Crime Special ਮਾਨਸਾ ’ਚ ਖੂਨੀ ਵਾਰਦਾਤ : ਪਰਵਿੰਦਰ ਝੋਟਾ ਚੜ੍ਹਿਆ ਨਸ਼ਿਆਂ ਖਿਲਾਫ ਜਨੂੰਨ ਦੀ ਬਲੀ
ਅਸ਼ੋਕ ਵਰਮਾ
ਬਠਿੰਡਾ , 13 ਅਕਤੂਬਰ 2026 : ਮੰਗਲਵਾਰ ਨੂੰ ਮਾਨਸਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਐਂਟੀ ਡਰੱਗ ਟਾਸਕ ਫੋਰਸ ਦਾ ਸੰਚਾਲਕ ਪਰਵਿੰਦਰ ਸਿੰਘ ਝੋਟਾ ਅਸਲ ’ਚ ਆਪਣੇ ਨਸ਼ਿਆਂ ਖਿਲਾਫ ਅੱਥਰੇ ਜਨੂੰਨ ਦੀ ਬਲੀ ਚੜ੍ਹਿਆ ਹੈ। ਘਟਨਾ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਫੇਸਬੁੱਕ ਪੇਜ ’ਤੇ 5 ਮਿੰਟ 48 ਸਕਿੰਟ ਦੀ ਲਾਈਵ ਵੀਡੀਓ ਬਣਾਈ ਗਈ ਹੈ। ਵੀਡੀਓ ’ਚ ਉਹ ਮੈਡੀਕਲ ਸਟੋਰ ਦੇ ਅੰਦਰ ਦੁਕਾਨ ਮਾਲਕ ਅਸ਼ਵਨੀ ਨਾਲ ਨਸ਼ਾ ਵੇਚਣ ਦੇ ਦੋਸ਼ਾਂ ਨੂੰ ਲੈਕੇ ਬਹਿਸ ਕਰਦਾ ਅਤੇ ਦੁਕਾਨ ਮਾਲਕ ਕੋਲ ਪਿਸਤੌਲ ਹੋਣ ਦੇ ਬਾਵਜੂਦ ਉਸ ਨੂੰ ਲਲਕਾਰਦਾ ਦਿਖਾਈ ਦਿੰਦਾ ਹੈ। ਇਸ ਮੌਕੇ ਪੂਰੀ ਨਿਡਰਤਾ ਨਾਲ ਝੋਟਾ ਪੁਲੀਸ ਨੂੰ ਫੋਨ ਕਰਨ ਬਾਰੇ ਕਹਿ ਰਿਹਾ ਹੈ । ਝੋਟਾ ਮੈਡੀਕਲ ਸਟੋਰ ਮਾਲਕ ਕੋਲ ਅਸਲਾ ਹੋਣ ਦੇ ਬਾਵਜੂਦ ਨਾਂ ਉਹ ਡਰਿਆ, ਨਾਂ ਲਿਫਿਆ ਤੇ ਨਾਂਹੀ ਝਿਪਿਆ ਬਲਕਿ ਉਸ ਨੇ ਆਪਣੇ ਆਖਰੀ ਸਾਹਾਂ ਤੱਕ ਆਪਣੀ ਨਸ਼ਿਆਂ ਖਿਲਾਫ ਵਚਨਬੱਧਤਾ ’ਤੇ ਪਹਿਰਾ ਦਿੱਤਾ।
ਮੂਲ ਰੂਪ ਵਿੱਚ ਮਾਨਸਾ ਦਾ ਰਹਿਣ ਵਾਲਾ ਪਰਵਿੰਦਰ ਸਿੰਘ ਝੋਟਾ ਪਹਿਲਾਂ ਫ਼ਰੀ ਸਟਾਈਲ ਕਬੱਡੀ ਦਾ ਖਿਡਾਰੀ ਵੀ ਰਿਹਾ ਹੈ। ਉਹ ਕੁਝ ਸਾਲ ਪਹਿਲਾਂ ਆਪਣੀ ‘ਐਂਟੀ ਡਰੱਗ ਟਾਸਕ ਫੋਰਸ’ ਬਣਾ ਕੇ ਉਸ ਸਮੇਂ ਚਰਚਾ ਵਿੱਚ ਆਇਆ ਸੀ ਜਦੋਂ ਉਸ ਨੇ ਕਥਿਤ ਤੌਰ ’ਤੇ ਨਸ਼ਾ ਵੇਚਣ ਵਾਲਿਆਂ ਨੂੰ ਖ਼ੁਦ ਫੜ ਕੇ ਪੁਲੀਸ ਹਵਾਲੇ ਕਰਨਾ ਸ਼ੁਰੂ ਕੀਤਾ ਸੀ। ਹਾਲਾਂਕਿ ਇਸ ਦੌਰਾਨ ਝੋਟਾ ਨਾਲ ਕਈ ਵਿਵਾਦ ਜੁੜਦੇ ਰਹੇ ਅਤੇ ਉਸ ਨੂੰ ਪੁਲਿਸ ਕੇਸਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਉਸ ਨੇ ਕਦੀ ਪੈਰ ਪਿੱਛੇ ਨਹੀਂ ਹਟਾਏ। ਮੀਡੀਆ ਰਿਪੋਰਟਾਂ ਅਨੁਸਾਰ 12 ਜੁਲਾਈ 2023 ਨੂੰ ਪਰਵਿੰਦਰ ਝੋਟਾ ਆਪਣੇ ਸਮਰਥਕਾਂ ਸਮੇਤ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਵਿੱਚ ਦਾਖ਼ਲ ਹੋਇਆ ਅਤੇ ਦੁਕਾਨ ਨੂੰ ਜ਼ਬਰਦਸਤੀ ਜਿੰਦਰਾ ਲਾ ਦਿੱਤਾ ਸੀ। ਇਸ ਤੋਂ ਬਾਅਦ ਉਹ ਦੁਕਾਨ ਮਾਲਕ ਅਸ਼ਵਨੀ ਕੁਮਾਰ ਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾ ਕੇ ਉਸ ਨੂੰ ਮੁੱਖ ਬਾਜ਼ਾਰ ਰਾਹੀਂ ਥਾਣੇ ਲੈ ਗਿਆ ਸੀ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਸੀ। ਅੱਜ ਝੋਟਾ ਦੇ ਕਤਲ ਤੋਂ ਬਾਅਦ ਇਹ ਚਰਚਾ ਛਿੜੀ ਕਿ ਸ਼ਾਇਦ ਗਲ ’ਚ ਜੁੱਤੀਆਂ ਦਾ ਹਾਰ ਪਾਉਣ ਦੀ ਰੰਜਿਸ਼ ’ਚ ਹੀ ਉਸ ਨੂੰ ਮਾਰਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਪੁਲੀਸ ਨੇ ਝੋਟਾ ਅਤੇ ਉਸ ਦੇ ਸਾਥੀਆਂ ਖਿਲਾਫ ਮਾਮਲਾ ਦਰਜ ਕਰਨ ਪਿੱਛੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ। ਪੁਲਿਸ ਨੇ ਝੋਟਾ ’ਤੇ ਕੁੱਟ ਮਾਰ , ਜਬਰੀ ਦਾਖਲ ਹੋਣ ਅਤੇ ਦੰਗਾ ਕਰਨ ਦੇ ਦੋਸ਼ ਲਾਏ ਸਨ। ਇਸ ਦੌਰਾਨ ਇੱਕ ਪੁਰਾਣੇ ਮਾਮਲੇ ’ਚ ਵੀ ਅਜਿਹੇ ਹੀ ਦੋਸ਼ਾਂ ਦੀ ਗੱਲ ਉੱਠੀ ਸੀ। ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਵਾਪਿਸ ਲੈਣ ਤੋਂ ਬਾਅਦ ਸਤੰਬਰ 2023 ’ਚ ਝੋਟਾ ਜੇਲ੍ਹ ਤੋਂ ਬਾਹਰ ਆਇਆ ਸੀ। ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਨੇ ਵੀ ਇਹੋ ਕਿਹਾ ਕਿ ਜੁਤੀਆਂ ਦੀ ਹਾਰ ਪਾਉਣ ਦੀ ਘਟਨਾ ਕਾਰਨ ਬਣੀ ਰੰਜਿਸ਼ ਕਰਕੇ ਹੀ ਕਤਲ ਕੀਤਾ ਗਿਆ ਹੈ।
ਨਜ਼ਦੀਕ ਤੋਂ ਮਾਰੀਆਂ ਗੋਲੀਆਂ
ਪਰਵਿੰਦਰ ਸਿੰਘ ਝੋਟਾ ਨੂੰ ਅੱਜ ਗੋਲੀਆਂ ਐਨੀਆਂ ਨੇੜਿਓਂ ਮਾਰੀਆਂ ਕਿ ਉਹ ਸਰੀਰ ਨੂੰ ਆਰ-ਪਾਰ ਕਰ ਗਈਆਂ। ਇਸ ਵਾਰਦਾਤ ਵਿੱਚ ਚਾਰ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ ਹਨ। ਝੋਟਾ ਅੱਜ ਸਵੇਰੇ ਮੈਡੀਕਲ ਸਟੋਰ ’ਤੇ ਪੁੱਜਿਆ ਸੀ ਜਿੱਥੇ ਉਸ ਨੇ ਦੁਕਾਨਦਾਰ ਅਸ਼ਵਨੀ ਕੁਮਾਰ ਤੋਂ ਪੁੱਛਿਆ ਕਿ ਸਵੇਰੇ ਇੱਥੋਂ ਨਸ਼ਾ ਕਿਸ ਨੇ ਖਰੀਦਿਆ ਸੀ ਅਤੇ ਕਿਸ ਨੂੰ ਵੇਚਿਆ ਗਿਆ । ਇਸ ਮੌਕੇ ਦੋਵਾਂ ਵਿਚਕਾਰ ਤਕਰਾਰ ਹੋ ਗਈ ਜਿਸ ਤੋਂ ਬਾਅਦ ਦੁਕਾਨਦਾਰ ਨੇ ਝੋਟਾ ਨੂੰ ‘ਤੂੰ ਗੰਦ ਪਾਉਂਦਾ ਹੈਂ’ ਕਹਿਕੇ ਗੋਲੀ ਮਾਰ ਦਿੱਤੀ। ਕਤਲ ਮਗਰੋਂ ਫਰਾਰ ਹੋਇਆ ਅਸ਼ਵਨੀ ਕੁਮਾਰ ਇੱਕ ਹੋਰ ਵੀਡੀਓ ਵਿੱਚ ਹੱਥ ਵਿੱਚ ਪਿਸਤੌਲ ਲੈਕੇ ਬਾਜ਼ਾਰ ਵਿੱਚ ਜਾਂਦਾ ਅਤੇ ਫ਼ਾਇਰ ਕਰਦਾ ਨਜ਼ਰ ਆ ਰਿਹਾ ਹੈ।
