ਨਵਾਂਸ਼ਹਿਰ ਰਿਹਾ ਮੁਕੰਮਲ ਬੰਦ ਜਥੇਬੰਦੀਆਂ ਨੇ ਸ਼ਹਿਰ ਵਿਚ ਕੱਢਿਆ ਮਾਰਚ
ਪ੍ਰਮੋਦ ਭਾਰਤੀ
ਨਵਾਂਸ਼ਹਿਰ 15 ਅਕਤੂਬਰ, 2026
ਮਾਨਸਾ ਵਿਖੇ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਉਣ ਵਾਲੇ ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿਚ ਐਕਸ਼ਨ ਕਮੇਟੀ ਦੇ ਦਿੱਤੇ ਪੰਜਾਬ ਬੰਦ ਦੇ ਸੱਦੇ ਤੇ ਅੱਜ ਸੀ ਪੀ ਆਈ (ਐਮ ਐਲ) ਨਿਊ ਡੈਮੋਕ੍ਰੇਸੀ, ਸੀ ਪੀ ਆਈ, ਆਰ ਐਮ ਪੀ ਆਈ , ਇਫਟੂ ਦੇ ਸੱਦੇ ਉੱਤੇ ਨਵਾਂਸ਼ਹਿਰ ਮੁਕੰਮਲ ਤੌਰ ਤੇ ਬੰਦ ਰਿਹਾ।ਇੱਥੇ ਵਰਨਣ ਯੋਗ ਹੈ ਕਿ ਵਪਾਰ ਮੰਡਲ ਨੇ ਜਥੇਬੰਦੀਆਂ ਦੀ ਅਪੀਲ ਉੱਤੇ ਪਹਿਲਾਂ ਹੀ ਮੀਟਿੰਗ ਕਰਕੇ ਦੁਕਾਨਾਂ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਸੀ।ਅੱਜ ਸਵੇਰੇ ਉਕਤ ਪਾਰਟੀਆਂ ਅਤੇ ਜਥੇਬੰਦੀਆਂ ਦੇ ਵਰਕਰ ਅਤੇ ਆਗੂ ਸਥਾਨਕ ਆਟੋ ਸਟੈਂਡ ਉੱਤੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਜਿਹਨਾਂ ਨੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਮਾਰਚ ਕੱਢਿਆ। ਇਸ ਮੌਕੇ ਕੁਲਵਿੰਦਰ ਸਿੰਘ ਵੜੈਚ,ਜਸਬੀਰ ਦੀਪ,ਕਾਮਰੇਡ ਨਿਰੰਜਨ ਦਾਸ ਮੇਹਲੀ,ਜਸਵਿੰਦਰ ਸਿੰਘ ਭੰਗਲ, ਕੁਲਦੀਪ ਸਿੰਘ। ਦੋੜਕਾ,ਜਸਵੀਰ ਸਿੰਘ ਮੋਰੋਂ,ਆਟੋ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਕੁਮਾਰ ਬਛੌੜੀ, ਪਰਵਾਸੀ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਵੀਨ ਕੁਮਾਰ ਨਿਰਾਲਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ,ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਕਮਲਜੀਤ ਸਣਾਵਾ,ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਆਗੂਆਂ ਕੁਲਵਿੰਦਰ ਸਿੰਘ ਅਟਵਾਲ, ਵਿਜੈ ਕੁਮਾਰ,ਰੇਹੜੀ ਵਰਕਰ ਯੂਨੀਅਨ ਦੇ ਪ੍ਰਧਾਨ ਹਰੇ ਰਾਮ ਨੇ ਸੰਬੋਧਨ ਕੀਤਾ।ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਫਲਾਪ ਸ਼ੋਅ ਸਾਬਿਤ ਹੋਇਆ ਹੈ।ਰੋਜ਼ਾਨਾ ਓਵਰਡੋਜ਼ ਨਾਲ ਨੌਜਵਾਨ ਮਰ ਰਹੇ ਹਨ ਜਿਹਨਾਂ ਦੇ ਸਸਕਾਰ ਪੁਲਸ ਬਿਨਾਂ ਪੋਸਟਮਾਰਟਮ ਕਰਵਾਉਣ ਤੋਂ ਧੱਕੇ ਨਾਲ ਕਰਵਾ ਰਹੀ ਹੈ।ਆਗੂਆਂ ਨੇ ਕਿਹਾ ਕਿ ਪੂਰੇ ਪੰਜਾਬ ਅੰਦਰ ਸਿਆਸਤਦਾਨਾਂ - ਪੁਲਸ ਅਤੇ ਤਸਕਰਾਂ ਦਾ ਗੱਠਜੋੜ ਮਿਲਕੇ ਨਸ਼ੇ ਦਾ ਵਪਾਰ ਕਰ ਰਿਹਾ ਹੈ ਅਤੇ ਮੋਟੀ ਕਮਾਈ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪਰਮਿੰਦਰ ਸਿੰਘ ਝੋਟੇ ਦਾ ਕਤਲ ਕਰਕੇ ਤਸਕਰਾਂ ਨੇ ਨਸ਼ਾ ਤਸਕਰੀ ਵਿਰੁੱਧ ਉੱਠਦੀਆਂ ਆਵਾਜ਼ਾਂ ਨੂੰ ਖਾਮੋਸ਼ ਕਰਨ ਦਾ ਯਤਨ ਕੀਤਾ ਹੈ ਪਰ ਇਹ ਆਵਾਜ਼ ਖਾਮੋਸ਼ ਨਹੀਂ ਹੋਵੇਗੀ।ਉਹਨਾਂ ਕਿਹਾ ਕਿ ਨਸ਼ਿਆਂ ਦੇ ਇਸ ਤਾਣੇ ਬਾਣੇ ਨੂੰ ਤੋੜਨ ਦੇ ਲਈ ਲੋਕਾਂ ਨੂੰ ਲੋਕ ਲਹਿਰ ਉਸਾਰਨੀ ਪਾਵੇਗੀ। ਉਹਨਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਉਹ ਇਸਦੇ ਲਈ ਅੱਗੇ ਆਉਣ।
- Download Babushahi App
-
-