ਇਤਿਹਾਸਕਾਰ ਐਸ.ਇਰਫ਼ਾਨ ਹਬੀਬ 'ਤੇ ਹਮਲੇ ਅਤੇ ਫ਼ਿਲਮਸਾਜ਼ ਨਸੀਰੂਦੀਨ ਸ਼ਾਹ ਦਾ ਸਮਾਗਮ ਰੱਦ ਕਰਨ ਦੀ ਨਿਖੇਧੀ
ਅਸ਼ੋਕ ਵਰਮਾ
ਬਠਿੰਡਾ, 14 ਫਰਵਰੀ 2026 : ਇਨਕਲਾਬੀ ਕੇਂਦਰ ਪੰਜਾਬ ਨੇ ਇਤਿਹਾਸਕਾਰ ਐਸ.ਇਰਫ਼ਾਨ ਹਬੀਬ 'ਤੇ ਹਮਲੇ ਅਤੇ ਫ਼ਿਲਮਸਾਜ਼ ਨਸੀਰੂਦੀਨ ਸ਼ਾਹ ਦਾ ਸਮਾਗਮ ਰੱਦ ਕਰਨ ਦੀ ਨਿਖੇਧੀ ਕੀਤੀ ਹੈ।ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਦੋਵੇਂ ਨਾਮਵਰ ਹਸਤੀਆਂ ਦੀ ਜ਼ੁਬਾਨਬੰਦੀ ਲਈ ਇਹ ਘਰ ਭਾਜਪਾ ਹਕੂਮਤ ਦੀ ਸ਼ਹਿ ਤੇ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਤਿਹਾਸਕਾਰ ਐੱਸ.ਇਰਫਾਨ ਹਬੀਬ 'ਤੇ ਹਮਲਾ ਕੈਂਪਸਾਂ ਵਿੱਚ ਵਧ ਰਹੀ ਅਸਹਿਣਸ਼ੀਲਤਾ ਨੂੰ ਉਜਾਗਰ ਕਰਦਾ ਹੈ।ਦਿੱਲੀ ਯੂਨੀਵਰਸਿਟੀ ਵਿੱਚ ਇਤਿਹਾਸਕਾਰ 'ਤੇ ਸੁੱਟੀ ਗਈ ਪਾਣੀ ਦੀ ਬਾਲਟੀ ਭਾਰਤੀ ਯੂਨੀਵਰਸਿਟੀਆਂ ਵਿੱਚ ਰੱਦ ਕੀਤੇ ਗਏ ਲੈਕਚਰਾਂ ਅਤੇ ਵਿਘਨ ਪਾਉਣ ਵਾਲੇ ਅਕਾਦਮਿਕ ਸਮਾਗਮਾਂ ਦੀ ਲੜੀ ਵਿੱਚ ਇੱਕ ਹੋਰ ਘਟਨਾ ਹੈ। ਇਸ ਤੋਂ ਪਹਿਲਾਂ ਫਿਲਮੀ ਕਲਾਕਾਰ ਨਸੀਰੂਦੀਨ ਸ਼ਾਹ ਨੂੰ ਐਨ ਵਕਤ ਮੁੰਬਈ ਯੂਨੀਵਰਸਿਟੀ ਦਾ ਲੈਕਚਰ ਮੁਲਤਵੀ ਕੀਤਾ ਸੀ।
ਉਹਨਾਂ ਕਿਹਾ ਕਿ ਪ੍ਰੀਤ ਨਗਰ ਸਿਰਲੇਖ ਵਾਲਾ ਕਵਿਤਾ ਅਤੇ ਕਹਾਣੀ ਪੜ੍ਹਨ ਦਾ ਸੈਸ਼ਨ 1 ਫਰਵਰੀ ਨੂੰ ਮੁੰਬਈ ਦੇ ਕਾਲੀਨਾ ਸਥਿਤ ਯੂਨੀਵਰਸਿਟੀ ਕੈਂਪਸ ਵਿੱਚ ਉਰਦੂ ਭਾਸ਼ਾ ਦੇ ਜਸ਼ਨ ਦੇ ਹਿੱਸੇ ਵਜੋਂ ਕਰਵਾਇਆ ਜਾਣਾ ਸੀ। ਇਸ ਸਮਾਗਮ ਵਿੱਚ ਸਾਹਿਰ ਲੁਧਿਆਣਵੀ ਅਤੇ ਫੈਜ਼ ਅਹਿਮਦ ਫੈਜ਼ ਵਰਗੇ ਕਵੀਆਂ ਦੀਆਂ ਰਚਨਾਵਾਂ ਨੂੰ ਪ੍ਰਦਰਸ਼ਿਤ ਕੀਤਾ ਜਾਣਾ ਸੀ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਫ਼ਿਰਕੂ ਫਾਸ਼ੀ ਹੱਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਕੇਂਦਰ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਆਗੂਆਂ ਮੁਖਤਿਆਰ ਪੂਹਲਾ, ਜਗਜੀਤ ਲਹਿਰਾ ਮੁਹੱਬਤ ਅਤੇ ਜਸਵੰਤ ਜੀਰਖ ਨੇ ਕਿਹਾ ਕਿ ਮੋਦੀ ਹਕੂਮਤ ਦੀ ਸ਼ਹਿ 'ਤੇ ਇਹ ਹਮਲਾ ਦੋ ਵਿਅਕਤੀਆਂ ਨਹੀਂ ਸਗੋਂ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਉੱਪਰ ਹਮਲਾ ਹੈ। ਮੁਲਕ ਦੀਆਂ ਇਨਕਲਾਬੀ ਜਮਹੂਰੀ ਇਨਸਾਫ਼ ਪਸੰਦ ਜਮਹੂਰੀ ਸ਼ਕਤੀਆਂ ਨੂੰ ਇੱਕਜੁੱਟ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੰਦਾ ਹੈ।