ਪ੍ਰੀਵਾਰ ਵੱਲੋਂ ਸਸਕਾਰ ਤੋਂ ਨਾਂਹ
ਇਸ ਦੌਰਾਨ ਪ੍ਰੀਵਾਰ ਨੇ ਝੋਟਾ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰੀਵਾਰ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਗ਼ਿਫਤਾਰੀ ਤੋਂ ਬਿਨਾਂ ਅੰਤਿਮ ਸਸਕਾਰ ਬਾਰੇ ਸੋਚਿਆ ਵੀ ਨਹੀਂ ਜਾਏਗਾ। ਮ੍ਰਿਤਕ ਦੀ ਮਾਤਾ ਨੇ ਕਿਹਾ ਕਿ ਉਸ ਦੇ ਪੁੱਤ ਦੀ ਜਾਨ ਨੂੰ ਖਤਰਾ ਸੀ ਪਰ ਪੁਲਿਸ ਨੇ ਕੋਈ ਧਿਆਨ ਨਹੀਂ ਦਿੱਤਾ ਹੈ
ਮਾਨਸਾ ਬੰਦ ਅਤੇ ਸੜਕ ਜਾਮ
ਝੋਟਾ ਦੇ ਕਤਲ ਤੋਂ ਬਾਅਦ ਕਿਸਾਨਾਂ ਸਮੇਤ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਵਿੱਚ ਮਾਰਚ ਕੱਢਿਆ, ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਕਤਲ ਦੇ ਵਿਰੋਧ ਵਿੱਚ ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ। ਇਸ ਵਿਰੋਧ ਪ੍ਰਦਰਸ਼ਨ ਨੇ ਵਿਦਿਅਕ ਅਦਾਰਿਆਂ ਨੂੰ ਵੀ ਪ੍ਰਭਾਵਿਤ ਕੀਤਾ, ਜਿਸ ਵਿੱਚ ਕੁਝ ਪ੍ਰਾਈਵੇਟ ਸਕੂਲਾਂ ਨੇ ਵਿਦਿਆਰਥੀਆਂ ਨੂੰ ਘਰ ਵਾਪਸ ਭੇਜ ਦਿੱਤਾ। ਕਤਲ ਕਾਰਨ ਮਾਨਸਾ ਅੱਜ ਪੁਲਿਸ ਛਾਉਣੀ ਬਣਿਆ ਰਿਹਾ।
ਇੱਕ ਗ੍ਰਿਫਤਾਰ : ਡੀਆਈਜੀ ਬਠਿੰਡਾ
ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ ਦਾ ਕਹਿਣਾ ਸੀ ਕਿ
ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਕਤਲ ਤੋਂ ਬਾਅਦ ਮੁੱਖ ਮੁਲਜ਼ਮ ਅਸ਼ਵਨੀ ਨੂੰ ਫਰਾਰ ਹੋਣ ਵਿੱਚ ਮਦਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਅਸ਼ਵਨੀ ਦੇ ਪ੍ਰੀਵਾਰ ਨੂੰ ਹਿਰਾਸਤ ’ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿਇਹ ਕਤਲ ਪੁਰਾਣੀ ਨਿੱਜੀ ਦੁਸ਼ਮਣੀ ਦਾ ਨਤੀਜਾ ਸੀ। ਡੀ.ਆਈ.ਜੀ. ਨੇ ਅੱਗੇ ਦੱਸਿਆ ਕਿ ਮੁਢਲੇ ਤੌਰ ’ਤੇ ਅਜਿਹਾ ਲੱਗਦਾ ਹੈ ਕਿ ਕਤਲ ਵਿੱਚ ਲਾਇਸੰਸੀ ਹਥਿਆਰ ਦੀ ਵਰਤੋਂ ਕੀਤੀ ਗਈ ਸੀ।
- Download Babushahi App
-
-