ਲੁਧਿਆਣਾ ਦੀਆਂ ਸੜਕਾਂ 'ਤੇ ਮੌਤ ਬਣ ਕੇ ਦੌੜ ਰਹੇ ਕਮਰਸ਼ੀਅਲ ਟਰੈਕਟਰ-ਟਰਾਲੀਆਂ 'ਤੇ ਸਿਕੰਜਾ; DGP ਦਫਤਰ ਨੇ ਕਮਿਸ਼ਨਰ ਪੁਲਿਸ ਤੋਂ 10 ਦਿਨਾਂ 'ਚ ਮੰਗੀ ਰਿਪੋਰਟ
ਸੁਖਮਿੰਦਰ ਭੰਗੂ
ਲੁਧਿਆਣਾ 14 ਮਾਰਚ 2026- ਸ਼ਹਿਰ ਦੀਆਂ ਸੜਕਾਂ 'ਤੇ ਖੇਤੀਬਾੜੀ ਦੇ ਨਾਂ ਹੇਠ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਕਮਰਸ਼ੀਅਲ ਟਰੈਕਟਰ-ਟਰਾਲੀਆਂ ਵਿਰੁੱਧ ਹੁਣ ਪੁਲਿਸ ਪ੍ਰਸ਼ਾਸਨ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ। ਸਮਾਜ ਸੇਵੀ ਰੋਹਿਤ ਸਭਰਵਾਲ ਵੱਲੋਂ ਉਠਾਏ ਗਏ ਗੰਭੀਰ ਮੁੱਦੇ 'ਤੇ ਕਾਰਵਾਈ ਕਰਦਿਆਂ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ (ਟ੍ਰੈਫਿਕ ਅਤੇ ਸੜਕ ਸੁਰੱਖਿਆ), ਪੰਜਾਬ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
ਲੋਕਾਂ ਦੀ ਜਾਨ ਨੂੰ ਸਿੱਧਾ ਖਤਰਾ
ਰੋਹਿਤ ਸਭਰਵਾਲ ਵੱਲੋਂ ਪੁਲਿਸ ਕਮਿਸ਼ਨਰ ਅਤੇ ਉੱਚ ਅਧਿਕਾਰੀਆਂ ਨੂੰ ਭੇਜੀ ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਗੈਰ-ਕਾਨੂੰਨੀ ਵਰਤੋਂ ਜੋ ਟਰੈਕਟਰ ਸਿਰਫ਼ ਖੇਤੀਬਾੜੀ ਲਈ ਹਨ, ਉਨ੍ਹਾਂ ਦੀ ਵਰਤੋਂ ਸ਼ਹਿਰ ਵਿੱਚ ਬਿਲਡਿੰਗ ਮਟੀਰੀਅਲ, ਲੋਹੇ ਦੇ ਗਾਰਡਰ ਅਤੇ ਮਲਬਾ ਢੋਹਣ ਲਈ ਕੀਤੀ ਜਾ ਰਹੀ ਹੈ।ਦਸਤਾਵੇਜ਼ਾਂ ਦੀ ਘਾਟ: ਇਹਨਾਂ ਟਰਾਲੀਆਂ ਦੇ ਚਾਲਕਾਂ ਕੋਲ ਅਕਸਰ ਨਾ ਤਾਂ ਡਰਾਈਵਿੰਗ ਲਾਇਸੈਂਸ ਹੁੰਦਾ ਹੈ ਅਤੇ ਨਾ ਹੀ ਵਾਹਨਾਂ ਦੇ ਬੀਮਾ, ਪ੍ਰਦੂਸ਼ਣ ਜਾਂ ਰਜਿਸਟ੍ਰੇਸ਼ਨ ਦੇ ਮੁਕੰਮਲ ਕਾਗਜ਼।ਹਾਦਸਿਆਂ ਦਾ ਕਾਰਨ: ਬਿਨਾਂ ਰਿਫਲੈਕਟਰ ਅਤੇ ਓਵਰਲੋਡ ਹੋਣ ਕਾਰਨ ਇਹ ਵਾਹਨ ਰੋਜ਼ਾਨਾ ਭਿਆਨਕ ਹਾਦਸਿਆਂ ਦਾ ਸਬੱਬ ਬਣ ਰਹੇ ਹਨ, ਜਿਸ ਨਾਲ ਕਈ ਨਿਰਦੋਸ਼ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਪੁਲਿਸ ਹੈੱਡਕੁਆਰਟਰ ਵੱਲੋਂ ਸਖ਼ਤ ਹਦਾਇਤਾਂ
ਸ਼ਿਕਾਇਤ ਦਾ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਦੇ ਸੇਫਟੀ ਵਿੰਗ (ਚੰਡੀਗੜ੍ਹ) ਨੇ ਇੱਕ ਪੱਤਰ (ਨੰਬਰ 2697/ਟ੍ਰੈਫਿਕ-2) ਜਾਰੀ ਕਰਕੇ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਹਦਾਇਤ ਕੀਤੀ ਹੈ ਕਿ:"ਇਸ ਸ਼ਿਕਾਇਤ ਦੀ ਆਪਣੇ ਪੱਧਰ 'ਤੇ ਜਾਂਚ ਕਰਕੇ 10 ਦਿਨਾਂ ਦੇ ਅੰਦਰ-ਅੰਦਰ ਇਸ ਦਾ ਨਿਪਟਾਰਾ ਕੀਤਾ ਜਾਵੇ। ਕੀਤੀ ਗਈ ਕਾਰਵਾਈ ਦੀ ਰਿਪੋਰਟ ਹੈੱਡਕੁਆਰਟਰ ਨੂੰ ਭੇਜਣ ਦੇ ਨਾਲ-ਨਾਲ ਸ਼ਿਕਾਇਤਕਰਤਾ ਨੂੰ ਵੀ ਸੂਚਿਤ ਕੀਤਾ ਜਾਵੇ।"
ਆਮ ਜਨਤਾ ਦੀ ਮੰਗ: ਸਿਰਫ਼ ਚਲਾਨ ਕਾਫ਼ੀ ਨਹੀਂ
ਸ਼ਿਕਾਇਤਕਰਤਾ ਰੋਹਿਤ ਸੱਭਰਵਾਲ ਅਨੁਸਾਰ, ਟ੍ਰੈਫਿਕ ਪੁਲਿਸ ਵੱਲੋਂ ਸਮੇਂ-ਸਮੇਂ 'ਤੇ ਚਲਾਨ ਤਾਂ ਕੀਤੇ ਜਾਂਦੇ ਹਨ, ਪਰ ਇਹ ਮਹਿਜ਼ ਖਾਨਾਪੂਰਤੀ ਸਾਬਤ ਹੋ ਰਹੇ ਹਨ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਅਜਿਹੇ ਵਾਹਨਾਂ ਨੂੰ ਸੜਕਾਂ 'ਤੇ ਆਉਣ ਤੋਂ ਮੁਕੰਮਲ ਤੌਰ 'ਤੇ ਰੋਕਿਆ ਜਾਵੇ ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕੀਤੀ ਜਾ ਸਕੇ।
Click to Follow Babushahi Facebook page →