ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਫਫੜੇ ਭਾਈ ਕੇ ਵਿਖੇ ਸਾਇੰਸ ਕੁਈਜ਼ ਮੁਕਾਬਲੇ ਕਰਵਾਏ
ਅਸ਼ੋਕ ਵਰਮਾ
ਮਾਨਸਾ, 5 ਦਸੰਬਰ 2025 :ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਰਮਜੀਤ ਸਿੰਘ ਭੋਗਲ ਦੇ ਦਿਸ਼ਾ ਨਿਰਦੇਸ਼ਾਂ 'ਰਾਸ਼ਟਰੀ ਆਵਿਸ਼ਕਾਰ ਅਭਿਆਨ' ਤਹਿਤ ਜ਼ਿਲ੍ਹਾ ਪੱਧਰੀ ਸਾਇੰਸ ਵਿਸ਼ੇ ਨਾਲ ਸੰਬੰਧਿਤ ਛੇਵੀਂ ਤੋਂ ਅੱਠਵੀਂ ਅਤੇ ਨੋਵੀਂ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਵਿੱਚ ਕੁਇਜ਼ ਮੁਕਾਬਲੇ ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਫਫੜੇ ਭਾਈ ਕੇ ਵਿਖੇ ਕਰਵਾਏ ਗਏ।
ਇਸ ਮੌਕੇ ਪ੍ਰਿੰਸੀਪਲ ਕੁਲਦੀਪ ਸਿੰਘ ਚਹਿਲ ਬਲਾਕ ਨੋਡਲ ਅਫ਼ਸਰ ਮਾਨਸਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਕੁਇਜ਼ ਮੁਕਾਬਲੇ ਦਾ ਮਕਸਦ ਵੀ ਇਹੀ ਹੈ ਕਿ ਬੱਚਿਆਂ ਵਿੱਚ ਤਰਕਸ਼ੀਲ ਸੋਚ ਵਧੇ, ਟੀਮ ਵਰਕ ਦਾ ਜਜ਼ਬਾ ਪੈਦਾ ਹੋਵੇ ਅਤੇ ਉਹ ਨਵੇਂ ਗਿਆਨ ਦੀ ਖੋਜ ਵੱਲ ਪ੍ਰੇਰਿਤ ਹੋਣ।
ਉਹਨਾਂ ਕਿਹਾ ਕਿ ਜਿੱਤਨਾ ਜਾਂ ਹਾਰਨਾ ਇਸ ਮੁਕਾਬਲੇ ਦੀ ਸਭ ਤੋਂ ਵੱਡੀ ਗੱਲ ਨਹੀਂ।ਅਸਲ ਜਿੱਤ ਉਹ ਹੈ ਜੋ ਸਾਡੇ ਗਿਆਨ ਵਿੱਚ ਵਾਧਾ ਕਰਦੀ ਹੈ।ਅੱਜ ਜੋ ਵੀ ਟੀਮਾਂ ਹਿੱਸਾ ਲੈ ਰਹੀਆਂ ਹਨ, ਉਹ ਸਭ ਆਪਣੇ-ਆਪ ਵਿੱਚ ਜੇਤੂ ਹਨ, ਕਿਉਂਕਿ ਤੁਸੀਂ ਸਾਇੰਸ ਨੂੰ ਸਮਝਣ ਅਤੇ ਸਿੱਖਣ ਦਾ ਜਜ਼ਬਾ ਰੱਖਦੇ ਹੋ।ਆਓ ਅਸੀਂ ਇਹ ਵਾਅਦਾ ਕਰੀਏ ਕਿ ਅਸੀਂ ਸਾਇੰਸ ਨੂੰ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ ਰਖਾਂਗੇ, ਬਲਕਿ ਇਸਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਲਾਗੂ ਕਰਕੇ ਸਮਾਜ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਵਾਂਗੇ।
ਇਹਨਾਂ ਮੁਕਾਬਲਿਆਂ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੰਢੂ ਕਲਾਂ ਨੇ ਪਹਿਲਾ, ਸਕੂਲ ਆਫ਼ ਐਮੀਨੈਸ ਮਾਨਸਾ ਨੇ ਦੂਜਾ, ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਨੇ ਤੀਜਾ,ਨੋਵੀਂ ਤੋਂ ਬਾਰਵੀਂ ਜਮਾਤ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਰਾਏਪੁਰ ਨੇ ਪਹਿਲਾ, ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਖਿਆਲਾ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਇੰਦਰਪਾਲ ਸਿੰਘ ਜ਼ਿਲ੍ਹਾ ਆਰ ਏ ਏ ਕੋਆਰਡੀਨੇਟਰ, ਸੋਨੀ ਸਿੰਗਲਾ ਬਲਾਕ ਰਿਸੋਰਸ ਕੋਆਰਡੀਨੇਟਰ,ਵਿਸ਼ਾਲ ਕੁਮਾਰ, ਤਰੁਣ ਜੀਤ, ਮਨਪ੍ਰੀਤ ਕੌਰ, ਰਾਜਿੰਦਰ ਕੁਮਾਰ, ਪੁਸ਼ਪਿੰਦਰ ਸਿੰਘ, ਸੁਮੀਤ ਗੁਪਤਾ, ਪਿਆਰਾ ਸਿੰਘ ਗੁਰਨੇ,ਸਿਫਾਲੀ ਮਿੱਤਲ, ਭੁਪਿੰਦਰ ਸਿੰਘ , ਨੀਰੂ ਬਾਲਾ, ਮੈਡਮ ਖੁਸ਼ਬੂ ਅਤੇ ਕੇਵਲ ਸਿੰਘ ਹਾਜ਼ਰ ਸਨ।