ਮਾਨਸਿਕ ਪਰੇਸ਼ਾਨੀ ਦੀ ਸੂਰਤ ਵਿੱਚ ਟੋਲ ਫਰੀ ਨੰਬਰ 14416 ਜਾਂ 1800-89-14416 'ਤੇ ਫੋਨ ਦੀ ਸਲਾਹ
ਅਸ਼ੋਕ ਵਰਮਾ
ਬਠਿੰਡਾ 24 ਫਰਵਰੀ 2026 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਸਰਕਾਰ ਵੱਲੋਂ ਸੁਰੂ ਕੀਤੀ ਟੈਲੀ ਮਾਨਸ ਐਪ ਸਬੰਧੀ ਅੱਜ ਦਫ਼ਤਰ ਸਿਵਲ ਸਰਜਨ ਬਠਿੰਡਾ ਦੇ ਮੀਟਿੰਗ ਹਾਲ ਵਿਖੇ ਸੀ.ਐਚ.ਓਜ਼ ਲਈ ਜਾਗਰੂਕਤਾ ਮੀਟਿੰਗ ਕੀਤੀ ਗਈ।ਇਸ ਮੌਕੇ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੈਲੀ ਮਾਨਸ ਸੇਵਾ ਦੇ ਅਧੀਨ ਮਾਨਸਿਕ ਤਣਾਅ, ਡਿਪ੍ਰੈਸ਼ਨ, ਚਿੰਤਾ ਅਤੇ ਹੋਰ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਹੇ ਲੋਕ ਟੋਲ ਫਰੀ ਨੰਬਰ 14416 ਜਾਂ 1-800-891-4416 ‘ਤੇ ਕਾਲ ਕਰਕੇ ਮਾਹਿਰਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹਨ ਅਤੇ ਮੁਫ਼ਤ ਸਲਾਹ ਲੈ ਸਕਦੇ ਹਨ। ਇਸ ਦੇ ਨਾਲ ਹੀ ਟੈਲੀ ਮਾਨਸ ਮੋਬਾਈਲ ਐਪ ਰਾਹੀਂ ਵੀ ਇਹ ਸੇਵਾ ਉਪਲਬਧ ਹੈ। ਉਨ੍ਹਾਂ ਸੀ.ਐਚ.ਓਜ਼ ਨੂੰ ਕਿਹਾ ਕਿ ਪਿੰਡਾਂ ਅਤੇ ਆਪਣੇ ਅਧੀਨ ਆਉਂਦੇ ਸਿਹਤ ਕੇਂਦਰਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਇਸ ਸੇਵਾ ਬਾਰੇ ਜਾਗਰੂਕ ਕਰਨ ਅਤੇ ਜ਼ਰੂਰਤਮੰਦ ਵਿਅਕਤੀਆਂ ਨੂੰ ਇਸ ਸੇਵਾ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਣ।
ਮੀਟਿੰਗ ਦੌਰਾਨ ਸੀ.ਐਚ.ਓਜ਼ ਨੂੰ ਟੈਲੀ ਮਾਨਸ ਐਪ ਦੀ ਵਰਤੋਂ, ਮਰੀਜ਼ਾਂ ਨੂੰ ਰੈਫਰ ਕਰਨ ਦੀ ਪ੍ਰਕਿਰਿਆ ਅਤੇ ਮਾਨਸਿਕ ਸਿਹਤ ਸਬੰਧੀ ਮੁੱਖ ਲੱਛਣਾਂ ਦੀ ਪਹਿਚਾਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਸਿਵਲ ਸਰਜਨ ਨੇ ਸਾਰੇ ਸੀ.ਐਚ.ਓਜ਼ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਖੇਤਰਾਂ ਵਿੱਚ ਟੈਲੀ ਮਾਨਸ ਸੇਵਾ ਸਬੰਧੀ ਵੱਧ ਤੋਂ ਵੱਧ ਪ੍ਰਚਾਰ ਕਰਨ ਤਾਂ ਜੋ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਪੀੜਤ ਲੋਕ ਸਮੇਂ ਸਿਰ ਮਾਹਿਰ ਡਾਕਟਰ ਦੀ ਸਲਾਹ ਲੈ ਸਕਣ ਅਤੇ ਆਪਣੀ ਜ਼ਿੰਦਗੀ ਨੂੰ ਸੁਧਾਰ ਸਕਣ।