ਉੱਘੀਆਂ ਸ਼ਖਸ਼ੀਅਤਾਂ ਦੀ ਹਾਜ਼ਰੀ 'ਚ ਧੀਆਂ ਨੇ ਦਿਖਾਈ ਚਿੱਤਰਕਾਰ ਸੁਖਦੇਵ ਸਿੰਘ ਦੀ ਚਿਤਾ ਨੂੰ ਅਗਨੀ
ਅਸ਼ੋਕ ਵਰਮਾ
ਬਠਿੰਡਾ, 04 ਨਵੰਬਰ 2026:ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਂਦਾਰਾ ਦੇ ਜੰਮਪਲ ਅਤੇ ਬਠਿੰਡਾ ਦੇ ਗੁਰੂ ਅਰਜਨ ਦੇਵ ਨਗਰ ਦੇ ਨਿਵਾਸੀ ਪ੍ਰਸਿੱਧ ਚਿੱਤਰਕਾਰ ਸਖਦੇਵ ਸਿੰਘ ਆਰਟਿਸਟ ਦਾ ਕਲਾ ਦੇ ਸਾਹਿਤ ਨਾਲ ਜੁੜੀਆਂ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਚਿਤਾ ਨੂੰ ਅਗਨੀ ਉਹਨਾਂ ਦੀਆਂ ਦੋ ਸਪੁੱਤਰੀਆਂ ਕੋਮਲਜੀਤ ਕੌਰ ਅਤੇ ਡਾ. ਮਨਦੀਪ ਕੌਰ ਨੇ ਦਿਖਾਈ ਨੇ ਦਿਖਾਈ। ਸਾਲ 1997 ਵਿੱਚ ਸਿੱਖਿਆ ਵਿਭਾਗ ਵਿੱਚੋਂ ਬਤੌਰ ਡਰਾਇੰਗ ਮਾਸਟਰ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਨੇ ਅੰਤਿਮ ਸਵਾਸਾਂ ਤੱਕ ਆਪਣਾ ਸਾਰਾ ਸਮਾਂ ਚਿੱਤਰਕਾਰੀ ਅਤੇ ਸਾਹਿਤਕਾਰੀ ਦੇ ਲੇਖੇ ਲਾਇਆ । ਕਲਾ ਦੀ ਯਥਾਰਥਵਾਦੀ ਸ਼ੈਲੀ ਦੇ ਇਸ ਚਿੱਤਰਕਾਰ ਦੀਆਂ ਕਲਾ ਕਿਰਤਾਂ ਦੇਸਾਂ ਵਿਦੇਸ਼ਾਂ ਦੀਆਂ ਪ੍ਰਸਿੱਧ ਆਰਟ ਗੈਲਰੀਆਂ ਵਿੱਚ ਸੁਸ਼ੋਭਿਤ ਹਨ।
ਉਹਨਾਂ ਨੇ ਆਪਣੀ ਕਲਾ ਰਾਹੀਂ ਪੇਂਡੂ ਸੱਭਿਆਚਾਰ ਅਤੇ ਮਨੁੱਖੀ ਮਨ ਦੀ ਅਸਲੀਅਤ ਨੂੰ ਬੜੀ ਖੂਬਸੂਰਤੀ ਨਾਲ ਚਿੱਤਰਿਆ। ਚਿੱਤਰਕਾਰੀ ਦੇ ਨਾਲ ਨਾਲ ਉਹ ਇੱਕ ਉੱਘੇ ਸਾਹਿਤਕਾਰ ਵੀ ਸਨ। ਮਨੁੱਖੀ ਮਨੋਵਿਗਿਆਨ ਬਾਰੇ ਉਹਨਾਂ ਦੀ ਵੱਡ ਆਕਾਰੀ ਪੁਸਤਕ 'ਅੰਦਰਲਾ ਮਨੁੱਖ' ਬੇਹੱਦ ਚਰਚਿਤ ਰਹੀ। ਹੁਣੇ ਹੁਣੇ ਉਹ ਆਪਣੀ ਸਵੈ ਜੀਵਨੀ ਨੂੰ ਅੰਤਿਮ ਛੋਹਾਂ ਦੇ ਕੇ ਹਟੇ ਸਨ ਜਿਸ ਨੇ ਅਜੇ ਛਾਪੇ ਚੜੵਨਾ ਹੈ। ਇਸ ਮੌਕੇ ਸਾਹਿਤ ਅਤੇ ਕਲਾ ਜਗਤ ਦੀਆਂ ਉੱਘੀਆਂ ਹਸਤੀਆਂ ਹਾਜ਼ਰ ਸਨ ਜਿਨਾਂ ਵਿੱਚ ਗੁਰਪ੍ਰੀਤ ਆਰਟਿਸਟ, ਹਰਦਰਸ਼ਨ ਸੋਹਲ, ਸ਼ਾਇਰ ਸੁਰਿੰਦਰਪ੍ਰੀਤ ਘਣੀਆਂ, ਫਿਲਮ ਨਿਰਮਾਤਾ ਰਣਵੀਰ ਸਿੰਘ ਚਹਿਲ, ਜਲੰਧਰ ਦੂਰਦਰਸ਼ਨ ਦੇ ਜਰਨਲਿਸਟ ਅਸ਼ਵਨੀ ਕੁਮਾਰ , ਡਾ. ਦਰਸ਼ਨ ਬਰਾੜ, ਕੌਂਸਲਰ ਹਰਪਾਲ ਸਿੰਘ ਹਾਲੀ, ਲੈਕਚਰਰ ਜੋਗਿੰਦਰ ਸਿੰਘ ਸੋਹਲ, ਇੰਜ. ਨਰਿੰਦਰ ਸਿੰਘ ਬੋਪਾਰਾਏ ਤੋਂ ਇਲਾਵਾ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਅਤੇ ਹੋਰ ਮਿੱਤਰ ਦੋਸਤ ਹਾਜ਼ਰ ਸਨ ।
- Download Babushahi App
-
-