ਪੁਲਿਸ ਮੁਖੀ ਨੇ ਪ੍ਰੈੱਸ ਕਲੱਬ(ਰਜਿ.) ਦੀ ਨਵੀਂ ਡਾਇਰੈਕਟਰੀ ਕੀਤੀ ਲੋਕ ਅਰਪਣ
ਜਗਰਾਉਂ, 29 ਜਨਵਰੀ (ਦੀਪਕ ਜੈਨ) ਲੋਕਤੰਤਰ ਦੇ ਚੌਥੇ ਥੰਮ ਵਜੋਂ ਜਾਣੇ ਜਾਂਦੇ ਪ੍ਰੈਸ ਕਲੱਬ ਜਗਰਾਉਂ (ਰਜਿ:) ਦੇ ਇੱਕ ਉੱਚ ਪੱਧਰੀ ਵਫ਼ਦ ਨੇ ਅੱਜ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾ: ਅੰਕੁਰ ਗੁਪਤਾ ਆਈਪੀਐਸ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਸਮੂਹ ਪੱਤਰਕਾਰ ਭਾਈਚਾਰੇ ਦੀ ਮੌਜੂਦਗੀ ਵਿੱਚ ਐਸਐਸਪੀ ਡਾਕਟਰ ਗੁਪਤਾ ਨੇ ਪ੍ਰੈਸ ਕਲੱਬ ਦੀ ਨਵੀਂ ਤਿਆਰ ਕੀਤੀ ਗਈ ਡਾਇਰੈਕਟਰੀ (ਸੂਚੀ) ਨੂੰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ।
ਇਸ ਮੌਕੇ ਪ੍ਰੈਸ ਕਲੱਬ (ਰਜਿ:) ਦੇ ਚੇਅਰਮੈਨ ਅਮਰਜੀਤ ਸਿੰਘ ਮਾਲਵਾ, ਪ੍ਰਧਾਨ ਹਰਿੰਦਰ ਸਿੰਘ ਚਾਹਲ ਅਤੇ ਦੀਪਕ ਜੈਨ ਬੌਬੀ ਦੀ ਯੋਗ ਅਗਵਾਈ ਹੇਠ ਪ੍ਰੈਸ ਕਲੱਬ ਰਜਿ: ਜਗਰਾਉਂ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਐਸਐਸਪੀ ਦਫ਼ਤਰ ਪਹੁੰਚੇ ਸਨ।
ਅੱਜ ਡਾਇਰੈਕਟਰੀ ਜ਼ਾਰੀ ਕਰਦਿਆਂ ਡਾ: ਅੰਕੁਰ ਗੁਪਤਾ ਆਈਪੀਐਸ ਨੇ ਪ੍ਰੈਸ ਕਲੱਬ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇੱਕ ਸੰਗਠਿਤ ਡਾਇਰੈਕਟਰੀ ਜਿੱਥੇ ਪੱਤਰਕਾਰਾਂ ਦੇ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਦੀ ਹੈ, ਉੱਥੇ ਹੀ ਪ੍ਰਸ਼ਾਸਨ ਅਤੇ ਮੀਡੀਆ ਵਿਚਕਾਰ ਸੂਚਨਾ ਦੇ ਆਦਾਨ-ਪ੍ਰਦਾਨ ਲਈ ਇੱਕ ਅਹਿਮ ਕੜੀ ਸਾਬਤ ਹੋਵੇਗੀ।
ਇਸ ਮੌਕੇ ਹਾਜ਼ਰ ਸਮੂਹ ਮੈਂਬਰਾਂ ਨੇ ਜਿੱਥੇ ਪੁਲਿਸ ਮੁਖੀ ਦਾ ਸਮਾਂ ਦੇਣ ਲਈ ਧੰਨਵਾਦ ਕੀਤਾ, ਉੱਥੇ ਹੀ ਸਮਾਜ ਵਿੱਚ ਸੱਚੀ ਅਤੇ ਨਿਰਪੱਖ ਪੱਤਰਕਾਰੀ ਦਾ ਦੀਪ ਜਗਾਏ ਰੱਖਣ ਦਾ ਅਹਿਦ ਵੀ ਦੁਹਰਾਇਆ। ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਦੀ ਭਰਵੀਂ ਹਾਜ਼ਰੀ ਕਲੱਬ ਦੀ ਇਕਜੁੱਟਤਾ ਦਾ ਪ੍ਰਤੱਖ ਪ੍ਰਮਾਣ ਬਣੀ।