ਭਗਤ ਰਵਿਦਾਸ ਜੀ ਨੂੰ “ਗੁਰੂ ਜਾਂ ਸਤਿਗੁਰੂ” ਕਹਿਣਾ ਬਹੁਤ ਯੋਗ ਹੈ: ਅਯੋਗ ਨਹੀਂ। ਕਬੀਰ ਜੀ ਦੇ ਗੁਰੂ ਸੁਆਮੀ ਰਾਮਾਨੰਦ ਜੀ; ਪ੍ਰਹਿਲਾਦ ਜੀ ਦੇ ਗੁਰੂ ਨਾਰਦ ਜੀ; ਅਤੇ ਨਾਮਦੇਵ ਜੀ ਦੇ ਗੁਰੂ ਵਿਸੋਬਾ ਖੇਚਰ ਜੀ ਨੂੰ ਤੀਸਰੀ ਪਾਤਸ਼ਾਹੀ ਸਤਿਗੁਰੂ ਅਮਰਦਾਸ ਜੀ ਨੇ, ਸਿਰੀ ਰਾਗ ਵਿਚ "ਪੂਰਾ ਗੁਰੂ ਅਤੇ ਸਤਿਗੁਰੂ" ਲਿਖਿਆ ਹੈ-
"ਨਾਮਾ ਛੀਬਾ ਕਬੀਰੁ ਜੁਲਾਹਾ, ਪੂਰੇ ਗੁਰ ਤੇ ਗਤਿ ਪਾਈ॥
ਬ੍ਰਹਮ ਕੇ ਬੇਤੇ ਸਬਦੁ ਪਛਾਣਹਿ, ਹਉਮੈ ਜਾਤਿ ਗਵਾਈ॥
ਸੁਰਿ ਨਰ ਤਿਨ ਕੀ ਬਾਣੀ ਗਾਵਹਿ, ਕੋਇ ਨ ਮੇਟੈ ਭਾਈ॥
ਦੈਤ ਪੁਤੁ ਕਰਮ ਧਰਮ ਕਿਛੁ ਸੰਜਮ ਨ ਪੜੈ, ਦੂਜਾ ਭਾਉ ਨ ਜਾਣੈ॥
ਸਤਿਗੁਰ ਭੇਟਿਐ ਨਿਰਮਲੁ ਹੋਆ, ਅਨਦਿਨੁ ਨਾਮੁ ਵਖਾਣੈ”।। (ਪੰਨਾ 67)
ਇਸ ਤੋਂ ਸਪੱਸ਼ਟ ਹੈ: ਕਿਸੇ ਵੀ ਹਿਤ ਉਪਦੇਸ਼ਕ, ਭਗਤੀ ਕਰਨ ਅਤੇ ਕਰਵਾਉਣ ਵਾਲੇ ਮਹਾਂਪੁਰਸ਼ਾਂ ਨੂੰ “ਗੁਰੂ ਜਾਂ ਸਤਿਗੁਰੂ” ਕਹਿ ਦੇਣਾ: ਗੁਰਬਾਣੀ ਅਨੁਸਾਰ ਕੋਈ ਗਲਤ ਗੱਲ ਨਹੀਂ, ਇਹ ਯੋਗ ਹੈ। ਇਸ ਕਰਕੇ ਜੋ ਸੱਜਣ, ਭਗਤ ਰਵਿਦਾਸ ਜੀ ਨੂੰ ਆਪਣਾ “ਗੁਰੂ” ਮੰਨਦੇ ਹਨ, ਉਹਨਾਂ ਵਾਸਤੇ, ਉਹਨਾਂ ਨੂੰ “ਗੁਰੂ ਜਾਂ ਸਤਿਗੁਰੂ” ਕਹਿਣਾ,: ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਵੀ ਠੀਕ ਹੈ।
