ਆਰ.ਬੀ.ਐਸ.ਕੇ ਨੇ ਦਿੱਤੀ ਨਾਬਾਲਿਗ ਬੱਚੇ ਦਿਲਪ੍ਰੀਤ ਸਿੰਘ ਨੂੰ ਨਵੀਂ ਰੌਸ਼ਨੀ
ਅਸ਼ੋਕ ਵਰਮਾ
ਬਠਿੰਡਾ, 20 ਜਨਵਰੀ 2026 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਬਠਿੰਡਾ ਵਿਖੇ ਤਾਇਨਾਤ ਅੱਖਾਂ ਦੇ ਮਾਹਿਰ ਡਾਕਟਰ ਜਿਲ੍ਹਾ ਟੀਕਾਕਰਣ ਅਫ਼ਸਰ ਕਮ ਨੋਡਲ ਅਫ਼ਸਰ ਆਰ.ਬੀ.ਐਸ. ਕੇ ਡਾ ਮੀਨਾਕਸ਼ੀ ਸਿੰਗਲਾ ਵੱਲੋਂ ਅੱਜ ਇੱਕ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਗਈ ਉਹਨਾਂ ਵੱਲੋਂ ਇੱਕ ਨਾਬਾਲਿਗ ਬੱਚਾ ਦਿਲਪ੍ਰੀਤ ਸਿੰਘ ਸਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਕੋਟ ਬਖਤੂ ਦਾ ਜਮਾਦਰੂ ਚਿੱਟੇ ਮੋਤੀਆ ਦਾ ਸਫਲ ਅਪਰੇਸ਼ਨ ਕੀਤਾ ਗਿਆ।ਸਿਵਲ ਸਰਜਨ ਨੇ ਦੱਸਿਆ ਕਿ ਬੱਚੇ ਦਾ ਅਪ੍ਰੇਸ਼ਨ ਆਰ.ਬੀ.ਐਸ.ਕੇ ਤਹਿਤ ਕੀਤਾ ਗਿਆ ਹੈ ਜਿਸ ਵਿੱਚ ਬੱਚੇ ਦੇ ਇਲਾਜ ਤੇ ਕੋਈ ਵੀ ਖਰਚ ਨਹੀਂ ਹੋਇਆ ਹੈ । ਪਹਿਲਾ ਵੀ ਇਸ ਯੋਜਨਾ ਤਹਿਤ ਬੱਚੇ ਦੀ ਅੱਖ ਦਾ ਸਫ਼ਲ ਅਪ੍ਰੇਸ਼ਨ ਹੋ ਚੁੱਕਾ ਹੈ ਅਤੇ ਹੁਣ ਬੱਚੇ ਦੀ ਦੂਜੀ ਅੱਖ ਦਾ ਸਫ਼ਲ ਅਪ੍ਰੇਸ਼ਨ ਕੀਤਾ ਗਿਆ ਹੈ ।
ਡਾ ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਸਰਕਾਰੀ ਪ੍ਰਇਮਰੀ ਸਕੂਲ ਪਿੰਡ ਕੋਟ ਬਖਤੂ ਦਾ ਚੌਥੀ ਜਮਾਤ ਦਾ ਵਿਦਿਆਰਥੀ ਹੈ ਜੋ ਜਨਮ ਤੋਂ ਹੀ ਚਿੱਟੇ ਮੋਤੀਆ ਦੀ ਸਮੱਸਿਆ ਨਾਲ ਪੀੜਤ ਸੀ । ਜਿਸ ਕਾਰਨ ਉਸਦੀ ਨਜ਼ਰ ਵਧੀਕ ਪ੍ਰਭਾਵਿਤ ਹੋ ਰਹੀ ਸੀ। ਉਹਨਾਂ ਕਿਹਾ ਕਿ ਮੋਤੀਆ ਅਕਸਰ ਜਨਮ ਤੋਂ ਹੀ ਹੁੰਦਾ ਹੈ ਅਤੇ ਜੇਕਰ ਸਮੇਂ ਸਿਰ ਇਲਾਜ ਨਾ ਹੋਵੇ ਤਾਂ ਬੱਚੇ ਦੀ ਨਜ਼ਰ ਸਦਾ ਲਈ ਖਤਮ ਵੀ ਹੋ ਸਕਦੀ ਹੈ। ਇਸ ਅਪ੍ਰੇਸ਼ਨ ਤਹਿਤ ਅੱਖ ਵਿਚੋਂ ਧੁੰਦਲਾ ਲੈਂਸ ਕੱਢ ਕੇ ਅਧੁਨਿਕ ਤਰੀਕੇ ਨਾਲ ਉਸਦੀ ਥਾਂ ਨਵਾਂ ਲੈਂਸ ਲਾਇਆ ਗਿਆ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਬੱਚੇ ਦੀ ਨਜ਼ਰ ਸਹੀ ਨਹੀਂ ਆ ਰਹੀ ਜਾਂ ਅੱਖਾਂ ਵਿੱਚ ਕੁਝ ਗੜਬੜ ਨਜ਼ਰ ਆਵੇ ਤਾਂ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਜਾਂ ਅੱਖਾਂ ਦੇ ਮਾਹਿਰ ਨਾਲ ਸੰਪਰਕ ਕਰੋ।
ਉਹਨਾਂ ਕਿਹਾ ਕਿ ਆਰ.ਬੀ.ਐਸ ਕੇ ਦੇ ਤਹਿਤ ਬੱਚਿਆਂ ਦੀਆਂ ਕਈ ਬਿਮਾਰੀਆਂ ਦੇ ਮੁਫਤ ਇਲਾਜ ਕੀਤੇ ਜਾਂਦੇ ਹਨ । ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਬੱਚੇ ਨੂੰ ਕੋਈ ਵੀ ਪ੍ਰੇਸ਼ਾਨੀ ਨਜਰ ਆ ਰਹੀ ਹੈ ਤਾਂ ਉਸਨੂੰ ਨੇੜਲੇ ਸਰਕਾਰੀ ਹਸਪਤਾਲ ਵਿਖੇ ਜਰੂਰ ਚੈਕ ਕਰਵਾਉ । ਇਸ ਮੌਕੇ ਮਨਫੂਲ ਸਿੰਘ ਹਾਜਰ ਸਨ ।