2027 ਦੀਆਂ ਚੋਣਾਂ: ਭਦੌੜ ਤੋਂ ਮੁੜ ਮੈਦਾਨ ’ਚ ਲਾਭ ਸਿੰਘ ਉੱਗੋਕੇ, ਚੰਨੀ ਨੂੰ ਦਿੱਤੀ ਚੋਣ ਲੜਨ ਦੀ ਚੁਣੌਤੀ
Kamal Sandhu
ਬਰਨਾਲਾ, 1 ਨਵੰਬਰ 2026: ਆਮ ਆਦਮੀ ਪਾਰਟੀ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਦੌੜ ਹਲਕੇ ਤੋਂ ਮੁੜ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਚੋਣਾਂ ਲਈ ਆਪਣੀ ਤਿਆਰੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਸਰਵੇਖਣ ਦੇ ਆਧਾਰ ’ਤੇ ਉਨ੍ਹਾਂ ਨੂੰ ਦੁਬਾਰਾ ਮੌਕਾ ਦਿੱਤਾ ਹੈ ਅਤੇ ਉਹ ਇਸ ਭਰੋਸੇ ’ਤੇ ਖਰਾ ਉਤਰਨ ਲਈ ਕੰਮ ਕਰਨਗੇ।
ਉੱਗੋਕੇ ਨੇ ਮੁੱਖ ਮੰਤਰੀ ਭਗਵੰਤ ਮਾਨ, ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਹਲਕੇ ਦੇ ਆਗੂਆਂ, ਵਰਕਰਾਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਚੋਣਾਂ ਵਿੱਚ ਪਾਰਟੀ ਭਦੌੜ ਤੋਂ ਚੋਣ ਲੜੇਗੀ ਅਤੇ ਉਹ ਆਪਣੀ ਜਿੱਤ ਲਈ ਪੂਰੀ ਕੋਸ਼ਿਸ਼ ਕਰਨਗੇ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ 'ਆਪ' ਦੇ 45 ਵਿਧਾਇਕਾਂ ਵੱਲੋਂ ਪਾਰਟੀ ਛੱਡਣ ਦੀ ਤਿਆਰੀ ਸਬੰਧੀ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਉੱਗੋਕੇ ਨੇ ਕਿਹਾ ਕਿ ਜੇਕਰ ਚੰਨੀ ਨੂੰ ਭਦੌੜ ਵਿੱਚ 'ਆਪ' ਦੀ ਸਿਆਸੀ ਸਥਿਤੀ ਬਾਰੇ ਇੰਨਾ ਭਰੋਸਾ ਹੈ ਤਾਂ ਉਹ ਖੁਦ ਮੁੜ ਇਸ ਹਲਕੇ ਤੋਂ ਚੋਣ ਲੜ ਕੇ ਦੇਖਣ।
ਪਾਰਟੀ ਛੱਡਣ ਵਾਲੇ ਵਿਧਾਇਕਾਂ ਜੋੜਾ ਮਾਜਰਾ ਅਤੇ ਪਠਾਣਮਾਜਰਾ ਦੇ ਫ਼ੈਸਲਿਆਂ ਬਾਰੇ ਉਨ੍ਹਾਂ ਕਿਹਾ ਕਿ ਅਜਿਹਾ ਕਦਮ ਚੁੱਕਣ ਦੀ ਬਜਾਏ ਸਬਰ ਅਤੇ ਪਾਰਟੀ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਆਮ ਵਰਕਰਾਂ ਨੂੰ ਪਾਰਟੀ ਨੇ ਹੀ ਪਛਾਣ ਦੇ ਕੇ ਵਿਧਾਨ ਸਭਾ ਤੱਕ ਪਹੁੰਚਾਇਆ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਟੀਮ ਦੀ ਸਫਲਤਾ ਪਿੱਛੇ ਸਾਰੇ ਮੈਂਬਰਾਂ ਦੀ ਮਿਹਨਤ ਹੁੰਦੀ ਹੈ। ਇਸੇ ਤਰ੍ਹਾਂ ਪਾਰਟੀ ਵਿੱਚ ਵੀ ਹਰ ਆਗੂ ਅਤੇ ਵਰਕਰ ਦੀ ਅਹਿਮ ਭੂਮਿਕਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਮੁੜ ਸਰਕਾਰ ਬਣਾਉਣ ਦਾ ਭਰੋਸਾ ਵੀ ਪ੍ਰਗਟਾਇਆ।
- Download Babushahi App
-
-