ਪੁਰਾਣੀ ਪੈਨਸ਼ਨ ਬਹਾਲੀ ਲਈ 8 ਮਾਰਚ ਨੂੰ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਐਲਾਨ
ਬਠਿੰਡਾ,6 ਮਾਰਚ 2026 : ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਸੀ ਪੀ ਐਫ਼ ਕਰਮਚਾਰੀ ਯੂਨੀਅਨ ਅਤੇ ਟਰੇਡ ਯੂਨੀਅਨ ਸੈਂਟਰਾਂ ਵੱਲੋਂ 08 ਮਾਰਚ ਨੂੰ ਬਜ਼ਟ ਵਾਲੇ ਦਿਨ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਬਠਿੰਡਾ ਦੇ ਪ੍ਰਧਾਨ ਬਲਜਿੰਦਰ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜੇ ਤੱਕ ਪੁਰਾਣੀ ਪੈਨਸ਼ਨ ਬਹਾਲ ਕਰਨ ਬਾਰੇ ਕੋਈ ਪੁਖਤਾ ਕਦਮ ਨਹੀਂ ਪੁੱਟਿਆ,ਸਗੋਂ ਐੱਨ ਪੀ ਐੱਸ ਦੇ ਅੰਦਰ ਕੰਮ ਕਰਦੇ ਮੁਲਾਜ਼ਮਾਂ ਦੇ ਕਰੋੜਾਂ-ਅਰਬਾਂ ਰੁਪਏ ਕਾਰਪੋਰੇਟਾਂ ਨੂੰ ਸ਼ੇਅਰ ਮਾਰਕੀਟ ਚ ਲਾਉਣ ਲਈ ਦਿੱਤਾ ਜਾ ਰਿਹਾ ਹੈ ।
ਉਹਨਾਂ ਕਿਹਾ ਕਿ ਦੂਜੇ ਪਾਸੇ 20 - 20 ਸਾਲਾਂ ਦੀ ਨੌਕਰੀ ਕਰਨ ਤੋਂ ਬਾਅਦ ਮੁਲਾਜ਼ਮ ਪੰਜ-ਪੰਜ ਹਜਾਰ ਦੀ ਨਿਗੂਣੀ ਪੈਨਸ਼ਨ ਲੈ ਕੇ ਰਿਟਾਇਰ ਹੋ ਰਹੇ ਹਨ|ਆਗੂਆਂ ਨੇ ਕਿਹਾ ਕਿ ਗੁਜਰਾਤ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਖੁਦ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਨਿਰਾ ਝੂਠ ਸਾਬਿਤ ਹੋਇਆ|ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਲਗਭਗ 2 ਲੱਖ ਮੁਲਾਜ਼ਮ ਐੱਨ ਪੀ ਐੱਸ ਦੇ ਅੰਦਰ ਹਨ ਜੋ 8 ਮਾਰਚ ਨੂੰ ਵੱਡੀ ਗਿਣਤੀ ਵਿੱਚ ਮੋਹਾਲੀ ਵਿਖੇ ਇਕੱਠੇ ਹੋ ਕੇ ਵਿਧਾਨ ਸਭਾ ਵੱਲ ਵਧਣਗੇ। ਜਥੇਬੰਦੀ ਦੇ ਸੀਨੀਅਰ ਪ੍ਰਧਾਨ ਵਿਕਾਸ ਗਰਗ, ਸਹਾਇਕ ਸਕੱਤਰ ਕੁਲਵਿੰਦਰ ਸਿੰਘ ਵਿਰਕ, ਵਿਤ ਸਕੱਤਰ ਅਨਿਲ ਭੱਟ,ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ 2004 ਤੋਂ ਬੰਦ ਕੀਤੀ ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕਰੇ ਅਤੇ ਉਹ ਜੀ ਪੀ ਐਫ਼ ਖਾਤੇ ਖੋਲ੍ਹੇ ।
ਉਹਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮੁਲਾਜ਼ਮਾਂ ਦੀ ਨਾਰਾਜ਼ਗੀ ਦਾ ਖਮਿਆਜ਼ਾ ਭੁਗਤਣ ਲਈ ਤਿਆਰ ਰਹੇ।