਪੈਨਸ਼ਨ ਆਇਆਂ 2 ਸਾਲ ਹੋ ਚੁੱਕੇ ਹਨ, ਉਹ ਆਪਣਾ ਐਲ.ਟੀ.ਸੀ. ਫਾਰਮ ਭਰ ਸਕਦੇ ਹਨ। ਇਸ ਮੌਕੇ ਉਨ੍ਹਾਂ ਦੋ ਨਵੇਂ ਸਾਥੀਆਂ ਸਾਬਕਾ ਇੰਸ: ਸੁਰਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਅਤੇ ਸਾਬਕਾ ਸ:ਥ: ਜਸਵੰਤ ਸਿੰਘ ਵਾਸੀ ਸਿਰਸੀਵਾਲਾ ਨੂੰ ਜੀ ਆਇਆ ਕਿਹਾ।
ਇਸ ਮੌਕੇ ਅਮਰਜੀਤ ਸਿੰਘ ਭਾਈਰੂਪਾ ,ਸੀਨੀਅਰ ਮੀਤ ਪ੍ਰਧਾਨ ਦਰਸ਼ਨ ਕੁਮਾਰ ਗੇਹਲੇ, ਬੂਟਾ ਸਿੰਘ, ਹਰੀ ਰਾਮ ਫੂਸਮੰਡੀ, ਕਿਰਪਾਲ ਸਿੰਘ ਝੰਡਾਂ, ਹਰਜਿੰਦਰ ਸਿੰਘ ਭੀਖੀ, ਬਾਬੂ ਸਿੰਘ ਭੀਖੀ, ਜੰਟਾ ਸਿੰਘ ਬੀਰੋਕੇ ਕਲਾਂ, ਦਿਆਲ ਸਿੰਘ ਅਹਿਮਦਪੁਰ, ਮੁਖਿੰਦਰ ਸਿੰਘ ਨਥੇਹਾ, ਜੋਗਿੰਦਰ ਸਿੰਘ ਝੁਨੀਰ, ਬਿੱਕਰ ਸਿੰਘ ਕੈਸ਼ੀਅਰ, ਹਰਪਾਲ ਸਿੰਘ, ਗੁਰਪਿਆਰ ਸਿੰਘ ਆਦਿ ਹਾਜ਼ਰ ਸਨ।