ਇਸੇ ਤਰ੍ਹਾਂ ਹੀ ਰਵਿਦਾਸੀਏ ਵੀਰਾਂ ਦੇ ਧਰਮ ਅਸਥਾਨਾਂ ਵਿੱਚ, ਗੁਰੂ ਰਵਿਦਾਸ ਜੀ ਦੀ ਬਾਣੀ ਦਾ ਪ੍ਰਕਾਸ਼ ਹੋਣਾ ਵੀ ਠੀਕ ਹੈ, ਗਲਤ ਨਹੀਂ। ਗੁਰੂ ਰਵਿਦਾਸ ਜੀ ਨੂੰ ਮੀਰਾਂ ਬਾਈ ਨੇ “ਗੁਰੂ” ਲਿਖਿਆ ਹੈ਼ "ਗੁਰੂ ਮਿਲਿਆ ਰਵਿਦਾਸ ਜੀ, ਦੀਨੀ ਗਿਆਨ ਕੀ ਗੁਟਕੀ। ਚੋਟ ਲਗੀ ਹਰੀ ਨਾਮ ਕੀ, ਮਾ੍ਰੇ ਹੀਅਰੇ ਖਟਕੀ"। ਕਾਂਸ਼ੀ ਦੇ ਰਾਜੇ ਨੇ ਵੀ ਰਵਿਦਾਸ ਜੀ ਦੀਆਂ ਕਰਾਮਾਤਾਂ ਵੇਖ ਕੇ, ਉਹਨਾਂ ਨੂੰ ਗੁਰੂ ਧਾਰਨ ਕੀਤਾ ਸੀ। ਜਿਸ ਬਾਰੇ ਮਾਤਾ ਗੰਗਾ ਨੂੰ ਕੰਗਣ ਭੇਟ ਕਰਨ ਵਾਲੀ ਬਹੁਤ ਪ੍ਰਸਿੱਧ ਕਥਾ ਹੈ, ਜੋ ਸਾਰੇ ਸਿੱਖ ਪ੍ਰਚਾਰਕ ਸੁਣਾਉਂਦੇ ਹਨ। ਇਸ ਕਰਕੇ, ਉਹਨਾਂ ਨੂੰ ਗੁਰੂ ਜਾਂ ਸਤਿਗੁਰੂ ਕਹਿਣਾ ਹਰ ਇੱਕ ਤਰ੍ਹਾਂ ਹੀ ਠੀਕ ਹੈ। ਜੋ ਸੱਜਣ ਭਗਤ ਰਵਿਦਾਸ ਜੀ ਨੂੰ “ਸਤਿਗੁਰੂ ਰਵਿਦਾਸ ਜੀ” ਕਹਿਣ ਉੱਪਰ ਆਪੱਤੀ ਕਰਦੇ ਹਨ, ਉਹ ਅਗਿਆਨੀ ਹਨ। ਉਹਨਾਂ ਨੂੰ ਅਪੱਤੀ ਨਹੀਂ ਕਰਨੀ ਚਾਹੀਦੀ।
ਕੁਛ ਅੰਮ੍ਰਿਤਧਾਰੀ ਸਿੱਖ ਭਰਾਵਾਂ ਨੂੰ ਇਹ ਭੁਲੇਖਾ ਲੱਗ ਗਿਆ ਹੈ ਕਿ “ਗੁਰੂ ਜਾਂ ਸਤਿਗੁਰੂ” ਸ਼ਬਦ ਕੇਵਲ ਸਿੱਖ ਗੁਰੂ ਸਾਹਿਬਾਨ ਵਾਸਤੇ ਹੀ ਅਸੀਂ ਸੁਰਕਸ਼ਿਤ ਕਰਵਾ ਲਿਆ ਹੈ, ਜਿਸ ਦਾ ਉਪਯੋਗ ਕੋਈ ਹੋਰ ਨਹੀਂ ਕਰ ਸਕਦਾ। ਉਹਨਾਂ ਨੂੰ ਇਹ ਭੁਲੇਖਾ ਕੱਢਣ ਦੀ ਲੋੜ ਹੈ। ਕਿਉਂ ਕਿ, ਭਾਰਤੀ ਸੰਸਕ੍ਰਿਤੀ ਵਿੱਚ “ਗੁਰੂ” ਸ਼ਬਦ ਆਦਿ ਕਾਲ ਤੋਂ ਉਪਯੋਗ ਹੁੰਦਾ ਰਿਹਾ ਹੈ। ਆਪਾਂ ਸਿੱਖਾਂ ਨੇ ਤਾਂ ਹਿੰਦੂਆਂ ਤੋਂ “ਗੁਰੂ” ਸ਼ਬਦ ਲਿਆ ਹੈ ਅਤੇ “ਗੁਰੂ-ਸਿੱਖ ਪਰੰਪਰਾ” ਵੀ ਅਸਾਂ ਹਿੰਦੂਆਂ ਤੋਂ ਲਈ ਹੈ।
2 | 8 | 6 | 2 | 5 | 2 | 8 | 2 |